ਚਿੱਟੇ' ਕਾਰਨ 'ਕਾਲਾ' ਹੋ ਰਿਹੈ ਪੰਜਾਬ ਦਾ ਭਵਿੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਨਸ਼ਾ ਕਰਨ ਵਾਲੇ ਨੌਜਵਾਨਾਂ ਦੀਆਂ ਇਕ ਤੋਂ ਬਾਅਦ ਇਕ ਹੋ ਰਹੀਆਂ ਮੌਤਾਂ ਨੇ ਇਕ ਵਾਰ ਫਿਰ ਸੂਬੇ ਦੀ ਕੈਪਟਨ ਸਰਕਾਰ ਨੂੰ ਕਟਹਿਰੇ ਵਿਚ...

Drug addiction

ਚੰਡੀਗੜ੍ਹ (ਸ਼ਾਹ) : ਪੰਜਾਬ ਵਿਚ ਨਸ਼ਾ ਕਰਨ ਵਾਲੇ ਨੌਜਵਾਨਾਂ ਦੀਆਂ ਇਕ ਤੋਂ ਬਾਅਦ ਇਕ ਹੋ ਰਹੀਆਂ ਮੌਤਾਂ ਨੇ ਇਕ ਵਾਰ ਫਿਰ ਸੂਬੇ ਦੀ ਕੈਪਟਨ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿਤਾ ਹੈ। ਇਨ੍ਹਾਂ ਮੌਤਾਂ ਨੂੰ ਲੈ ਕੇ ਸੂਬੇ ਭਰ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੇਖਿਆ ਜਾਵੇ ਤਾਂ ਲੋਕਾਂ ਦਾ ਸਰਕਾਰ ਪ੍ਰਤੀ ਇਹ ਰੋਸ ਪੂਰੀ ਤਰ੍ਹਾਂ ਜਾਇਜ਼ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਸੱਤਾ ਵਿਚ ਆਉਣ ਤੋਂ ਪਹਿਲਾਂ ਸੂਬੇ ਦੀ ਜਨਤਾ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿਚ ਆਉਣ ਦੇ ਚਾਰ ਹਫ਼ਤਿਆਂ ਦੇ ਅੰਦਰ ਹੀ ਸੂਬੇ ਵਿਚੋਂ ਨਸ਼ੇ ਦਾ ਖ਼ਾਤਮਾ ਕਰ ਦੇਣਗੇ। ਸੱਤਾ ਵਿਚ ਆਉਣ ਤੋਂ ਤੁਰਤ ਬਾਅਦ ਕੈਪਟਨ ਸਰਕਾਰ ਨੇ ਅਪਣੇ ਇਸ ਵਾਅਦੇ ਨੂੰ ਨਿਭਾਉਂਦਿਆਂ ਨਸ਼ਾ ਤਸਕਰਾਂ ਵਿਰੁਧ ਵਿਆਪਕ ਮੁਹਿੰਮ ਵਿੱਢੀ, ਜਿਸ ਦੇ ਨਤੀਜੇ ਵਜੋਂ ਸੂਬੇ ਦੇ ਬਹੁਤ ਸਾਰੇ ਡਰੱਗ ਤਸਕਰਾਂ ਨੂੰ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਡੱਕਿਆ ਗਿਆ।

ਸ਼ੁਰੂ 'ਚ ਚੰਗੇ ਰਹੇ ਨਸ਼ਾ ਵਿਰੋਧੀ ਮੁਹਿੰਮ ਦੇ ਨਤੀਜੇ : ਕੈਪਟਨ ਸਰਕਾਰ ਦੀ ਇਸ ਸਖ਼ਤੀ ਨੇ ਡਰੱਗ ਮਾਫ਼ੀਆ ਦੇ ਭਾਵੇਂ ਨੱਕ ਵਿਚ ਦਮ ਕਰ ਦਿਤਾ ਸੀ ਪਰ ਸੂਬੇ ਦੀ ਜਨਤਾ ਸਰਕਾਰ ਦੀ ਇਸ ਕਾਰਗੁਜ਼ਾਰੀ ਤੋਂ ਕਾਫ਼ੀ ਸੰਤੁਸ਼ਟ ਸੀ ਪਰ ਇਕ ਸਾਲ ਪੂਰਾ ਹੁੰਦੇ-ਹੁੰਦੇ ਇਹ ਮੁਹਿੰਮ ਫਿਰ ਠੰਡੀ ਪੈ ਗਈ, ਜਿਸ ਦੇ ਸਿੱਟੇ ਵਜੋਂ ਡਰੱਗ ਮਾਫ਼ੀਆ ਫਿਰ ਤੋਂ ਸਰਗਰਮ ਹੋ ਗਿਆ। ਬੀਤੇ ਕੁੱਝ ਦਿਨਾਂ ਤੋਂ ਹਾਲਾਤ ਇਹ ਬਣੇ ਹੋਏ ਹਨ ਕਿ ਸੂਬੇ ਭਰ ਵਿਚ ਨਸ਼ੇ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਜਿਸ ਕਰਕੇ ਕੈਪਟਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ। 

