ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਸ਼ਹਾਦਤ 'ਤੇ ਪੰਜਾਬ ਅਤੇ ਪੂਰੇ ਦੇਸ਼ ਨੂੰ ਮਾਣ: ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਦੀ ਤਰਫ਼ੋਂ ਕੈਬਨਿਟ ਮੰਤਰੀ ਧਰਮਸੋਤ ਵੱਲੋਂ ਸ਼ਹੀਦ ਮਨਦੀਪ ਸਿੰਘ ਨੂੰ ਸ਼ਰਧਾਂਜਲੀ

1

ਪਟਿਆਲਾ, 26 ਜੂਨ (ਤੇਜਿੰਦਰ ਫ਼ਤਿਹਪੁਰ): ਸਾਡੇ ਦੇਸ਼ ਦੇ ਮਹਾਨ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੀ ਸ਼ਹਾਦਤ ਉਪਰ ਪੰਜਾਬ ਨੂੰ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਮਾਣ ਹੈ, ਉਨ੍ਹਾਂ ਦੀ ਯਾਦ ਵਿਚ ਪਿੰਡ ਸੀਲ ਦੇ ਪ੍ਰਾਇਮਰੀ ਸਕੂਲ ਨੂੰ ਅਪਗ੍ਰੇਡ ਕਰਨ ਸਮੇਤ ਉਸ ਦਾ ਨਾਮ ਵੀ ਨਾਇਬ ਸੂਬੇਦਾਰ ਸ਼ਹੀਦ ਮਨਦੀਪ ਸਿੰਘ ਮਿਡਲ ਸਕੂਲ ਰਖਿਆ ਜਾਵੇਗਾ ਇਹ ਐਲਾਨ ਪੰਜਾਬ ਦੇ ਜੰਗਲਾਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ।  ਧਰਮਸੋਤ ਨੇ ਕਿਹਾ ਕਿ ਸ਼ਹੀਦ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਮੋੜਿਆ ਜਾ ਸਕਦਾ ਪੰ੍ਰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਇਕ ਫ਼ੌਜੀ ਹੋਣ ਕਰ ਕੇ ਫ਼ੌਜੀਆਂ ਦਾ ਦਰਦ ਸਮਝਦੇ ਹੋਏ 1999 ਤੋਂ ਸ਼ਹੀਦਾਂ ਦੇ ਪਰਵਾਰ ਲਈ ਚੱਲੀ ਆ ਰਹੀ 12 ਲੱਖ ਰੁਪਏ ਦੀ ਰਾਸ਼ੀ ਨੂੰ ਵਧਾ ਕੇ 50 ਲੱਖ ਰੁਪਏ ਕੀਤਾ ਹੈ।


  ਧਰਮਸੋਤ ਅੱਜ ਗੁਰਦੁਆਰਾ ਸ੍ਰੀ ਗੁਰ ਤੇਗ਼ ਬਹਾਦਰ ਸਾਹਿਬ ਨੌਵੀਂ ਪਾਤਸ਼ਾਹੀ ਬਹਾਦਰਗੜ੍ਹ ਵਿਖੇ ਸ਼ਹੀਦ ਮਨਦੀਪ ਸਿੰਘ ਨਮਿਤ ਗੁਰਬਾਣੀ ਕੀਰਤਨ, ਅੰਤਮ ਅਰਦਾਸ ਮੌਕੇ ਕਰਵਾਏ ਸ਼ਰਧਾਂਜਲੀ ਸਮਾਰੋਹ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਵਾਰ ਲਈ ਐਲਾਨੀ ਗਈ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵਿਚੋਂ 5 ਲੱਖ ਰੁਪਏ ਦਾ ਚੈੱਕ ਸ਼ਹੀਦ ਦੀ ਸੁਪਤਨੀ ਗੁਰਦੀਪ ਕੌਰ ਅਤੇ ਮਾਤਾ ਸ਼ਕੁੰਤਲਾ ਕੌਰ ਨੂੰ ਸੌਂਪਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਵਾਰ ਦੇ ਇਕ ਯੋਗ ਮੈਂਬਰ ਨੂੰ ਨੌਕਰੀ ਵੀ ਦਿਤੀ ਜਾਵੇਗੀ। ਸ਼ਹੀਦ ਦੇ ਪਰਵਾਰ ਦੇ ਘਰ ਦੀ ਛੱਤ ਵੀ ਪੱਕੀ ਕਰਵਾਈ ਜਾਵੇਗੀ ਅਤੇ ਸ਼ਹੀਦ ਦੇ ਘਰ ਨੂੰ ਜਾਂਦੀ ਪਿੰਡ ਦੀ ਕੱਚੀ ਸੜਕ ਪੱਕੀ ਕੀਤੀ ਜਾਵੇਗੀ।
  ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਦੀ ਤਰਫ਼ੋਂ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦੇਸ਼ ਦੇ ਰਾਖੇ ਰੋਜ਼-ਰੋਜ਼ ਪੈਦਾ ਨਹੀਂ ਹੁੰਦੇ ਅਤੇ ਦੇਸ਼ ਦੇ ਇਸ ਮਹਾਨ ਸਪੂਤ ਨੇ ਦੇਸ਼ ਸੇਵਾ 'ਚ ਅਪਣਾ ਆਪਾ ਵਾਰਿਆ ਹੈ, ਇਸ ਲਈ ਸ਼ਹੀਦ ਮਨਦੀਪ ਸਿੰਘ ਦੀ ਸ਼ਹਾਦਤ 'ਤੇ ਇਕੱਲੇ ਪਵਾਰ ਨੂੰ ਹੀ ਨਹੀਂ ਬਲਕਿ ਪਿੰਡ ਸੀਲ ਸਮੇਤ ਪੰਜਾਬ ਅਤੇ ਪੂਰੇ ਦੇਸ਼ ਨੂੰ ਹੀ ਮਾਣ ਹੈ।


