ਲੋਕ ਕਹਿੰਦੇ ਸੀ ਤੈਨੂੰ ਤਾਂ ਕੋਈ ਵੋਟ ਨਹੀਂ ਪਾਉਂਦਾ ਤੇ ਮੈਂ ਇੰਨੇ ਵੱਡੇ ਬੰਦੇ ਹਰਾ ਦਿੱਤੇ - ਸਿਮਰਨਜੀਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਨੂੰ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੇ ਜੋ ਸੇਧ ਦਿੱਤੀ ਹੈ ਕਿ ਅਮਨ ਸ਼ਾਂਤੀ ਨਾਲ ਰਹਿਣਾ ਇਹ ਉਸ ਦੀ ਜਿੱਤ ਹੋਈ ਹੈ।

Simranjeet Mann

 

ਸੰਗਰੂਰ - 23 ਸਾਲ ਬਾਅਦ ਅੱਜ ਸਿਮਰਨਜੀਤ ਸਿੰਘ ਮਾਨ ਨੇ ਸੰਗੂਰਰ ਦੀ ਜ਼ਿਮਨੀ ਚੋਣ ਤੀਜੀ ਵਾਰ ਜਿੱਤ ਲਈ ਹੈ।  ਸੰਗਰੂਰ ਲੋਕ ਸਭਾ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਾਰਚ 2022 ਵਿਚ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਅਸਤੀਫ਼ਾ ਦੇਣ ਤੋਂ ਬਾਅਦ ਖਾਲੀ ਹੋਈ ਸੀ ਅਤੇ ਇਸ ਸੀਟ ਉੱਤੇ 23 ਜੂਨ ਨੂੰ ਵੋਟਾਂ ਪਈਆਂ ਸਨ।

ਅੱਜ ਇਸ ਚੋਣ ਦੇ ਨਤੀਜੇ ਸਨ ਤੇ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕੀਤੀ ਹੈ। ਜਿੱਤ ਤੋਂ ਬਾਅਦ ਉਹਨੇ ਨੇ ਪ੍ਰੈਸ ਕਾਨਫ਼ਰੰਸ ਵੀ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹਨਾਂ ਨੇ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਰਗੀਆਂ ਪਾਰਟੀਆਂ ਦਾ ਲੱਕ ਤੋੜ ਦਿੱਤਾ ਹੈ। ਉਹਨਾਂ ਕਿਹਾ ਕਿ ਲੋਕ ਤਾਂ ਉਹਨਾਂ ਨੂੰ ਕਹਿੰਦੇ ਸੀ ਕਿ ਤੈਨੂੰ ਤਾਂ ਕੋਈ ਵੋਟ ਹੀ ਨਹੀਂ ਪਾਉਂਦਾ ਤੇ ਮੈਂ ਇੰਨੇ ਵੱਡੇ ਬੰਦੇ ਹਰਾ ਦਿੱਤੇ। 

ਉਹਨਾਂ ਕਿਹਾ ਕਿ ਸਾਨੂੰ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੇ ਜੋ ਸੇਧ ਦਿੱਤੀ ਹੈ ਕਿ ਅਮਨ ਸ਼ਾਂਤੀ ਨਾਲ ਰਹਿਣਾ ਇਹ ਉਸ ਦੀ ਜਿੱਤ ਹੋਈ ਹੈ। ਇਸ ਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਨੇ ਰਾਸ਼ਟਰਪਤੀ ਚੋਣ ਲਈ ਚੁਣੇ ਗਏ ਐੱਨਡੀਏ ਦੇ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਲੈ ਕੇ ਕਿਹਾ ਕਿ ਉਙ ਇਕ ਕਬਾਇਲੀ ਸਮਾਜ ਵਿਚੋਂ ਹਨ ਤੇ ਮੈਂ ਕਬਾਇਲੀ ਸਮਾਜ ਨਾਲ ਹੋ ਰਹੇ ਵਿਤਕਰੇ ਨੂੰ ਲੈ ਕੇ ਉਹਨਾਂ ਨਾਲ ਮੁਲਾਕਾਤ ਕਰਾਂਗਾ। 

ਮਾਨ ਨੇ ਕਿਹਾ ਕਿ ਸਾਡੇ ਸੰਗਰੂਰ ਦੀ ਹਾਲਤ ਬਹੁਤ ਖਰਾਬ ਹੈ ਤੇ ਉੱਥੋਂ ਦੇ ਕਿਸਾਨ ਵੀ ਕਰਜ਼ਾਈ ਹੋ ਗਏ ਹਨ ਤੇ ਉਹ ਖੁਦਕੁਸ਼ੀਆਂ ਕਰ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਪਾਕਿਸਤਾਨ ਦਾ ਬਾਰਡਰ ਹੈ ਵਾਹਘਾ ਅੰਦਰ ਉਸ ਨੂੰ ਖੁੱਲਵਾਇਆ ਜਾਵੇ ਕਿਉਂਕਿ ਸਾਡੇ ਕੋਲ ਕਣਕ ਦਾ ਭੰਡਾਰ ਬਹੁਤ ਜ਼ਿਆਦਾ ਹੈ ਤੇ ਪਾਕਿਸਤਾਨ ਕੋਲ ਘੱਟ। ਬਾਰਡਰ ਖੁਲਵਾਉਣ ਨਾਲ ਕਿਸਾਨ ਅਪਣੀਆਂ ਜਿਨਸਾਂ ਹਰ ਪਾਸੇ ਵੇਚ ਸਕਣਗੇ। 

ਉਹਨਾਂ ਕਿਹਾ ਕਿ ਪਾਰਲੀਮੈਂਟ ਵਿਚ ਚੁੱਕਣ ਵਾਲੇ ਮੁੱਦੇ ਬਹੁਤ ਹਨ। ਉਹਨਾਂ ਸਰਕਾਰ ਦੀ ਅਗਨੀਪਥ ਸਕੀਮ ਨੂੰ ਲੈ ਕੇ ਕਿਹਾ ਕਿ ਇਹ ਸਰਕਾਰ ਹਿੰਦੁਤਵਾਦੀ ਹੈ ਇਸ ਨੇ ਕਦੇ ਰਾਜ ਨਹੀਂ ਕੀਤਾ ਸਿਵਾਏ ਅਯੁੱਧਿਆ ਤੋਂ ਤੇ ਇਹਨਾਂ ਨੂੰ ਫੌਜ ਬਾਰੇ ਬਿਲਕੁਲ ਨਹੀਂ ਪਤਾ। ਉਹਨਾਂ ਕਿਹਾ ਕਿ ਹੁਣ ਪਾਰਲੀਮੈਂਟ ਵਿਚ ਉਹ ਸਾਰੇ ਮੁੱਦੇ ਚੁੱਕੇ ਜਾਣਗੇ ਜੋ ਅੱਜ ਤੱਕ ਨਹੀਂ ਚੁੱਕੇ ਗਏ।