ਅਦਾਲਤ ਨੇ ਐਸ.ਐਚ.ਓ ਗੁਰਦੀਪ ਸਿੰਘ ਦਾ ਐਸ.ਆਈ.ਟੀ ਨੂੰ ਦਿਤਾ ਇਕ ਦਿਨਾ ਪੁਲਿਸ ਰਿਮਾਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਰੋਜ਼ਾਨਾ ਸਪੋਕਸਮੈਨ' ਦੇ ਇਨ੍ਹਾਂ ਕਾਲਮਾਂ ਰਾਹੀਂ ਪਹਿਲਾਂ ਦਸਿਆ ਜਾ ਚੁੱਕਾ ਹੈ ਕਿ 14 ਅਕਤੂਬਰ 2015 ਨੂੰ ਬੱਤੀਆਂ

File Photo

ਕੋਟਕਪੂਰਾ, 25 ਜੂਨ (ਗੁਰਿੰਦਰ ਸਿੰਘ) : 'ਰੋਜ਼ਾਨਾ ਸਪੋਕਸਮੈਨ' ਦੇ ਇਨ੍ਹਾਂ ਕਾਲਮਾਂ ਰਾਹੀਂ ਪਹਿਲਾਂ ਦਸਿਆ ਜਾ ਚੁੱਕਾ ਹੈ ਕਿ 14 ਅਕਤੂਬਰ 2015 ਨੂੰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਤਸ਼ੱਦਦ ਦੀ ਕਹਾਣੀ ਨੂੰ ਅਪਣੇ ਮੁਤਾਬਕ ਢਾਲਣ ਲਈ ਪੁਲਿਸ ਵਲੋਂ ਧਰਨਾਕਾਰੀਆਂ 'ਤੇ ਦਰਜ ਕੀਤਾ ਮਾਮਲਾ ਹੁਣ ਪੁਲਿਸ ਲਈ ਹੀ ਸਿਰਦਰਦੀ ਬਣਦਾ ਜਾ ਰਿਹਾ ਹੈ।

ਉਕਤ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਉਸ ਸਮੇਂ ਦੇ ਸਥਾਨਕ ਸਿਟੀ ਥਾਣੇ ਦੇ 'ਐਸਐਚਓ ਗੁਰਦੀਪ ਸਿੰਘ ਪੰਧੇਰ' ਨੂੰ ਐਸਐਸਓਸੀ ਮਾਲ ਮੰਡੀ ਅੰਮ੍ਰਿਤਸਰ ਵਿਖੇ ਸਥਿਤ ਦਫ਼ਤਰ 'ਚ ਪੁੱਛਗਿੱਛ ਲਈ ਬੁਲਾਇਆ, ਜਿਥੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਅੱਜ ਡਿਊਟੀ ਮੈਜਿਸਟ੍ਰੇਟ ਹਰਵਿੰਦਰ ਸਿੰਘ ਸਿੰਧੀਆ ਦੀ ਅਦਾਲਤ 'ਚ ਪੇਸ਼ ਕਰ ਕੇ ਗੁਰਦੀਪ ਸਿੰਘ ਦਾ ਏਡੀਏ ਪੰਕਜ ਤਨੇਜਾ ਵਲੋਂ ਵੀਡੀਉ ਕਾਨਫ਼ਰੰਸ ਰਾਹੀਂ ਰਿਮਾਂਡ ਮੰਗਿਆ ਗਿਆ, ਜਿਥੇ ਗੁਰਦੀਪ ਸਿੰਘ ਦੇ ਵਕੀਲ ਨਰਿੰਦਰ ਕੁਮਾਰ ਗੁਪਤਾ ਦੇ ਵਿਰੋਧ ਦੇ ਬਾਵਜੂਦ ਅਦਾਲਤ ਨੇ ਉਸ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦੇ ਦਿਤਾ।

