ਥਾਣੇ ਅਤੇ ਬਿਜਲੀ ਬੋਰਡ ਦਫ਼ਤਰ 'ਚੋਂ ਮਿਲਿਆ ਡੇਂਗੂ ਦਾ ਲਾਰਵਾ
ਸਿਹਤ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿੱਢੀ ਮੁਹਿਮ ਦੇ ਚੱਲਦੇ ਅੱਜ ਸਥਾਨਕ ਸ਼ਹਿਰ ਦੇ ਥਾਣਾ ਸਿਵਲ ਲਾਈਨ ਅਤੇ ਥਾਣਾ ਕੈਂਟ ਵਿਚ ਕੀਤੀ ਜਾਂਚ ...
ਬਠਿੰਡਾ: ਸਿਹਤ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿੱਢੀ ਮੁਹਿਮ ਦੇ ਚੱਲਦੇ ਅੱਜ ਸਥਾਨਕ ਸ਼ਹਿਰ ਦੇ ਥਾਣਾ ਸਿਵਲ ਲਾਈਨ ਅਤੇ ਥਾਣਾ ਕੈਂਟ ਵਿਚ ਕੀਤੀ ਜਾਂਚ ਦੌਰਾਨ ਡੇਂਗੂ ਅਤੇ ਮਲੇਰੀਆ ਮੱਛਰ ਦਾ ਲਾਰਵਾ ਮਿਲਿਆ ਹੈ। ਨਿਰਿਖਣ ਦੌਰਾਨ ਥਾਣੇ ਦੀ ਚਾਰ-ਦੁਆਰੀ ਅੰਦਰ ਪਏ ਕਬਾੜ ਵਿੱਚੋਂ ਡੇਂਗੂ ਦਾ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ।
ਜ਼ਿਲਾ ਮਲੇਰੀਆ ਅਫ਼ਸਰ ਵੱਲੋਂ ਸਬੰਧਤ ਥਾਣਿਆਂ ਦੇ ਸਟਾਫ ਨੂੰ ਸਲਾਹ ਦਿੱਤੀ ਗਈ ਕਿ ਪਏ ਕਬਾੜ ਤੇ ਤੇਲ ਦਾ ਛੜਕਾ ਕੀਤਾ ਜਾਵੇ ਜਾ ਉਸ ਨੂੰ ਕਵਰ ਕੀਤਾ ਜਾਵੇ ਤਾਂ ਜੋ ਬਰਸਾਤਾਂ ਦਾ ਪਾਣੀ ਉਸ ਵਿੱਚ ਖੜਾ ਨਾ ਹੋ ਸਕੇ। ਇਸ ਤੋਂ ਇਲਾਵਾ ਬਿਜਲੀ ਬੋਰਡ ਦਫ਼ਤਰ ਬਠਿੰਡਾ ਦਾ ਦੌਰਾ ਕੀਤਾ ਗਿਆ। ਜਿਥੇ ਕਿ ਚੈਕਿੰਗ ਦੌਰਾਨ ਦੂਸਰੀ ਵਾਰ ਡੇਂਗੂ ਦਾ ਲਾਰਵਾ ਪਾਇਆ ਗਿਆ ਤੇ ਲਾਰਵੇ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ।
ਇਸ ਮੌਕੇ ਜ਼ਿਲਾ ਮਲੇਰੀਆ ਅਫ਼ਸਰ ਡਾ. ਰਾਜਪਾਲ ਸਿੰਘ ਨੇ ਹਦਾਇਤ ਕੀਤੀ ਕਿ ਹਰ ਹਫਤੇ ਸ਼ੁੱਕਰਵਾਰ ਨੂੰ ਡਰਾਈ ਡੇ ਦੇ ਤੌਰ 'ਤੇ ਮਨਾਇਆ ਜਾਵੇ ਅਤੇ ਆਲੇ-ਦੁਆਲੇ ਖੜੇ ਸਾਫ ਪਾਣੀ ਦੇ ਸਰੋਤਾਂ ਨੂੰ ਮਿੱਟੀ ਨਾਲ ਪੂਰਿਆ ਜਾਵੇ ਤਾਂ ਜੋ ਡੇਂਗੂ ਦਾ ਮੱਛਰ ਅਜਿਹੀਆਂ ਥਾਵਾਂ 'ਤੇ ਆਪਣੇ ਆਂਡੇ ਨਾ ਦੇ ਸਕੇ ਅਤੇ ਆਂਡੇ ਤੋਂ ਪੈਂਦਾ ਹੋਣ ਵਾਲੇ ਲਾਰਵੇ ਤੋਂ ਛੁਟਕਾਰਾ ਪਾਇਆ ਜਾ ਸਕੇ।