ਤੇਲ ਕੀਮਤਾਂ 'ਚ ਵਾਧੇ ਵਿਰੁਧ ਯੂਥ ਕਾਂਗਰਸ ਵਲੋਂ ਰੋਸ ਮੁਜ਼ਾਹਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੂੰ ਕੋਈ ਰਾਹਤ ਨਾ ਦੇ ਕੇ ਭਾਜਪਾ ਸਰਕਾਰ ਕਾਰਪੋਰੇਟ ਪੱਖੀ ਸਾਬਤ ਹੋਈ : ਐਡਵੋਕੇਟ ਸਿੱਧੂ

ਤੇਲ ਕੀਮਤਾਂ 'ਚ ਵਾਧੇ ਵਿਰੁਧ ਯੂਥ ਕਾਂਗਰਸ ਵਲੋਂ ਰੋਸ ਮੁਜ਼ਾਹਰਾ

ਐਸ.ਏ.ਐਸ ਨਗਰ, 25 ਜੂਨ (ਸੁਖਦੀਪ ਸਿੰਘ ਸੋਈ): ਪੰਜਾਬ ਕਾਂਗਰਸ ਵਲੋਂ ਤੇਲ ਕੀਮਤਾਂ ਵਿਚ ਵਾਧੇ ਵਿਰੁਧ ਪ੍ਰਦਰਸ਼ਨਾਂ ਦੀ ਲੜੀ ਤਹਿਤ ਅੱਜ ਇਥੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁਧ ਜ਼ਬਰਦਸਤ ਨਾਹਰੇਬਾਜ਼ੀ ਕੀਤੀ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ।


ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਦੋ ਘੰਟੇ ਤਕ ਚਲੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਤੇਲ ਕੀਮਤਾਂ ਵਿਚ ਵਾਧਾ ਕਰ ਰਹੀ ਹੈ ਜਦਕਿ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆ ਰਹੀ ਹੈ। ਇਸ ਦੇ ਬਾਵਜੂਦ ਤੇਲ ਕੀਮਤਾਂ ਵਿਚ ਗ਼ੈਰਸੰਗਤ ਤਰੀਕੇ ਨਾਲ ਵਾਧਾ ਕਰ ਰਿਹਾ ਹੈ, ਜੋ ਤਾਲਾਬੰਦੀ ਕਾਰਨ ਪਹਿਲਾਂ ਹੀ ਮੁਸ਼ਕਲਾਂ ਨਾਲ ਜੂਝ ਰਹੇ ਲੋਕਾਂ 'ਤੇ ਦੂਹਰੀ ਮਾਰ ਹੈ।


ਯੂਥ ਕਾਂਗਰਸ ਆਗੂ ਨੇ ਕਿਹਾ ਕਿ ਤੇਲ ਕੀਮਤਾਂ ਵਿਚ ਵਾਧੇ ਦੇ ਅਸਰ ਬਹੁਪਸਾਰੀ ਹੋਣਗੇ। ਇਸ ਨਾਲ ਜਿਥੇ ਜਨਤਕ ਟਰਾਂਸਪੋਰਟ ਮਹਿੰਗੀ ਹੋਵੇਗੀ,  ਉਥੇ ਮਾਲ ਦੀ ਢੋਆ-ਢੁਆਈ ਮਹਿੰਗੀ ਹੋਣ ਨਾਲ ਮਹਿੰਗਾਈ ਵਧੇਗੀ, ਜੋ ਲੋਕਾਂ ਉਤੇ ਕੋਰੋਨਾ ਤੋਂ ਵੀ ਵੱਡੀ ਮਾਰ ਹੋਵੇਗੀ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਵਿਚ ਵਾਧੇ ਨਾਲ ਇਕੱਲੇ ਪੰਜਾਬ ਦੇ ਕਿਸਾਨਾਂ 'ਤੇ 1300 ਕਰੋੜ ਰੁਪਏ ਦਾ ਬੋਝ ਪਵੇਗਾ ਕਿਉਂਕਿ ਉਨ੍ਹਾਂ ਦੀ ਲਾਗਤ ਵਧੇਗੀ। ਉਨ੍ਹਾਂ ਕਿਹਾ ਕਿ ਇਕ ਪਾਸੇ ਕੈਪਟਨ ਅਮਿਰੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਜਲੀ ਦੀਆਂ ਕੀਮਤਾਂ ਘਟਾ ਕੇ ਮੁਸ਼ਕਲਾਂ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਦੇਣ ਦਾ ਯਤਨ ਕਰ ਰਹੀ ਹੈ, ਜਦਕਿ ਕੇਂਦਰ ਸਰਕਾਰ ਕੀਤਮਾਂ ਵਧਾ ਕੇ ਲੋਕਾਂ ਦਾ ਦੀਵਾਲਾ ਕੱਢਣ 'ਤੇ ਤੁਲੀ ਹੋਈ ਹੈ।


ਐਡਵੋਕੇਟ ਸਿੱਧੂ ਨੇ ਕਿਹਾ ਕਿ ਜੇ ਤੇਲ ਕੀਤਮਾਂ ਵਿਚ ਕੀਤੇ ਵਾਧੇ ਨੂੰ ਵਾਪਸ ਨਾ ਲਿਆ ਤਾਂ ਯੂਥ ਕਾਂਗਰਸ ਇਸ ਵਿਰੁਧ ਦੇਸ਼ ਵਿਆਪੀ ਅੰਦੋਲਨ ਵਿੱਢੇਗੀ ਅਤੇ ਭਾਜਪਾ ਸਰਕਾਰ ਨੂੰ ਅਪਣਾ ਫ਼ੈਸਲਾ ਵਾਪਸ ਲੈਣ ਲਈ ਮਜਬੂਰ ਕਰ ਦੇਵੇਗੀ। ਇਸ ਧਰਨੇ ਦੌਰਾਨ ਤਹਿਸੀਲਦਾਰ ਰਵਿੰਦਰ ਬਾਂਸਲ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲਿਆ। ਇਸ ਮੌਕੇ ਲਾਡੀ ਚੱਕਲ, ਰਾਜਵੀਰ ਰਾਜੀ, ਜਯੰਤ ਪੂੰਜ, ਰਜਤ ਕੌਸ਼ਲ, ਰਾਹੁਲ ਕਾਲੀਆ, ਨਵਜੋਤ ਸਿੰਘ, ਜੌਨੀ ਗੁਡਾਣਾ, ਅਨਮੋਲ ਰਤਨ ਸਿੰਘ, ਮਨਵਾਰ ਇਕਬਾਲ, ਰਮਨਦੀਪ, ਗੁਰਿੰਦਰ ਖੱਟੜਾ, ਜੱਸੀ ਬੱਲੋਮਾਜਰਾ, ਸੰਨੀ ਕੰਡਾ, ਲੱਕੀ ਬਹਿਲੋਲਪੁਰ, ਕਰਨਬੀਰ ਗਿੱਲ ਅਤੇ ਧਨਵੰਤ ਜਿੰਮੀ ਆਦਿ ਹਾਜ਼ਰ ਸਨ।