ਲਗਭਗ 5 ਸਾਲ ਪਹਿਲਾਂ ਸਥਾਨਕ ਸਿਟੀ ਥਾਣੇ ਵਿਖੇ ਗੁਰਦੀਪ ਸਿੰਘ ਪੰਧੇਰ ਵਲੋਂ 15 ਪੰਥਕ ਆਗੂਆਂ ਨੂੰ ਨਾਮਜਦ ਕਰਕੇ ਉਨਾਂ ਦੇ ਅਨੇਕਾਂ ਹੋਰ ਨਾਮਲੂਮ ਸਾਥੀਆਂ ਵਿਰੁਧ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਭਾਈ ਪੰਥਪ੍ਰੀਤ ਸਿੰਘ, ਅਮਰੀਕ ਸਿੰਘ ਅਜਨਾਲਾ, ਰਣਜੀਤ ਸਿੰਘ ਢੱਡਰੀਆਂ, ਸਰਬਜੀਤ ਸਿੰਘ ਧੁੰਦਾ, ਗਿਆਨੀ ਕੇਵਲ ਸਿੰਘ, ਹਰਜਿੰਦਰ ਸਿੰਘ ਮਾਝੀ ਵਰਗੀਆਂ ਅਹਿਮ ਪੰਥਕ ਸ਼ਖਸ਼ੀਅਤਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਭਾਵੇਂ ਬਾਅਦ 'ਚ ਦੇਸ਼-ਵਿਦੇਸ਼ 'ਚ ਹੋਏ ਵਿਰੋਧ ਕਾਰਨ ਬਾਦਲ ਸਰਕਾਰ ਨੂੰ ਉਕਤ ਮਾਮਲਾ ਰੱਦ ਕਰਨ ਲਈ ਮਜਬੂਰ ਹੋਣਾ ਪਿਆ

ਪਰ ਉਕਤ ਐਫਆਈਆਰ ਹੁਣ ਪੁਲਿਸ ਲਈ ਸਿਰਦਰਦੀ ਬਣਦੀ ਜਾ ਰਹੀ ਹੈ। ਉਕਤ ਐਫਆਈਆਰ 'ਚ ਗੁਰਦੀਪ ਸਿੰਘ ਪੰਧੇਰ ਨੇ ਦੋਸ਼ ਲਾਇਆ ਸੀ ਕਿ ਧਰਨਾਕਾਰੀਆਂ ਨੇ ਗ਼ੈਰ ਕਾਨੂੰਨੀ ਇਕੱਠ ਕਰ ਕੇ ਪੁਲਿਸ ਕਰਮਚਾਰੀਆਂ 'ਤੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਦਿਆਂ ਸਰਕਾਰੀ ਡਿਊਟੀ 'ਚ ਵਿਘਨ ਪਾਇਆ, ਸਰਕਾਰੀ ਵਾਹਨਾਂ ਦੀ ਭੰਨ ਤੋੜ ਕਰ ਕੇ ਅੱਗ ਲਾ ਕੇ ਨੁਕਸਾਨ ਕੀਤਾ ਪਰ ਸ਼ੋਸ਼ਲ ਮੀਡੀਏ ਰਾਹੀਂ ਬਹੁਤ ਸਾਰੇ ਅਜਿਹੇ ਵੀਡੀਉ ਕਲਿੱਪ ਜਨਤਕ ਹੋ ਗਏ, ਜਿਨ੍ਹਾਂ ਵਿਚ ਖ਼ੁਦ ਪੁਲਿਸ ਕਰਮਚਾਰੀ ਹੀ ਲੋਕਾਂ ਦੇ ਵਾਹਨਾਂ ਦੀ ਭੰਨ ਤੋੜ ਕਰ ਰਹੇ ਸਨ। ਐਸਆਈਟੀ ਨੇ ਉਕਤ ਮਾਮਲੇ 'ਚ ਧਾਰਾ 409/467 ਆਈਪੀਸੀ ਜੁਰਮ ਦਾ ਵਾਧਾ ਕਰਕੇ ਗੁਰਦੀਪ ਸਿੰਘ ਨੂੰ ਹਿਰਾਸਤ 'ਚ ਲਿਆ।