ਨਗਰ ਕੌਂਸਲ ਮੀਟਿੰਗ 'ਚ ਕੌਂਸਲਰ ਖਹਿਬੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਗਰ ਕੌਂਸਲ ਖਰੜ ਦੀ ਮੀਟਿੰਗ ਹੋਈ ਜਿਸ ਵਿਚ ਸ਼ਹਿਰ ਦੇ ਡੰਪਿੰਗ ਗਰਾਊਂਡ, ਬਰਸਾਤੀ ਚੋਈ, ਬੱਸ ਅੱਡਾ, ਕੌਂਸਲ ਦੇ ਦਫ਼ਤਰ, ਦੋ ਕੌਂਸਲਰਾਂ........

Counselor and Council President Anju Chandra argued at a resolution

ਖਰੜ  : ਨਗਰ ਕੌਂਸਲ ਖਰੜ ਦੀ ਮੀਟਿੰਗ ਹੋਈ ਜਿਸ ਵਿਚ ਸ਼ਹਿਰ ਦੇ ਡੰਪਿੰਗ ਗਰਾਊਂਡ, ਬਰਸਾਤੀ ਚੋਈ, ਬੱਸ ਅੱਡਾ, ਕੌਂਸਲ ਦੇ ਦਫ਼ਤਰ, ਦੋ ਕੌਂਸਲਰਾਂ ਦਰਮਿਆਨ ਵਰਤੀ ਗਈ ਮੰਦੀ ਸ਼ਬਦਾਵਲੀ ਨੂੰ ਲੈ ਕੇ ਕੌਂਸਲਰਾਂ ਅਤੇ ਪ੍ਰਧਾਨ ਵਿਚ ਕਾਫ਼ੀ ਬਹਿਸਬਾਜ਼ੀ ਹੋਈ। ਮੀਟਿੰਗ ਦੀ ਪ੍ਰਧਾਨਗੀ ਕੌਂਸਲ ਪ੍ਰਧਾਨ ਅੰਜੂ ਚੰਦਰ ਨੇ ਕੀਤੀ ਜਿਸ ਵਿਚ ਕੁੱਝ ਮਤਿਆਂ ਨੂੰ ਛੱਡ ਕੇ ਬਾਕੀ ਸਾਰੇ ਸਰਬਸੰਮਤੀ ਨਾਲ ਪਾਸ ਕਰ ਦਿਤੇ ਗਏ। ਮੀਟਿੰਗ ਦੀ ਸ਼ੁਰੂਆਤ ਵਿੱਚ ਕੌਂਸਲਰ ਮਾਨ ਸਿੰਘ ਨੇ ਪਿਛਲੀ ਮੀਟਿੰਗ ਵਿਚ ਇਕ ਮਹਿਲਾ ਕੌਂਸਲਰ ਵਲੋਂ ਉਸ ਵਿਰੁਧ ਮੰਦੀ ਸ਼ਬਦਾਵਲੀ ਬੋਲਣ ਦਾ ਇਤਰਾਜ਼ ਉਠਾਇਆ ਤੇ ਕਾਰਵਾਈ ਦੀ ਮੰਗ ਕੀਤੀ