ਸਾਲ ਪੂਰਾ ਹੋਣ ਮਗਰੋਂ ਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਲੱਗੀਆਂ ਬ੍ਰੇਕਾਂ : ਭਾਵੇਂ ਕਿ ਡਰੱਗ ਮਾਫ਼ੀਆ ਦੇ ਖ਼ਾਤਮੇ ਨੂੰ ਲੈ ਕੇ ਸਰਕਾਰ ਦੀ ਮੰਨਸ਼ਾ ਕੀ ਹੈ? ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ ਪਰ ਇੰਨਾ ਜ਼ਰੂਰ ਹੈ ਕਿ ਜਦੋਂ ਤੋਂ ਕੁੱਝ ਉਚ ਪੁਲਿਸ ਅਧਿਕਾਰੀਆਂ ਦਾ ਨਾਮ ਇਸ ਕਾਲੇ ਧੰਦੇ ਵਿਚ ਸਾਹਮਣੇ ਆਏ ਹਨ, ਉਦੋਂ ਤੋਂ ਨਸ਼ਿਆਂ ਵਿਰੁਧ ਵਿੱਢੀ ਗਈ ਇਸ ਮੁਹਿੰਮ ਨੂੰ ਜਿਵੇਂ ਬ੍ਰੇਕਾਂ ਜਿਹੀਆਂ ਹੀ ਲੱਗ ਗਈਆਂ ਹਨ। ਜਿਸ ਤਰ੍ਹਾਂ ਦੀ ਸਰਗਰਮੀ ਸਰਕਾਰ ਨੇ ਸ਼ੁਰੂ ਵਿਚ ਦਿਖਾਈ ਸੀ, ਉਸ ਤਰ੍ਹਾਂ ਦੀ ਸਰਗਰਮੀ ਹੁਣ ਦੇਖਣ ਨੂੰ ਨਹੀਂ ਮਿਲਦੀ। ਹਾਲਾਤ ਇਹ ਹਨ ਕਿ ਨਸ਼ਿਆਂ ਕਾਰਨ ਇਕੱਲੇ ਅੰਮ੍ਰਿਤਸਰ ਦੇ ਖੇਤਰ ਵਿਚ ਹੀ 12 ਨੌਜਵਾਨ ਮੌਤ ਦਾ ਨਿਵਾਲਾ ਬਣ ਚੁੱਕੇ ਹਨ ਜੋ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਹਲਕਾ ਹੈ।

ਕੈਪਟਨ ਨੂੰ ਗੁਟਕਾ ਸਾਹਿਬ ਦੀ ਸਹੁੰ ਯਾਦ ਕਰਵਾ ਰਹੇ ਲੋਕ :  ਲੋਕਾਂ ਵਿਚ ਰੋਸ ਇਸ ਗੱਲ ਨੂੰ ਲੈ ਕੇ ਵੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਜਨਤਕ ਸਮਾਗਮ ਵਿਚ ਇਹ ਸਹੁੰ ਖਾਧੀ ਸੀ ਕਿ ਉਹ ਪੰਜਾਬ ਵਿਚੋਂ ਚਾਰ ਹਫ਼ਤਿਆਂ ਦੇ ਅੰਦਰ ਨਸ਼ੇ ਦਾ ਖ਼ਾਤਮਾ ਕਰ ਦੇਣਗੇ ਪਰ ਅੱਜ ਇਕ ਸਾਲ ਬਾਅਦ ਵੀ ਕੈਪਟਨ ਸਾਬ੍ਹ ਅਪਣੇ ਵਾਅਦੇ 'ਤੇ ਖ਼ਰੇ ਨਹੀਂ ਉਤਰ ਸਕੇ। ਨਸ਼ਿਆਂ ਕਾਰਨ ਹੋ ਰਹੀਆਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਸੋਸ਼ਲ ਮੀਡੀਆ, ਅਖ਼ਬਾਰਾਂ ਅਤੇ ਨਿਊਜ਼ ਚੈਨਲਾਂ 'ਤੇ ਵਿਰੋਧੀਆਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 26 ਜੂਨ ਨੂੰ ਵਿਸ਼ਵ ਭਰ ਵਿਚ ਐਂਟੀ ਡਰੱਗ ਦਿਵਸ ਮਨਾਇਆ ਜਾਂਦਾ ਹੈ। ਪੰਜਾਬ ਵਿਚ ਵੀ ਸੋਸ਼ਲ ਮੀਡੀਆ 'ਤੇ 'ਕਾਲਾ ਹਫ਼ਤਾ' ਮਨਾਉਣ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ ਧੜਾ ਧੜ ਸੂਬੇ ਦੀ ਜਨਤਾ ਜੁੜ ਰਹੀ ਹੈ।

