ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦਾ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੋਇੰਦਵਾਲ ਸਾਹਿਬ ਮਾਰਗ ’ਤੇ ਮੋਟਰਸਾਈਕਲ ਸਵਾਰ ਗੁਰਮੇਜ ’ਤੇ ਚਲਾਈਆਂ ਗੋਲੀਆਂ

SGPC Employ shot dead in Tarantaran

ਤਰਨਤਾਰਨ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਦਾ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ 45 ਸਾਲਾ ਗੁਰਮੇਜ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ, ਗੁਰਮੇਜ ਸਿੰਘ ਬੀਤੀ ਸ਼ਾਮ 7 ਵਜੇ ਦੇ ਲਗਭੱਗ ਮੋਟਰਸਾਈਕਲ ’ਤੇ ਅਪਣੀ ਭੈਣ ਦੇ ਘਰੋਂ ਦੁੱਧ ਲੈ ਕੇ ਵਾਪਸ ਜਾ ਰਿਹਾ ਸੀ। ਜਦੋਂ ਉਹ ਗੋਇੰਦਵਾਲ ਸਾਹਿਬ ਮਾਰਗ ’ਤੇ ਪਹੁੰਚਿਆ ਤਾਂ ਕੁਝ ਲੋਕਾਂ ਨੇ ਉਸ ਨੂੰ ਪਿੱਛੇ ਤੋਂ ਗੋਲੀਆਂ ਮਾਰ ਦਿਤੀਆਂ।

ਗੋਲੀਆਂ ਲੱਗਣ ਕਾਰਨ ਗੁਰਮੇਜ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫ਼ਿਲਹਾਲ ਦੋਸ਼ੀਆਂ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਲੱਗ ਸਕਿਆ ਹੈ। ਮਾਮਲੇ ਸਬੰਧੀ ਡੀਐਸਪੀ ਸਿਟੀ ਕਮਲਦੀਪ ਸਿੰਘ ਨੇ ਦੱਸਿਆ ਕਿ ਮੁਢਲੀ ਤਫ਼ਤੀਸ਼ ਤੋਂ ਇੰਝ ਜਾਪਦਾ ਹੈ ਕਿ ਕਾਤਲਾਂ ਵਲੋਂ ਗੁਰਮੇਜ ਨੂੰ ਗੋਲੀ ਲੁੱਟ-ਖੋਹ ਕਰਨ ਦੇ ਮਕਸਦ ਨਾਲ ਮਾਰੀ ਗਈ ਹੋਵੇ। ਉਨ੍ਹਾਂ ਦੱਸਿਆ ਕਿ ਜਾਂਚ ਜਾਰੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਸਰਕਾਰ ਨੂੰ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਨ ਦੀ ਅਪੀਲ ਕੀਤੀ ਹੈ। ਲੌਂਗੋਵਾਲ ਨੇ ਗੁਰਮੇਜ ਦੇ ਪਰਵਾਰ ਨੂੰ ਇਕ ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ।