ਔਰਤਾਂ ਦੀ ਜੇਲ ਬਠਿੰਡਾ ਨੂੰ ਖ਼ਤਰਨਾਕ ਗੈਂਗਸਟਰਾਂ ਲਈ ਉੱਚ ਸੁਰੱਖਿਆ ਵਾਲੀ ਜੇਲ ਚ ਤਬਦੀਲ ਕਰਨ ਦੀ ਯੋਜਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੂਲ ਰੂਪ ਵਿਚ ਔਰਤਾਂ ਲਈ ਬਣੀ ਬਠਿੰਡਾ ਜੇਲ ਨੂੰ ਉੱਚ ਸੁਰੱਖਿਆ ...

Captain Amarinder Singh

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੂਲ ਰੂਪ ਵਿਚ ਔਰਤਾਂ ਲਈ ਬਣੀ ਬਠਿੰਡਾ ਜੇਲ ਨੂੰ ਉੱਚ ਸੁਰੱਖਿਆ ਵਾਲੀ ਜੇਲ ਵਿਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਵਿਚ ਕੁੱਝ ਸੱਭ ਤੋਂ ਖ਼ਤਰਨਾਕ ਅਪਰਾਧੀਆਂ, ਗੈਂਗਸਟਰਾਂ ਅਤੇ ਅਤਿਵਾਦੀਆਂ ਨੂੰ ਰੱਖਿਆ ਜਾਵੇਗਾ ਜੋ ਇਸ ਵੇਲੇ ਉੱਚ ਸੁਰੱਖਿਆ ਵਾਲੀਆਂ ਨਾਭਾ ਅਤੇ ਹੋਰ ਜੇਲਾਂ ਵਿਚ ਰੱਖੇ ਹੋਏ ਹਨ। 

ਸੂਬਾ ਸਰਕਾਰ ਨੇ ਸੂਬੇ ਭਰ ਵਿਚ ਹੋਰ ਜੇਲਾਂ ਵਿਚ ਬੰਦ ਖ਼ਤਰਨਾਕ ਅਪਰਾਧੀਆਂ, ਗੈਂਗਸਟਰਾਂ ਅਤੇ ਅੱਤਵਾਦੀਆਂ ਲਈ ਹੋਰ ਉੱਚ ਸੁਰੱਖਿਆ ਵਾਲੇ ਜ਼ੋਨ ਪੈਦਾ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਇਨ੍ਹਾਂ ਨੂੰ ਹੋਰ ਅਪਰਾਧੀਆਂ ਨਾਲੋਂ ਵਖਰਾ ਕੀਤਾ ਜਾ ਸਕੇ ਅਤੇ ਜੇਲ ਵਿਚ ਗਰੋਹਾਂ ਦੀ ਲੜਾਈ ਦੀ ਚੁਨੌਤੀ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਜੇਲ ਸੁਰੱਖਿਆ ਅਤੇ ਜੇਲ ਸੁਧਾਰਾਂ ਦਾ ਜਾਇਜਾ ਲੈਣ ਲਈ ਇਕ ਉਚ ਪਧਰੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਜੇਲ ਵਿਭਾਗ ਦੀਆਂ ਇਨ੍ਹਾਂ ਤਜਵੀਜ਼ਾਂ ਨੂੰ ਪ੍ਰਵਾਨਗੀ ਦਿਤੀ।