ਨਸ਼ਾ ਤਸਕਰੀ 'ਚ ਉਲਝੇ ਪੁਲਿਸ ਅਧਿਕਾਰੀ : ਦੇਖਿਆ ਜਾਵੇ ਤਾਂ ਨਸ਼ਿਆਂ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਆਪਸ ਵਿਚ ਹੀ ਉਲਝਦੇ ਜਾ ਰਹੇ ਹਨ। ਇਸ ਮਾਮਲੇ ਵਿਚ ਪੰਜਾਬ ਅਤੇ ਹਾਈਕੋਰਟ ਵਿਚ ਨਸ਼ਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਸਿਧਾਰਥ ਚਟੋਪਾਧਿਆਏ ਨੇ ਪਿਛਲੇ ਦਿਨੀਂ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਤੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ 'ਤੇ ਉਨ੍ਹਾਂ ਨੂੰ ਖ਼ੁਦਕੁਸ਼ੀ ਦੇ ਝੂਠੇ ਕੇਸ ਵਿਚ ਫਸਾਉਣ ਦੀ ਗੱਲ ਆਖੀ ਸੀ।
ਚਟੋਪਾਧਿਆਏ ਨੇ ਇਲਜ਼ਾਮ ਲਾਉਂਦੇ ਹੋਏ ਆਖਿਆ ਸੀ ਕਿ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਨੂੰ ਬਚਾਉਣ ਲਈ ਦੋਵੇਂ ਡੀਜੀਪੀ ਉਸ 'ਤੇ ਦਬਾਅ ਪਾ ਰਹੇ ਹਨ। ਇਹੀ ਨਹੀਂ,  ਚਟੋਪਾਧਿਆਏ ਨੇ ਇਹ ਵੀ ਆਖਿਆ ਸੀ ਕਿ ਐਸਐਸਪੀ ਰਾਜਜੀਤ ਸਿੰਘ ਵਿਰੁਧ ਚੱਲ ਰਹੀ ਜਾਂਚ ਵਿਚ ਦੋਵੇਂ ਡੀਜੀਪੀਜ਼ ਨਾਲ ਜੁੜੇ ਅਹਿਮ ਤੱਥ ਸਾਹਮਣੇ ਆਏ ਹਨ, ਜਿਸ ਦੇ ਬਾਅਦ ਤੋਂ ਹੀ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। 

ਉਚ ਅਫ਼ਸਰਾਂ ਦਾ ਨਾਮ ਆਉਣ ਮਗਰੋਂ ਠੰਡੀ ਪਈ ਮੁਹਿੰਮ : ਐਸਆਈਟੀ ਮੁਖੀ ਸਿਧਾਰਥ ਚਟੋਪਾਧਿਆਏ ਨੇ ਰਿਪੋਰਟ ਵਿਚ ਲਿਖਿਆ ਸੀ ਕਿ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਤੇ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੀ ਜਾਂਚ ਦੇ ਸੀਨੀਅਰ ਅਫਸਰਾਂ ਦੀ ਸ਼ਮੂਲੀਅਤ ਬਾਰੇ ਤੱਥ ਮਿਲੇ ਹਨ ਜੋ ਕਿਤੇ ਨਾ ਕਿਤੇ ਜਾ ਕੇ ਉਕਤ ਉਚ ਅਧਿਕਾਰੀਆਂ ਨਾਲ ਜੁੜਦੇ ਹਨ। ਇਹ ਵੀ ਸੱਚ ਹੈ ਕਿ ਸ਼ੁਰੂ ਵਿਚ ਨਸ਼ਾ ਤਸਕਰਾਂ  ਵਿਰੁਧ ਪੰਜਾਬ ਸਰਕਾਰ ਦੀ ਕਾਰਵਾਈ ਸ਼ਲਾਘਾਯੋਗ ਰਹੀ ਪਰ ਜਦੋਂ ਤੋਂ ਪੰਜਾਬ ਪੁਲਿਸ ਦੇ ਉਚ ਅਫ਼ਸਰਾਂ ਦੇ ਨਾਮ ਡਰੱਗ ਤਸਕਰੀ ਵਿਚ ਲਏ ਗਏ ਹਨ, ਉਦੋਂ ਤੋਂ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਠੰਡੇ ਬਸਤੇ ਵਿਚ ਪੈ ਗਈ ਜਾਪਦੀ ਹੈ।