ਪਰ ਇਸ 'ਤੇ ਉਕਤ ਮਹਿਲਾ ਕੌਂਸਲਰ ਨੇ ਕਿਹਾ ਕਿ ਉਹ ਇਸ ਸਬੰਧੀ ਲਿਖਤੀ ਜੁਆਬ ਦੇਵੇਗੀ। ਇਸ ਸਬੰਧੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਕੌਂਸਲ ਦੀ ਨੌਕਰੀ ਤੋਂ ਫ਼ਾਰਗ ਕੀਤੀ ਕ੍ਰਮਚਾਰਣ ਸੁਰਿੰਦਰ ਕੌਰ ਕਲਰਕ ਜੋ ਕੋਰਟ ਤੋਂ ਕੇਸ ਜਿੱਤ ਚੁਕੀ ਹੈ, ਸਬੰਧੀ ਮਤਾ ਲਿਆਂਦਾ ਗਿਆ ਸੀ ਜਿਸ 'ਤੇ ਉਸ ਨਾਲ ਸੁਲਾਹ-ਸਫ਼ਾਈ ਕਰਨ ਦੀ ਰਾਏ ਬਣੀ। ਆਵਾਰਾ ਕੁੱਤਿਆਂ ਅਤੇ ਜਾਨਵਰਾਂ ਦੇ ਹਮਲੇ ਦੇ ਸ਼ਿਕਾਰ ਹੋਣ ਵਾਲੇ ਵਿਆਕਤੀਆਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਮੁਆਵਜ਼ਾ ਦੇਣ ਲਈ ਸਹਿਮਤੀ ਜਤਾਈ ਗਈ। ਡੇਂਗੂ, ਮਲੇਰੀਆ ਆਦਿ ਬੀਮਾਰੀਆਂ ਦੀ ਰੋਕਥਾਮ ਲਈ ਫ਼ੌਗਿੰਗ ਕਰਨ ਲਈ ਦਵਾਈ ਖ਼ਰੀਦਣ, ਸ਼ਹਿਰ ਨੂੰ ਸ਼ੌਚ ਮੁਕਤ ਕਰਨ,

ਸੰਤੇਮਾਜਰਾ ਕਾਲੋਨੀ ਵਿਚ ਪੈਂਦੀ ਐਸ.ਵਾਈ.ਐਲ ਨਹਿਰ ਵਾਲੀ ਥਾਂ ਨੇੜੇ ਪੈਂਦੇ ਰਕਬੇ 'ਚ ਵਸੇ ਮਕਾਨ ਮਾਲਕਾਂ ਨੂੰ ਉਕਤ ਥਾਂ ਛੱਡ ਕੇ ਸੜਕ ਬਣਾਉਣ ਸਮੇਤ ਬੁਨਿਆਦੀ ਸਹੂਲਤਾਂ ਦੇਣ, ਟਿਊਬਵੈੱਲ ਚਲਾਉਣ ਲਈ ਹੈਲਪਰ ਸਪਲਾਈ ਕਰਨ ਦੇ ਦੁਬਾਰਾ ਟੈਂਡਰ ਲਗਾਉਣ, ਪੁਰਾਣੇ ਸੀਵਰ ਪਲਾਂਟ ਦੀ ਸਮਰੱਥਾ ਵਧਾਉਣ ਅਤੇ ਇਕ ਹੋਰ ਸੀਵਰ ਟਰੀਟਮੈਂਟ ਪਲਾਂਟ ਲਗਾਉਣ ਲਈ ਸਬੰਧਤ ਮਹਿਕਮੇ ਨੂੰ ਤਜਵੀਜ਼ ਭੇਜਣ, ਰਜਨੀ ਜੈਨ ਨੂੰ ਟਿਊਬਵੈਲ ਵਾਲੀ ਥਾਂ ਦਾ 25000 ਰੁਪਏ ਸਾਲਾਨਾ ਕਿਰਾਇਆ ਦੇਣ, ਸ਼ਹਿਰ ਵਿਚ ਇਸ਼ਤਿਹਾਰਬਾਜ਼ੀ ਦਾ ਰੀਟੈਂਡਰ ਹੋਣ ਤਕ