   ਇਸ ਤੋਂ ਪਹਿਲਾਂ ਸਾਬਕਾ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਪਣੀ ਜਾਨ ਦੇਸ਼ ਸੇਵਾ ਦੇ ਲੇਖੇ ਲਾਉਣ ਵਾਲੇ ਸ਼ਹੀਦ ਮਨਦੀਪ ਸਿੰਘ ਦੀ ਕੁਰਬਾਨੀ ਨੂੰ ਸਦਾ ਯਾਦ ਰੱਖਿਆ ਜਾਵੇਗਾ।  ਸ਼ਰਧਾਂਜਲੀ ਸਮਾਗਮ ਮੌਕੇ ਪਰਵਾਰ ਵਲੋਂ ਧਨਵਾਦ ਕਰਦਿਆਂ ਹਲਕਾ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਹਲਕਾ ਘਨੌਰ ਦੇ ਇਸ ਹੋਣਹਾਰ ਸਪੂਤ ਨੇ ਬਲੀਦਾਨ ਦੇ ਕੇ ਪਿੰਡ ਸੀਲ ਅਤੇ ਹਲਕੇ ਦਾ ਨਾਮ ਰੌਸ਼ਨ ਕੀਤਾ ਹੈ।


  ਮਦਨ ਲਾਲ ਜਲਾਲਪੁਰ ਨੇ ਦਸਿਆ ਕਿ ਉਹ ਪਿੰਡ ਦੇ ਵਿਕਾਸ ਲਈ 1 ਕਰੋੜ ਰੁਪਏ ਤੋਂ ਜ਼ਿਆਦਾ ਅਪਣੇ ਅਖ਼ਤਿਆਰੀ ਕੋਟੇ ਵਿਚੋਂ ਖ਼ਰਚ ਕਰਨਗੇ, ਜਿਸ 'ਚੋਂ 50 ਲੱਖ ਰੁਪਏ ਯਾਦਗਾਰੀ ਸਮਾਰਕ ਲਈ, 25 ਲੱਖ ਰੁਪਏ ਧਰਮਸ਼ਾਲਾ, 10 ਲੱਖ ਰੁਪਏ ਸਮਸ਼ਾਨਘਾਟ, 10 ਲੱਖ ਰੁਪਏ ਸਕੂਲ, 10 ਲੱਖ ਰੁਪਏ ਸਟੇਡੀਅਮ ਲਈ ਖਰਚੇ ਜਾਣਗੇ। ਇਸ ਦੌਰਾਨ ਵਿਧਾਇਕ ਰਾਜਪੁਰਾ ਸ੍ਰੀ ਹਰਦਿਆਲ ਸਿੰਘ ਕੰਬੋਜ ਅਤੇ ਵਿਧਾਇਕ ਕੁਲਵੰਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਸ਼ਹੀਦ ਨੇ ਦੇਸ਼ ਵਾਸੀਆਂ ਅਤੇ ਦੇਸ਼ ਦੀ ਸੁਰੱਖਿਆ ਹਿੱਤ ਅਪਣਾ ਬਲਿਦਾਨ ਦਿਤਾ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ। ਇਸ ਮੌਕੇ ਰਾਜਨੀਤੀਕ ਆਗੂ, ਪਿੰਡ ਵਾਸੀ ਅਤੇ ਹੋਰ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸੀ।