ਪਲਾਜ਼ਮਾ ਥੈਰੇਪੀ ਰਾਹੀਂ ਸਫ਼ਲ ਇਲਾਜ ਕਰਨ 'ਤੇ ਓਪੀ ਸੋਨੀ ਵੱਲੋਂ ਮੈਡੀਕਲ ਫ਼ਰੀਦਕੋਟ ਕਾਲਜ ਦੀ ਸ਼ਲਾਘਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ-19 ਦੀ ਰੋਕਥਾਮ ਦੀ ਦਿਸ਼ਾ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ.........

FILE PHOTO

ਕੋਵਿਡ-19 ਦੀ ਰੋਕਥਾਮ ਦੀ ਦਿਸ਼ਾ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਵੱਲੋਂ ਪਲਾਜ਼ਮਾ ਥੈਰੇਪੀ ਰਾਹੀਂ ਇਕ ਮਰੀਜ਼ ਨੂੰ ਠੀਕ ਕਰ ਕੇ ਘਰ ਭੇਜਣ 'ਤੇ  ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ

ਡਾਕਟਰ ਰਾਜ ਬਹਾਦਰ, ਪ੍ਰਿੰਸੀਪਲ ਡਾ. ਦੀਪਕ ਜੋਨ ਭੱਟੀ ਅਤੇ ਟੀਮ ਵਿੱਚ ਸ਼ਾਮਲ ਡਾ. ਰਵਿੰਦਰ ਗਰਗ (ਮੈਡੀਸਨ ਵਿਭਾਗ), ਡਾ. ਨੀਤੂ ਕੁੱਕਰ (ਬਲੱਡ ਟਰਾਂਸਫਿਊਜ਼ਨ ਵਿਭਾਗ), ਡਾ. ਨੀਰਜਾ ਜਿੰਦਲ (ਮਾਈਕਰੋਬਾਇਓਲੋਜੀ ਵਿਭਾਗ) ਅਤੇ ਡਾ. ਦਿਵਿਆ ਕਵਿਤਾ (ਕ੍ਰਿਟੀਕਲ ਕੇਅਰ ਵਿਭਾਗ) ਵਲੋਂ ਇਸ ਕਾਰਜ ਵਿੱਚ ਨਿਭਾਈ ਗਈ ਭੂਮਿਕਾ ਦੀ ਭਰਭੂਰ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਡਾਕਟਰਾਂ ਦੀ ਟੀਮ ਵੱਲੋਂ ਕੋਵਿਡ-19 ਦੇ ਗੰਭੀਰ ਰੂਪ ਨਾਲ ਬਿਮਾਰ ਮਰੀਜ਼ ਨੂੰ ਇਹ ਥੈਰੇਪੀ 12 ਜੂਨ ਨੂੰ ਦਿੱਤੀ ਗਈ ਸੀ।

ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸੰਸਥਾ ਆਈ.ਸੀ.ਐਮ.ਆਰ. (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਅਧੀਨ ਨੈਸ਼ਨਲ ਕਲੀਨਿਕਲ ਟਰਾਇਲ ਦੇ ਹਿੱਸੇ ਵਜੋਂ ਇਸ ਥੈਰੇਪੀ ਦੀ ਸ਼ੁਰੂਆਤ ਕਰਨ ਵਾਲੀ ਦੇਸ਼ ਦੀ ਇਕ ਮੋਹਰੀ ਇੰਸਟੀਚਿਊ ਵਜੋਂ ਚੁਣੀ ਗਈ ਸੀ ।

ਇਸ ਥੈਰੇਪੀ ਨੂੰ ਕੋਵਿਡ-19 ਮਹਾਂਮਾਰੀ ਤੋਂ ਪੀੜਤ ਲੋਕਾਂ ਦੇ ਇਲਾਜ ਵਿੱਚ ਮੀਲ ਪੱਥਰ ਗਰਦਾਨਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਵਿੱਚ ਕੋਵਿਡ-19 ਦੇ ਇੱਕ ਮਰੀਜ਼ ਨੂੰ ਦਿੱਤੀ ਗਈ ਇਹ ਪਹਿਲੀ ਪਲਾਜ਼ਮਾ ਥੈਰੇਪੀ ਸੀ।

ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਕੁਝ ਦਿਨ ਪਹਿਲਾਂ ਜੀ.ਜੀ.ਐਸ. ਮੈਡੀਕਲ ਕਾਲਜ ਫਰੀਦਕੋਟ ਵਿਖੇ ਕੋਵਿਡ ਤੋਂ ਸਿਹਤਯਾਬ ਹੋਏ ਮਰੀਜ਼ ਦਾ ਪਲਾਜ਼ਮਾ ਲੈ ਕੇ ਸਟੋਰ ਕੀਤਾ ਗਿਆ ਸੀ। ਸ੍ਰੀ ਸੋਨੀ ਨੇ ਕੋਵਿਡ-19 ਤੋਂ ਸਿਹਤਯਾਬ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

 

ਉਨ੍ਹਾਂ ਕਿਹਾ ਕਿ ਜੀ.ਜੀ.ਐਸ. ਮੈਡੀਕਲ ਕਾਲਜ ਫਰੀਦਕੋਟ  ਦੀ ਇਸ ਪ੍ਰਾਪਤੀ ਨਾਲ ਪੰਜਾਬ ਸਰਕਾਰ ਕੋਵਿਡ 19 ਤੇ ਮਿਸ਼ਨ ਫਤਿਹ ਤਹਿਤ ਜਿੱਤ ਹਾਸਲ ਕਰਨ ਵਿਚ ਸਹਾਇਕ ਸਿੱਧ ਹੋਵੇਗੀ।

ਜੀ.ਜੀ.ਐਸ. ਮੈਡੀਕਲ ਕਾਲਜ ਤੇ ਹਸਪਤਾਲ ਦੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਪ੍ਰਿੰਸੀਪਲ ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ ਸ਼੍ਰੀ ਡੀ. ਕੇ. ਤਿਵਾੜੀ ਨੇ ਦੱਸਿਆ ਕਿ ਜੀ.ਐੱਮ.ਸੀ. ਅੰਮ੍ਰਿਤਸਰ ਵਿਖੇ ਵੀ ਦੋ ਕਰੋਨਾ ਤੋਂ ਪੀੜਤ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ ਹੈ, ਜੋ ਕਿ ਬਹੁਤ ਤੇਜ਼ੀ ਨਾਲ ਠੀਕ ਹੋ ਰਹੇ ਹਨ।