ਰਾਹੁਲ ਗਾਂਧੀ ਹੁਣ ਮਸਲੇ ਦੇ ਹੱਲ ਲਈ ਖ਼ੁਦ ਕਰ ਰਹੇ ਹਨ ਆਗੂਆਂ ਨਾਲ ਗੱਲਬਾਤ

ਏਜੰਸੀ

ਖ਼ਬਰਾਂ, ਪੰਜਾਬ

ਰਾਹੁਲ ਗਾਂਧੀ ਹੁਣ ਮਸਲੇ ਦੇ ਹੱਲ ਲਈ ਖ਼ੁਦ ਕਰ ਰਹੇ ਹਨ ਆਗੂਆਂ ਨਾਲ ਗੱਲਬਾਤ

image

ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਨੂੰ  ਵੀ ਇਕ ਦੋ ਦਿਨ ਵਿਚ ਸੱਦਿਆ ਜਾ ਸਕਦਾ ਹੈ ਦਿੱਲੀ


ਚੰਡੀਗੜ੍ਹ, 25 ਜੂਨ (ਭੁੱਲਰ) : ਪੰਜਾਬ ਕਾਂਗਰਸ ਦੇ ਸੰਕਟ ਦੇ ਹੱਲ ਲਈ ਕਾਂਗਰਸ ਹਾਈਕਮਾਨ ਵਲੋਂ ਅੱਜ ਵੀ ਕੋਸ਼ਿਸ਼ਾਂ ਜਾਰੀ ਰਹੀਆਂ ਹਨ | ਹੁਣ ਖ਼ੁਦ ਰਾਹੁਲ ਗਾਂਧੀ ਨੇ ਕਮਾਨ ਸੰਭਾਲ ਲਈ ਹੈ ਤੇ ਉਹ ਲਗਾਤਾਰ ਪੰਜਾਬ ਦੇ ਸਾਰੇ ਪੁਰਾਣੇ ਤੇ ਨਵੇਂ ਆਗੂਆਂ ਨਾਲ ਵਿਚਾਰ ਵਟਾਂਦਰਾ ਕਰ ਕੇ ਮਸਲੇ ਦੇ ਹੱਲ ਲਈ ਸੁਝਾਅ ਲੈ ਰਹੇ ਹਨ |
ਅੱਜ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਵਿਧਾਇਕ ਲਖਵੀਰ ਲੱਖਾ ਤੇ ਹਰਦੇਵ ਲਾਡੀ ਨਾਲ ਗੱਲਬਾਤ ਕੀਤੀ ਹੈ | ਇਹ ਵੀ ਪਤਾ ਲੱਗਾ ਹੈ ਕਿ ਹੁਣ ਇਸ ਤੋਂ ਬਾਅਦ ਆਖ਼ਰੀ ਫ਼ੈਸਲਾ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਨੂੰ  ਬੁਲਾ ਕੇ ਉਨ੍ਹਾਂ ਨਾਲ ਵੀ ਇਕ ਦੋ ਦਿਨ ਵਿਚ ਗੱਲਬਾਤ ਕੀਤੀ ਜਾ ਸਕਦੀ ਹੈ | ਪਾਰਟੀ ਹਾਈਕਮਾਨ ਦੀ ਤਿੰਨ ਮੈਂਬਰੀ ਕਮੇਟੀ ਤੋਂ ਇਲਾਵਾ ਅੰਬਿਕਾ ਸੋਨੀ ਵੀ ਅਪਣੇ ਪੱਧਰ 'ਤੇ ਪੰਜਾਬ ਦੇ ਆਗੂਆਂ ਨਾਲ ਗੱਲਬਾਤ ਜਾਰੀ ਰੱਖ ਰਹੇ ਹਨ | ਹਾਈਕਮਾਨ ਵਲੋਂ ਸਾਰੇ ਆਗੂਆਂ ਨੂੰ  ਫ਼ੈਸਲਾ ਹੋਣ ਤਕ ਕਿਸੇ ਵੀ ਤਰ੍ਹਾਂ ਦੀ ਇਕ ਦੂਜੇ ਵਿਰੋਧੀ ਬਿਆਨਬਾਜ਼ੀ ਤੋਂ ਮੁੜ ਵਰਜਿਆ ਹੈ |
ਅੱਜ ਰਾਹੁਲ ਗਾਂਧੀ ਨਾਲ ਗੱਲਬਾਤ ਕਰਨ ਵਾਲੇ ਆਗੂਆਂ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਛੇਤੀ ਹੀ ਮਸਲੇ ਦਾ ਹੱਲ ਹੋ ਜਾਵੇਗਾ ਅਤੇ ਸੱਭ ਦੀਆਂ ਧਿਆਨ ਨਾਲ ਗੱਲਾਂ ਸੁਣੀਆਂ ਜਾ ਰਹੀਆਂ ਹਨ | ਮੀਟਿੰਗ ਤੋਂ ਬਾਅਦ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਉਨ੍ਹਾਂ ਜਿਥੇ ਵਾਅਦੇ ਦੋ ਤਿੰਨ ਮਹੀਨੇ ਵਿਚ ਪੂਰੇ ਕਰਨ ਦਾ ਸੁਝਾਅ ਦਿਤਾ ਹੈ, ਉਥੇ ਨੁਕਰੇ ਲੱਗੇ ਟਕਸਾਲੀ ਤੇ ਹੋਰ ਮਿਹਨਤੀ ਕਾਂਗਰਸੀਆਂ ਦਾ ਮਾਣ ਸਨਮਾਨ ਬਹਾਲ ਕਰਨ ਦੀ ਵੀ ਗੱਲ ਆਖੀ ਹੈ | ਹੁਣ ਸੱਭ ਨਜ਼ਰਾਂ ਹਾਈਕਮਾਨ ਦੇ ਫ਼ੈਸਲੇ 'ਤੇ ਹੀ ਟਿਕੀਆਂ ਹਨ |