ਇਸ ਸਮੇਂ ਪੰਜਾਬ ਦੀਆਂ ਜੇਲ੍ਹਾਂ ਵਿਚ 240 ਤੋਂ ਵੱਧ ਖ਼ਤਰਨਾਕ ਗੈਂਗਸਟਰ ਵਿਚ ਬੰਦ ਹਨ ਅਤੇ ਇਨ੍ਹਾਂ ਨੂੰ 10 ਉੱਚ ਸੁਰੱਖਿਆ ਜ਼ੋਨ/ਜੇਲ੍ਹਾਂ 'ਚ ਸਖਤ ਨਿਯੰਤਰਣ ਅਤੇ ਨਿਗਰਾਨੀ ਵਿਚ ਰੱਖਣ ਲਈ ਸਥਾਪਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਅੱਠ ਕੇਂਦਰੀ ਜੇਲਾਂਂ, ਸੁਰੱਖਿਆ ਜੇਲ ਨਾਭਾ ਅਤੇ ਜ਼ਿਲ੍ਹਾ ਜੇਲ ਸੰਗਰੂਰ ਵੀ ਹਨ। 

ਮੀਟਿੰਗ ਵਿਚ ਦਸਿਆ ਗਿਆ ਕਿ ਇਨ੍ਹਾਂ ਜੇਲਾਂ ਦੇ ਅੰਦਰ ਵੱਖ ਵੱਖ ਖੇਤਰਾਂ ਲਈ ਵਿਸ਼ੇਸ਼ ਤੌਰ 'ਤੇ ਥਾਵਾਂ ਨੂੰ ਰੂਪ ਦਿਤਾ ਗਿਆ ਹੈ ਜਿਨ੍ਹਾਂ ਦੇ ਹੇਠ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਵਧਾਇਆ ਗਿਆ ਹੈ। ਜੇਲ ਵਿਚ ਬੰਦ ਗੈਂਗਸਟਰਾਂ ਅਤੇ ਹੋਰ ਬਦਨਾਮ ਅਪਰਾਧੀਆਂ 'ਤੇ ਪ੍ਰਭਾਵੀ ਤਰੀਕੇ ਨਾਲ ਨਿਗਰਾਨੀ ਰੱਖਣ ਲਈ ਇਨ੍ਹਾਂ ਨੂੰ ਰੂਪ ਦਿਤਾ ਗਿਆ ਹੈ। ਜੇਲਾਂ ਵਿਚ ਖ਼ਤਰਨਾਕ ਗੈਂਗਸਟਰਾਂ ਅਤੇ ਅਪਰਾਧੀਆਂ ਵੱਧ ਰਹੀਆਂ ਚੁਨੌਤੀਆਂ ਦੇ ਮੱਦੇਨਜ਼ਰ ਜੇਲ ਵਿਭਾਗ ਨੇ ਨਵੇਂ ਉੱਚ ਸੁਰੱਖਿਆ ਜ਼ੋਨ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ।

ਖਤਰਨਾਕ ਅਪਰਾਧੀਆਂ ਲਈ ਬਠਿੰਡਾ ਜੇਲ ਨੂੰ ਉੱਚ ਸੁਰੱਖਿਆ ਵਾਲੀ ਜੇਲ ਵਿਚ ਤਬਦੀਲ ਕਰਨ ਦੀ ਤਜਵੀਜ਼ ਹੈ ਜਿਥੇ ਉੱਚ ਸੁਰੱਖਿਆ ਵਾਲੀ ਨਾਭਾ ਜੇਲ ਤੋਂ ਕੈਦੀਆਂ ਨੂੰ ਤਬਦੀਲ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਦੀ 250 ਕੈਦੀ ਰੱਖਣ ਦੀ ਸਮਰੱਥਾ ਹੋਵੇਗੀ। ਇਸ ਵਾਸਤੇ 5 ਕਰੋੜ ਰੁਪਏ ਦੀ ਲਾਗਤ ਨਾਲ ਮਾਮੂਲੀ ਸੋਧਾਂ ਕਰਨ ਦੀ ਜ਼ਰੂਰਤ ਹੈ। ਬਠਿੰਡਾ ਜੇਲ ਦੁਆਲੇ ਪਹਿਲਾਂ ਹੀ ਕਰੰਟ ਵਾਲੀ ਤਾਰ ਨਾਲ ਵਾੜ ਕੀਤੀ ਹੋਈ ਹੈ।