ਪੰਜਾਬ ਤੇ ਹਰਿਆਣਾ ਦੇ ਕਿਸਾਨ ਰਾਜਧਾਨੀ 'ਚ ਦਾਖ਼ਲ ਹੋ ਕੇ ਰਾਜ ਭਵਨਾਂ ਵੱਲ ਮਾਰਚ ਲਈ ਅੜੇ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਤੇ ਹਰਿਆਣਾ ਦੇ ਕਿਸਾਨ ਰਾਜਧਾਨੀ 'ਚ ਦਾਖ਼ਲ ਹੋ ਕੇ ਰਾਜ ਭਵਨਾਂ ਵੱਲ ਮਾਰਚ ਲਈ ਅੜੇ

image

ਰਾਜਧਾਨੀ ਵਿਚ ਸ਼ਾਂਤਮਈ ਮਾਰਚ ਕਰਨਾ ਸਾਡਾ ਲੋਕਤੰਤਰੀ ਹੱਕ : ਰੁਲਦੂ ਸਿੰਘ


ਚੰਡੀਗੜ੍ਹ, 25 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ ਤੇ ਹਰਿਆਣਾ ਦੇ ਹਜ਼ਾਰਾਂ ਕਿਸਾਨ 26 ਜੂਨ ਨੂੰ  ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਰਾਜਧਾਨੀ ਚੰਡੀਗੜ੍ਹ ਵਿਚ ਸਥਿਤ ਦੋਵਾਂ ਰਾਜਾਂ ਦੇ ਰਾਜ ਭਵਨਾਂ ਤਕ ਸ਼ਹਿਰ ਵਿਚ ਦਾਖ਼ਲ ਹੋ ਕੇ ਮਾਰਚ ਕਰਨ ਲਈ ਅੜ ਗਏ ਹਨ ਜਦਕਿ ਚੰਡੀਗੜ੍ਹ ਤੇ ਪੰਚਕੂਲਾ ਪ੍ਰਸ਼ਾਸਨ ਕਿਸਾਨਾਂ ਨੂੰ  ਸ਼ਹਿਰ ਵਿਚ ਦਾਖ਼ਲ ਨਾ ਹੋਣ ਲਈ ਅਪੀਲ ਕਰ ਰਿਹਾ ਹੈ ਪਰ ਦੋਵਾਂ ਰਾਜਾਂ ਦੇ ਕਿਸਾਨਾਂ ਦੇ ਵੱਡੇ ਇਕੱਠ ਵਲੋਂ ਰਾਜਧਾਨੀ ਵੱਲ ਕੂਚ ਕਰਨ ਦੇ ਐਲਾਨ ਕਾਰਨ ਪੁਲਿਸ ਵਲੋਂ ਅੱਜ ਰਾਤ ਤੋਂ ਹੀ ਬੈਰੀਕੇਡਿੰਗ ਕਰ ਕੇ ਕਿਸਾਨਾਂ ਨੂੰ  ਰੋਕਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ | ਦੋਵਾਂ ਰਾਜਾਂ ਤੋਂ ਆਉਣ ਵਾਲੇ ਕਿਸਾਨਾਂ ਦੀ ਤਿਆਰੀ ਲਈ ਅੱਜ ਖ਼ੁਦ ਵੱਡੇ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਰੁਲਦੂ ਸਿੰਘ ਪਹੁੰਚੇ ਹਨ | ਹਰਿਆਣਾ ਵਿਚ ਗੁਰਨਾਮ ਸਿੰਘ ਚਡੂਨੀ ਵਲੋਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਸ ਕਰ ਕੇ ਚੰਡੀਗੜ੍ਹ ਤੇ ਪੰਚਕੂਲਾ ਪ੍ਰਸ਼ਾਸਨ ਲਈ ਵੱਡੀ ਚੁਨੌਤੀ ਹੈ | ਰਾਜ ਭਵਨਾਂ ਵੱਲ ਮਾਰਚ ਦੇ ਸਬੰਧ ਵਿਚ ਅੱਜ ਪ੍ਰੈਸ ਕਾਨਫ਼ਰੰਸ ਵਿਚ ਜਾਣਕਾਰੀ ਦਿੰਦਿਆਂ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ਼ ਰਾਜ ਭਵਨਾਂ ਤਕ ਸ਼ਾਂਤਮਈ ਮਾਰਚ ਕਰਨਗੇ ਅਤੇ ਘਿਰਾਉ ਦਾ ਕੋਈ ਪ੍ਰੋਗਰਾਮ ਨਹੀਂ | ਉਨ੍ਹਾਂ ਕਿਹਾ ਕਿ ਰਾਜਧਾਨੀ ਵਿਚ ਸ਼ਾਂਤਮਈ ਮਾਰਚ ਕਰਨਾ ਉਨ੍ਹਾਂ ਦਾ ਲੋਕਤੰਤਰੀ ਤੇ ਸੰਵਿਧਾਨਕ ਹੱਕ ਹੈ | ਉਨ੍ਹਾਂ ਦਸਿਆ ਕਿ ਪੰਜਾਬ ਵਿਚੋਂ 10 ਹਜ਼ਾਰ ਤੋਂ ਵੱਧ ਕਿਸਾਨ ਮਾਰਚ ਕਰਨਗੇ ਅਤੇ ਹਰਿਅਣਾ ਵਾਲੇ ਪਾਸਿਉਂ ਵੀ ਇੰਨੇ ਹੀ ਹੋਣਗੇ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਨ੍ਹਾਂ ਮਾਰਚਾਂ ਵਿਚ ਸਿਆਸੀ ਪਾਰਟੀਆਂ ਦੇ ਆਗੂ ਤੇ ਵਰਕਰ ਵੀ ਸ਼ਾਮਲ ਹੋ ਸਕਦੇ ਹਨ ਪਰ ਉਹ ਅਗਵਾਈ ਨਹੀਂ ਕਰਨਗੇ ਤੇ ਆਮ ਕਿਸਾਨਾਂ ਵਾਂਗ ਆਉਣ 'ਤੇ ਕੋਈ ਰੋਕ ਨਹੀਂ |
ਰੁਲਦੂ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਰਵਈਏ ਨੂੰ  ਦੇਖਦਿਆਂ ਰਾਜ ਭਵਨਾਂ ਵੱਲ ਮਾਰਚ ਕਰ ਕੇ ਰਾਸ਼ਟਰਪਤੀ ਤਕ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਰਾਜਪਾਲਾਂ ਰਾਹੀਂ ਮੰਗ ਪੱਤਰ ਦੇ ਕੇ ਗੱਲ ਪਹੁੰਚਾਉਣਾ ਮੁੱਖ ਮਕਸਦ ਹੈ | ਇਸ ਤੋਂ ਬਾਅਦ ਅਗਲੀ ਰਣਨੀਤੀ ਬਣੇਗੀ |