ਕਸ਼ਮੀਰੀ ਪੰਡਤਾਂ ਨੇ ਅਪਣੀ ਮੰਗ ਨੂੰ ਲੈ ਕੇ ਫਿਰ ਕੀਤਾ ਪ੍ਰਦਰਸ਼ਨ
ਕਸ਼ਮੀਰੀ ਪੰਡਤਾਂ ਨੇ ਅਪਣੀ ਮੰਗ ਨੂੰ ਲੈ ਕੇ ਫਿਰ ਕੀਤਾ ਪ੍ਰਦਰਸ਼ਨ
ਜੰਮੂ, 25 ਜੂਨ : ਸੈਂਕੜੇ ਪ੍ਰਵਾਸੀ ਕਸ਼ਮੀਰੀ ਪੰਡਤ ਕਰਮਚਾਰੀਆਂ ਨੇ ਅੱਜ ਇਥੇ ਇਕ ਵਾਰ ਫਿਰ ਪ੍ਰਦਰਸ਼ਨ ਕੀਤਾ ਅਤੇ ਉਪ ਰਾਜਪਾਲ ਮਨੋਜ ਸਿਨਹਾ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਘਾਟੀ ਤੋਂ ਬਾਹਰ ਤਬਦੀਲ ਕਰਨ ਦੀ ਉਨ੍ਹਾਂ ਦੀ ਮੰਗ ਮੰਨ ਲੈਣ। ਜੰਮੂ ਪ੍ਰੈੱਸ ਕਲੱਬ ਦੇ ਬਾਹਰ ‘ਆਲ ਪ੍ਰਵਾਸੀ ਕਰਮਚਾਰੀ ਐਸੋਸੀਏਸ਼ਨ ਕਸ਼ਮੀਰ’ ਦੇ ਬੈਨਰ ਹੇਠ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਘਾਟੀ ਵਿਚ ਹੀ ਉਨ੍ਹਾਂ ਦੇ ਕਿਸੇ ਸੁਰੱਖਿਅਤ ਸਥਾਨ ’ਤੇ ਤਬਾਦਲੇ ਦੇ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਦੇ ਹਨ।
ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਏ.ਕੇ. ਭੱਟ ਨੇ ਪੱਤਰਕਾਰਾਂ ਨੂੰ ਦਸਿਆ, “ਕਸ਼ਮੀਰੀ ਪੰਡਤ ਕਰਮਚਾਰੀ ਪਿਛਲੇ 40 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਕਸ਼ਮੀਰ ਵਿਚ ਗੰਭੀਰ ਸਥਿਤੀ ਹੈ ਅਤੇ ਜਾਨ ਨੂੰ ਖਤਰਾ ਹੈ, ਇਸ ਲਈ ਕਿਸੇ ਹੋਰ ਥਾਂ ’ਤੇ ਜਾਣ ਦੀ ਸਾਡੀ ਮੰਗ ਜਾਇਜ਼ ਹੈ। ਉਸਨੇ ਕਿਹਾ, “ਪੰਡਤ ਕਰਮਚਾਰੀ ਸਿਰਫ਼ ਕਸ਼ਮੀਰ ਦੀ ਸੇਵਾ ਕਰਨ ਲਈ ਹੁੰਦੇ ਹਨ, ਜਿਸ ਨੂੰ ਪ੍ਰਸ਼ਾਸਨ ਦੇ ਕੱੁਝ ਲੋਕ ਮੰਨਦੇ ਹਨ। ਜੰਮੂ ਵਿਚ ਕੱੁਝ ਜ਼ਿਲ੍ਹੇ ਅਜਿਹੇ ਹਨ ਜਿਥੇ ਉਨ੍ਹਾਂ ਦੀ ਲੋੜ ਹੈ ਅਤੇ ਉਹ ਸਮਾਜ ਦੇ ਭਲੇ ਲਈ ਬਿਹਤਰ ਕੰਮ ਕਰ ਸਕਦੇ ਹਨ।’’ ਇਕ ਹੋਰ ਪੰਡਤ ਮੁਲਾਜ਼ਮ ਸੁਸਾਂਤ ਨੇ ਦਸਿਆ ਕਿ ਅਜੇ ਤਕ ਉਨ੍ਹਾਂ ਨੂੰ ਸਰਕਾਰ ਵਲੋਂ ਕੋਈ ਭਰੋਸਾ ਨਹੀਂ ਮਿਲਿਆ ਹੈ। (ਏਜੰਸੀ)