ਪੁਰਾਣੇ ਠੇਕੇਦਾਰ ਦੀ 6 ਮਹੀਨੇ ਦੀ ਮਿਆਦ ਵਧਾਉਣ ਦਾ ਮਤੇ ਪਾਸ ਕੀਤੇ ਗਏ।  ਇਸ ਤੋਂ ਇਲਾਵਾ ਖਾਨਪੁਰ ਰਿਜੋਰਟ/ ਕਮਿਉਨਿਟੀ ਸੈਂਟਰ ਦੇ ਠੇਕੇਦਾਰ ਦੀ ਮਿਆਦ ਵਧਾਉਣ ਦਾ ਮਤਾ ਰੱਦ ਕਰਦਿਆਂ ਨਗਰ ਕੌਂਸਲ ਵੱਲੋਂ ਆਪ ਚਲਾਉਣ ਦਾ ਫ਼ੈਸਲਾ ਕਰਦਿਆਂ 11,000 ਰੁਪਏ ਇਕ ਸਮਾਗਮ ਦਾ ਰੇਟ ਤਹਿ ਕੀਤਾ ਗਿਆ ਹੈ। ਰੋਟਰੀ ਸਰਵਿਸ ਟਰੱਸਟ ਵਲੋਂ ਮੰਗੀ ਇਕ ਏਕੜ ਥਾਂ ਦੇ ਮਤੇ ਦਾ ਸਖ਼ਤ ਵਿਰੋਧ ਕਰਦਿਆਂ ਕੌਂਸਲਰਾਂ ਨੇ ਆਖਿਆ ਕਿ ਉਨ੍ਹਾਂ ਕੋਲ ਨਗਰ ਕੌਂਸਲ ਦਾ ਨਵਾਂ ਦਫ਼ਤਰ ਬਣਾਉਣ, ਬੱਸ ਸਟੈਂਡ, ਫ਼ਾਇਰ ਸਟੇਸ਼ਨ, ਡੰਪਿੰਗ ਗਰਾਊਂਡ ਆਦਿ ਲਈ ਥਾਂ ਦੀ ਜ਼ਰੂਰਤ ਹੈ

ਉਹ ਬਹੁ-ਕੀਮਤੀ ਥਾਂ ਕਿਸੇ ਸੰਸਥਾ ਨੂੰ ਮੁਫ਼ਤ 'ਚ ਨਹੀਂ ਦੇ ਸਕਦੇ। ਕੌਂਸਲਰਾਂ ਦੇ ਇਤਰਾਜ਼ ਤੋਂ ਬਾਅਦ ਸਰਕਾਰ ਤੋਂ ਪ੍ਰਵਾਨਗੀ ਅਤੇ ਸੇਧ ਲੈਣ ਦੀ ਰਾਏ ਬਣੀ। ਸ਼ਹਿਰ ਦੀਆਂ ਕਈ ਕਾਲੋਨੀਆਂ ਜੋ ਬਿਲਡਰਾਂ ਵਲੋਂ ਕੌਂਸਲ ਦੇ ਸਪੁਰਦ ਕੀਤੀਆਂ ਜਾ ਚੁਕੀਆਂ ਹਨ ਅਤੇ ਜਿਥੇ ਕੌਂਸਲ ਵਲੋਂ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ ਪਰ ਉਥੋਂ ਕੋਈ ਆਮਦਨ ਨਹੀਂ ਆ ਰਹੀ, ਦਾ ਸਰਵੇ ਕਰਵਾ ਕੇ ਕੁਨੈਕਸ਼ਨ ਨਾ ਲੈਣ ਵਾਲੇ ਮੁਫ਼ਤ ਖੋਰਾਂ ਤੋਂ ਵਸੂਲੀ ਕੀਤੀ ਜਾਵੇਗੀ।

ਕੌਂਸਲਰਾਂ ਨੇ ਅਧਿਕਾਰੀਆਂ ਨੂੰ ਗ਼ੈਰਕਾਨੂਨੀ ਕਾਲੋਨੀਆਂ ਦੀਆਂ ਲਿਸਟਾਂ ਉਪਲਭਦ ਕਰਾਉਣ ਲਈ ਕਿਹਾ। ਇਸ ਮੌਕੇ ਆਪ ਵਿਧਾਇਕ ਕੰਵਰ ਸੰਧੂ ਵਲੋਂ ਸ਼ਹਿਰ ਚੋਂ ਨਿਕਲਦੇ ਗੰਦੇ ਨਾਲੇ (ਚੋਈ) ਅਤੇ ਡੰਪਿੰਗ ਗਰਾਊਂਡ ਦਾ ਮਸਲਾ ਉਠਾਇਆ ਗਿਆ, ਜਿਸ ਦੇ ਜਲਦ ਹੱਲ ਕੱਢਣ 'ਤੇ ਵਿਚਾਰ ਕੀਤੀ ਗਈ।