ਨਸ਼ਿਆਂ ਕਾਰਨ ਹੋ ਚੁੱਕੀਆਂ ਹਨ ਕਈ ਮੌਤਾਂ : ਪਿਛਲੇ ਦਿਨੀਂ ਕੋਟਕਪੂਰਾ ਵਿਖੇ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ, ਜਿਸ ਦੀ ਮਾਂ ਵਲੋਂ ਅਪਣੇ ਨੌਜਵਾਨ ਪੁੱਤ ਦੀ ਲਾਸ਼ 'ਤੇ ਰੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ ਤੋਂ ਇਲਾਵਾ ਤਰਨਤਾਰਨ ਦੇ ਛੇਹਰਟਾ ਵਿਚ ਵੀ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਖੇਤਰ ਵਿਚ ਨਸ਼ੇ ਕਾਰਨ ਹੋਈਆਂ ਮੌਤਾਂ ਦੇ 12 ਮਾਮਲੇ ਸਾਮਹਣੇ ਆ ਚੁੱਕੇ ਹਨ। ਹੋਰ ਸਰਹੱਦੀ ਖੇਤਰਾਂ ਦਾ ਹਾਲ ਵੀ ਕਾਫ਼ੀ ਮਾੜਾ ਹੈ। ਬਾਬਾ ਬਕਾਲਾ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਲਾਕਾ ਨਸ਼ਿਆਂ ਦਾ ਮੰਡੀ ਬਣ ਚੁੱਕਾ ਹੈ। ਨਸ਼ਾ ਵੇਚਣ ਵਾਲੇ ਆਮ ਹੀ ਸੜਕਾਂ 'ਤੇ ਨਸ਼ਾ ਵੇਚਦੇ ਫਿਰ ਰਹੇ ਹਨ। ਕੁੱਝ ਲੋਕਾਂ ਨੇ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਅਪਣੇ ਖੇਤਰ ਲਈ ਹੋਰ ਕੁੱਝ ਨਹੀਂ ਚਾਹੀਦਾ, ਸਰਕਾਰ ਸਿਰਫ਼ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰ ਦੇਵੇ ਕਿਉਂਕਿ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ 'ਤੇ ਰੋਂਦੀਆਂ ਮਾਂਵਾਂ ਦੀ ਹਾਲਤ ਦੇਖੀ ਨਹੀਂ ਜਾਂਦੀ। 

ਫਿਰ ਤੋਂ ਪ੍ਰਭਾਵੀ ਕਦਮ ਉਠਾਉਣ ਦੀ ਲੋੜ : ਯਕੀਨਨ ਤੌਰ 'ਤੇ ਨਸ਼ਿਆਂ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਪੰਜਾਬ ਲਈ ਭਿਆਨਕ ਤ੍ਰਾਸਦੀ ਤੋਂ ਘੱਟ ਨਹੀਂ। ਪਾਕਿਸਤਾਨ ਨਾਲ ਸਰਹੱਦ ਲਗਦੀ ਹੋਣ ਕਰਕੇ ਵੀ ਇੱਥੇ ਨਸ਼ਿਆਂ ਦਾ ਕਾਫ਼ੀ ਪ੍ਰਭਾਵ ਹੈ। ਸਰਹੱਦ ਤੋਂ ਨਿੱਤ ਦਿਨ ਫੜੀ ਜਾਂਦੀ ਵੱਡੇ ਪੱਧਰ 'ਤੇ ਹੈਰੋਇਨ Îਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਲਗਾ ਕੇ ਬਰਬਾਦ ਕਰਨ 'ਤੇ ਤੁਲਿਆ ਹੋਇਆ ਹੈ, ਪਰ ਇਸ ਨਸ਼ੇ 'ਤੇ ਰੋਕ ਲਗਾਉਣੀ ਤਾਂ ਸਾਡੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਫਿਲਹਾਲ ਸੂਬੇ ਵਿਚ ਨਸ਼ਿਆਂ ਦਾ ਮੁੱਦਾ ਕੈਪਟਨ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਜੇਕਰ ਪੰਜਾਬ ਸਰਕਾਰ ਨੇ ਤੁਰਤ ਕੋਈ ਠੋਸ ਕਦਮ ਨਾ ਉਠਾਇਆ ਤਾਂ ਪਤਾ ਨਹੀਂ ਇਹ 'ਚਿੱਟਾ' ਹੋਰ ਕਿੰਨੇ ਨੌਜਵਾਨਾਂ ਦੀ ਜ਼ਿੰਦਗੀ ਦੀ ਕਾਲੀ ਸਿਆਹੀ ਪੋਤ ਦੇਵੇਗਾ ਅਤੇ ਕਿੰਨੀਆਂ ਮਾਵਾਂ ਦੀਆਂ ਕੁੱਖਾਂ ਉਜੜ ਜਾਣਗੀਆਂ?