ਸਕੂਲ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ 'ਚ ਮਾੜੇ ਨਤੀਜੇ ਵਾਲੇ ਅਧਿਆਪਕਾਂ ਨੂੰ ਪੜ੍ਹਨੇ ਪਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਕੂਲ ਸਿਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ ਪੰਜਾਬ ਸਕੂਲ ਸਿਖਿਆ ਬੋਰਡ ਦੇ ਆਡੀਟੋਰੀਅਮ ਵਿਚ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ'........

Krishan Kumar, Addressing Review Meeting

ਐਸ.ਏ.ਐਸ. ਨਗਰ : ਸਕੂਲ ਸਿਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ ਪੰਜਾਬ ਸਕੂਲ ਸਿਖਿਆ ਬੋਰਡ ਦੇ ਆਡੀਟੋਰੀਅਮ ਵਿਚ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਪ੍ਰਾਜੈਕਟ ਤਹਿਤ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਵਿਗਿਆਨ, ਗਣਿਤ, ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸ਼ੇ ਦੇ ਜ਼ਿਲ੍ਹਾ ਅਤੇ ਬਲਾਕ ਮੈਂਟਰਾਂ ਨਾਲ ਮਾਰਚ 2018 ਦੇ ਬੋਰਡ ਪ੍ਰੀਖਿਆਵਾਂ ਵਿਚ 25 ਫ਼ੀ ਸਦੀ ਤੋਂ ਘੱਟ ਨਤੀਜੇ ਵਾਲੇ ਸਕੂਲਾਂ ਸਬੰਧੀ ਰੀਵੀਊ ਮੀਟਿੰਗ ਕੀਤੀ।

ਸਕੱਤਰ ਨੇ ਸਮੂਹ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਟੀਮ ਦੇ ਸਟੇਟ ਕੋਆਰਡੀਨੇਟਰਾਂ, ਜ਼ਿਲ੍ਹਾ ਅਤੇ ਬਲਾਕ ਮੈਂਟਰਾਂ ਨੂੰ ਇਨ੍ਹਾਂ ਘੱਟ ਨਤੀਜਾ ਰਹਿਣ ਵਾਲੇ ਸਕੂਲਾਂ ਦੀ ਸੂਚੀ ਸੌਂਪਦੇ ਹੋਏ ਰੀਪੋਰਟ ਤਿਆਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਮੂਹ ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ ਟੀਮਾਂ ਅਪਣੇ-ਅਪਣੇ ਸਕੂਲਾਂ ਦੇ ਨਤੀਜਿਆਂ ਦੇ ਘੱਟ ਰਹਿਣ ਦੇ ਜ਼ਮੀਨੀ ਕਾਰਨਾਂ ਬਾਰੇ ਅਪਣੀ ਰੀਪੋਰਟ ਤਿਆਰ ਕਰ ਕੇ ਅਧਿਆਪਕਾਂ ਨੂੰ ਇਸ ਸਾਲ ਵਧੀਆ ਨਤੀਜਿਆਂ ਲਈ ਪ੍ਰੇਰਿਤ ਕਰਨ ਦੀ ਅਹਿਮ ਭੂਮਿਕਾ ਨਿਭਾਉਣ। ਇਸ ਮੌਕੇ ਕ੍ਰਿਸ਼ਨ ਕੁਮਾਰ ਨੇ ਮੀਟਿੰਗ ਦੌਰਾਨ ਕਿਹਾ ਕਿ 2 ਜੁਲਾਈ ਨੂੰ ਸਮੂਹ ਪੰਜਾਬ ਦੇ ਸਕੂਲਾਂ ਵਿਚ ਵਿਭਾਗ ਵਲੋਂ ਸਕੂਲਾਂ ਦੇ ਨਿਰੀਖਣ ਲਈ ਟੀਮਾਂ

ਸਿਖਿਆ ਮੰਤਰੀ ਓਪੀ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭੇਜੀਆਂ ਜਾ ਰਹੀਆਂ ਹਨ। ਇਸ ਲਈ ਸਕੂਲ ਮੁਖੀ ਅਪਣੇ ਅਧੀਨ ਸਟਾਫ਼ ਨੂੰ ਇਸ ਸਬੰਧੀ ਪਹਿਲਾਂ ਹੀ ਸੂਚਿਤ ਕਰ ਦੇਣ ਤਾਂ ਜੋ ਸਕੂਲਾਂ ਵਿਚ ਸਹਿਮ ਦਾ ਮਾਹੌਲ ਨਾ ਹੋ ਕੇ ਸਕੂਲ ਆਮ ਵਾਂਗ ਸੁਚਾਰੂ ਰੂਪ ਵਿਚ ਸ਼ੁਰੂ ਹੋ ਸਕਣ।  ਸਿਖਿਆ ਸਕੱਤਰ ਨੇ ਕਿਹਾ ਕਿ ਪੰਜਾਬ ਦੇ ਕਈ ਸਕੂਲਾਂ ਵਿਚ ਸਮਾਰਟ ਕਲਾਸ ਰੂਮ ਲਈ ਪਾਠ-ਕ੍ਰਮ ਦੇ ਈ-ਕੰਟੈਂਨਟ ਤਿਆਰ ਕੀਤੇ ਜਾ ਰਹੇ ਹਨ। ਇਸ ਦੀ ਸਿਖਲਾਈ ਲਈ ਵਿਗਿਆਨ, ਗਣਿਤ, 
ਅੰਗਰੇਜ਼ੀ ਅਤੇ ਸਮਾਜਕ ਵਿਗਿਆਨ ਦੇ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਪ੍ਰਾਜੈਕਟ ਦੇ ਸਟੇਟ ਕੋਆਰਡੀਨੇਟਰ,

ਜ਼ਿਲ੍ਹਾ ਤੇ ਬਲਾਕ ਮੈਂਟਰ ਅਧਿਆਪਕਾਂ ਨੂੰ ਸਿਖਲਾਈ ਪ੍ਰਾਪਤ ਕਰਨ ਲਈ ਉਤਸ਼ਾਹਤ ਕਰਨ ਤਾਂ ਜੋ ਈ-ਕੰਟੈਂਨਟ ਸਬੰਧੀ ਸਿਖਲਾਈ ਲੈਣ ਦੇ ਚਾਹਵਾਨ ਹੋ ਸਕਣ। ਉਤਸ਼ਾਹਤ ਅਧਿਆਪਕ ਦੀ ਕਾਰਜ ਕੁਸ਼ਲਤਾ ਵਿਦਿਆਰਥੀ ਦੇ ਸਿਖਣ ਪੱਧਰ ਨੂੰ ਉੱਚਾ ਚੁਕਣ ਲਈ ਮਿਸਾਲ ਪੂਰਵਕ ਸੁਧਾਰ ਲਿਆਵੇਗੀ। ਇਸ ਮੌਕੇ ਡੀਪੀਆਈ ਐਲੀਮੈਂਟਰੀ ਇੰਦਰਜੀਤ ਸਿੰਘ ਅਤੇ ਸਹਾਇਕ ਡਾਇਰੈਕਟਰ ਟਰੇਨਿੰਗ ਜਰਨੈਲ ਸਿੰਘ ਕਾਲੇਕੇ ਨੇ ਵੀ ਸੰਬੋਧਨ ਕੀਤਾ।