ਪੱਤਰਕਾਰਾਂ ਨੇ ਘੇਰਿਆ ਐਸ.ਐਸ.ਪੀ ਦਾ ਦਫ਼ਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਿਰੋਜ਼ਪੁਰ ਤੋਂ ਇਕ ਸੀਨੀਅਰ ਪੱਤਰਕਾਰ ਦੇ ਭਰਾ  ਦੇ ਕਾਤਲਾਂ ਨੂੰ ਪੁਲਿਸ ਵਲੋਂ ਅੱਜ ਤੱਕ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਫ਼ਿਰੋਜ਼ਪੁਰ ਦੇ.....

Journalist Protest In Front Of SSP Office

ਫ਼ਿਰੋਜ਼ਪੁਰ : ਫਿਰੋਜ਼ਪੁਰ ਤੋਂ ਇਕ ਸੀਨੀਅਰ ਪੱਤਰਕਾਰ ਦੇ ਭਰਾ  ਦੇ ਕਾਤਲਾਂ ਨੂੰ ਪੁਲਿਸ ਵਲੋਂ ਅੱਜ ਤੱਕ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਫ਼ਿਰੋਜ਼ਪੁਰ ਦੇ ਸਮੂਹ ਪੱਤਰਕਾਰਾਂ ਨੂੰ ਐਸ.ਐਸ.ਪੀ ਦਫ਼ਤਰ ਘੇਰਨਾ ਪਿਆ। ਇਨਸਾਫ਼ ਦੀ ਰਖਵਾਲੀ ਪੰਜਾਬ ਪੁਲਿਸ ਪਾਸੋਂ ਲੋਕਤੰਤਰ ਦੇ ਚੌਥੇ ਥੰਮ ਵਲੋਂ ਇਨਸਾਫ ਦੀ ਪ੍ਰਾਪਤੀ ਲਈ ਪੁਲਿਸ ਖਿਲਾਫ ਹੀ ਵਿੱਢੇ ਸੰਘਰਸ਼ ਨਾਲ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਇਕ ਵਾਰ ਹੱਥਾਂ ਪੈਰਾਂ ਦੀ ਪੈ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰੈਸ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ ਮਨਦੀਪ ਕੁਮਾਰ ਮੌਂਟੀ ਨੇ ਦਸਿਆ

ਕਿ ਬੀਤੀ 18 ਮਾਰਚ ਨੂੰ ਪੱਤਰਕਾਰ ਦੇ ਭਰਾ ਗਿਰਧਾਰੀ ਲਾਲ ਨੂੰ ਕੁਝ ਲੋਕਾਂ ਵਲੋਂ ਜ਼ਹਿਰੀਲੀ ਚੀਜ਼ ਪਿਲਾ ਦਿਤੀ ਸੀ ਜਿਸ ਨਾਲ ਗਿਰਧਾਰੀ ਲਾਲ ਦੀ ਮੌਤ ਹੋ ਗਈ ਸੀ। ਜਿਸ ਸਬੰਧੀ ਪੁਲਿਸ ਨੇ 7 ਦੋਸ਼ੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ ਪਰ ਢਾਈ ਮਹੀਨੇ ਬੀਤੇ ਜਾਣ 'ਤੇ ਦੋਸ਼ੀਆਂ ਵਿਚੋਂ ਕਿਸੇ ਨੂੰ ਵੀ ਗ੍ਰਿਫ਼ਤਾਰ ਨਾ ਕਰਨਾ ਪੁਲਿਸ ਦੀ ਕਾਰਜਕੁਸ਼ਲਤਾ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ। ਇਸ ਮੌਕੇ ਪ੍ਰੈਸ ਕਲੱਬ ਦੇ  ਚੇਅਰਮੈਨ ਗੁਰਦਰਸ਼ਨ ਸਿੰਘ, ਗੁਰਨਾਮ ਸਿੰਘ ਸਿੱੱਧੂ, ਪਰਮਿੰਦਰ ਥਿੰਦ, ਜਸਵਿੰਦਰ ਸਿੰਘ ਸੰਧੂ, ਮਲਕੀਅਤ ਸਿੰਘ, ਆਨੰਦ, ਮਦਨ ਲਾਲ ਤਿਵਾੜੀ ਆਦਿ ਨੇ ਕਿਹਾ

ਕਿ ਗਿਰਧਾਰੀ ਲਾਲ ਦੇ ਕਾਤਲਾਂ ਨੂੰ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਗ੍ਰਿਫ਼ਤਾਰ ਨਹੀ ਕੀਤਾ ਜਾ ਰਿਹਾ ਜਿਸ ਤੋਂ ਸਪਸ਼ਟ ਹੈ ਕਿ ਪੁਲਿਸ ਜਾਂ ਤਾਂ ਦੋਸ਼ੀਆਂ ਅੱਗੇ ਗੋਡੇ ਟੇਕ ਚੁੱਕੀ ਹੈ ਜਾਂ ਕਥਿਤ ਰਿਸ਼ਵਤਖੋਰੀ ਦੇ ਚੱਲਦਿਆਂ ਕਾਰਵਾਈ ਕਰਨ ਤੋਂ ਗੁਰੇਜ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸੰਨੀ ਚੋਪੜਾ, ਅੰਗਰੇਜ਼ ਸਿੰਘ, ਬਲਵੀਰ ਸਿੰਘ ਜੋਸਨ, ਗੁਰਿੰਦਰ ਸਿੰਘ, ਜੱਸਪਾਲ ਸਿੰਘ, ਬੋਬੀ ਖੁਰਾਨਾ ਮੌਜੂਦ ਸਨ।