ਪੰਜਾਬ ਦੇ ਸਰਕਾਰੀ ਡਾਕਟਰ ਵੀ ਹੜਤਾਲ 'ਤੇ ਗਏ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਸਰਕਾਰੀ ਡਾਕਟਰ ਵੀ ਹੜਤਾਲ 'ਤੇ ਗਏ

image

    ਐਮਰਜੈਂਸੀ ਛੱਡ ਕੇ ਹੋਰ ਸਿਹਤ ਸੇਵਾਵਾਂ ਠੱਪ ਹੋਣ ਕਾਰਨ ਲੋਕ ਹੋਏ ਪ੍ਰੇਸ਼ਾਨ, ਪੇ ਕਮਿਸ਼ਨ ਦੀ ਰੀਪੋਰਟ ਵਿਚ ਮਿਲਦੀਆਂ ਸਹੂਲਤਾਂ 'ਚ ਕਟੌਤੀ ਵਿਰੁਧ ਰੋਸ


ਚੰਡੀਗੜ੍ਹ, 25 ਜੂਨ (ਗੁਰਉਪਦੇਸ਼ ਭੁੱਲਰ) : ਜਿਥੇ ਪੰਜਾਬ ਸਰਕਾਰ ਦੇ ਦਫ਼ਤਰੀ ਕਾਮੇ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ  ਲੈ ਕੇ ਅੱਜ ਤੀਜੇ ਦਿਨ ਵੀ ਕਲਮਛੋੜ ਹੜਤਾਲ ਤੇ ਰਹੇ, ਉਥੇ ਹੁਣ ਦੂਜੇ ਪਾਸੇ ਕਈ ਭੱਤਿਆਂ ਵਿਚ ਕਟੌਤੀ ਦੇ ਵਿਰੋਧ ਵਿਚ ਸੂਬੇ ਦੇ ਸਰਕਾਰੀ ਡਾਕਟਰ ਵੀ ਅੱਜ ਹੜਤਾਲ 'ਤੇ ਚਲੇ ਗਏ ਹਨ |
ਉਨ੍ਹਾਂ ਵਲੋਂ ਸੂਬੇ ਭਰ ਵਿਚ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਐਮਰਜੈਂਸੀ ਸੇਵਾਵਾਂ ਨੂੰ  ਛੱਡ ਕੇ ਬਾਕੀ ਸੱਭ ਸਿਹਤ ਸੇਵਾਵਾਂ ਠੱਪ ਕਰ ਦਿਤੀਆਂ ਹਨ | ਇਸ ਕਾਰਨ ਆਮ ਮਰੀਜ਼ਾਂ ਨੂੰ  ਅੱਜ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਸਰਕਾਰੀ ਡਾਕਟਰਾਂ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਉਪਰ ਹੋਈ ਹੜਤਾਲ ਬਾਰੇ ਪੀ.ਸੀ.ਐਮ.ਐਸ. ਡਾਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਗਗਨਦੀਪ ਸਿੰਘ ਨੇ ਦਸਿਆ ਕਿ ਉਨ੍ਹਾਂ ਕੋਵਿਡ ਦੇ ਔਖੇ ਸਮੇਂ ਵਿਚ ਅਪਣੀਆਂ ਜਾਨਾਂ 'ਤੇ ਖੇਡ ਕੇ ਡਿਊਟੀ ਕੀਤੀ ਪਰ ਸਰਕਾਰ ਨੇ ਉਨ੍ਹਾਂ ਨੂੰ  ਵਿਸ਼ੇਸ਼ ਸਹੂਲਤਾਂ ਤੇ ਰਿਆਇਤਾ ਦੀ ਥਾਂ ਉਲਟਾ ਪਹਿਲਾਂ ਮਿਲਦੇ ਭੱਤਿਆਂ ਤੇ ਸਹੂਲਤਾਂ ਵਿਚ ਹੀ ਕਟੌਤੀ ਕਰ ਦਿਤੀ ਹੈ | ਉਨ੍ਹਾਂ ਐਨ.ਪੀ.ਏ. ਘਟਾਉਣ ਸਮੇਤ ਹੋਰ ਕਟੌਤੀਆਂ ਖ਼ਤਮ ਕਰਨ ਲਈ ਸਰਕਾਰ ਨੂੰ  ਅਪੀਲ ਵੀ ਕੀਤੀ ਹੈ |