ਤਿ੍ਰਣਮੂਲ ਕਾਂਗਰਸ ਅਸਾਮ ਵਿਚ ਸਥਾਨਕ ਪੱਧਰ ’ਤੇ ਭਾਜਪਾ ਵਿਰੋਧੀ ਪਾਰਟੀਆਂ ਨਾਲ ਗਠਜੋੜ ਲਈ ਤਿਆਰ : ਰਿਪੁਨ ਬੋਰਾ
ਤਿ੍ਰਣਮੂਲ ਕਾਂਗਰਸ ਅਸਾਮ ਵਿਚ ਸਥਾਨਕ ਪੱਧਰ ’ਤੇ ਭਾਜਪਾ ਵਿਰੋਧੀ ਪਾਰਟੀਆਂ ਨਾਲ ਗਠਜੋੜ ਲਈ ਤਿਆਰ : ਰਿਪੁਨ ਬੋਰਾ
ਗੁਹਾਟੀ, 25 ਜੂਨ : ਤਿ੍ਰਣਮੂਲ ਕਾਂਗਰਸ ਦੀ ਅਸਾਮ ਇਕਾਈ ਦੇ ਪ੍ਰਧਾਨ ਰਿਪੁਨ ਬੋਰਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਥਾਨਕ ਪੱਧਰ ’ਤੇ ਭਾਜਪਾ ਵਿਰੁਧ ਹਮਲਾਵਰ ਢੰਗ ਨਾਲ ਲੜ ਰਹੀਆਂ ਪਾਰਟੀਆਂ ਨਾਲ ਗਠਜੋੜ ਕਰਨ ਲਈ ਤਿਆਰ ਹੈ। ਹਾਲਾਂਕਿ, ਉਨ੍ਹਾਂ ਨੇ ਬਦਰੂਦੀਨ ਅਜਮਲ ਦੀ ਅਗਵਾਈ ਵਾਲੀ ਏਆਈਯੂਡੀਐਫ਼ ਨੂੰ ਭਾਜਪਾ ਦੀ “ਬੀ-ਟੀਮ’’ ਕਰਾਰ ਦਿਤਾ ਅਤੇ ਦਾਅਵਾ ਕੀਤਾ ਕਿ ਪਾਰਟੀ ਨਾਲ ਕਿਸੇ ਵੀ ਸਥਿਤੀ ਵਿਚ ਗਠਜੋੜ ਨਹੀਂ ਕੀਤਾ ਜਾਵੇਗਾ।
ਬੋਰਾ ਨੇ ਇਸ ’ਤੇ ਸਪੱਸ਼ਟ ਜਵਾਬ ਨਹੀਂ ਦਿਤਾ ਕਿ ਕੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤਿ੍ਰਣਮੂਲ ਕਾਂਗਰਸ ਅਸਾਮ ’ਚ ਕਾਂਗਰਸ ਨਾਲ ਗਠਜੋੜ ਕਰੇਗੀ। ਕਾਂਗਰਸ ਨਾਲ ਗਠਜੋੜ ਦੀ ਸੰਭਾਵਨਾ ’ਤੇ, ਬੋਰਾ ਨੇ ਕਿਹਾ ਕਿ ਅਸਾਮ ਵਿਚ ਮੁੱਖ ਵਿਰੋਧੀ ਪਾਰਟੀ ਭਾਜਪਾ ਨਾਲ ਉਸ ਤਰ੍ਹਾਂ ਨਹੀਂ ਲੜ ਰਹੀ ਜਿਸ ਤਰ੍ਹਾਂ ਮੁਕਾਬਲਾ ਕਰਨਾ ਚਾਹੀਦਾ ਹੈ।
ਬੋਰਾ ਨੇ ਗੁਹਾਟੀ ’ਚ ਪਾਰਟੀ ਦੀ ਪਹਿਲੀ ਸੂਬਾ ਕਾਰਜਕਾਰਨੀ ਦੀ ਬੈਠਕ ਦੇ ਮੌਕੇ ’ਤੇ ਪੀਟੀਆਈ ਨੂੰ ਦਸਿਆ, ‘‘ਸਾਡੀ ਕੇਂਦਰੀ ਲੀਡਰਸ਼ਿਪ ਨੇ ਸਾਡੀ ਸੂਬਾ ਇਕਾਈ ਨੂੰ ਸਥਾਨਕ ਪੱਧਰ ’ਤੇ ਪਾਰਟੀਆਂ ਨਾਲ ਗਠਜੋੜ ਕਰਨ ਦਾ ਅਧਿਕਾਰ ਦਿਤਾ ਹੈ। ਹਾਲਾਂਕਿ, ਏਆਈਯੂਡੀਐਫ਼ ਨਾਲ ਕਿਸੇ ਵੀ ਸਥਿਤੀ ਵਿਚ ਕੋਈ ਗਠਜੋੜ ਨਹੀਂ ਹੋਵੇਗਾ ਕਿਉਂਕਿ ਇਹ ਹੁਣ ਵਿਰੋਧੀ ਪਾਰਟੀ ਨਹੀਂ ਬਲਕਿ ਭਾਜਪਾ ਦੀ ‘ਬੀ-ਟੀਮ’ ਹੈ। ਸੂਬੇ ਦੀ ਕਿਸੇ ਵੀ ਪਾਰਟੀ ਦਾ ਨਾਂ ਲਏ ਬਿਨਾਂ ਤਿ੍ਰਣਮੂਲ ਕਾਂਗਰਸ ਦੇ ਨੇਤਾ ਨੇ ਕਿਹਾ, “ਤਿ੍ਰਣਮੂਲ ਕਾਂਗਰਸ ਉਨ੍ਹਾਂ ਪਾਰਟੀਆਂ ਨਾਲ ਹੱਥ ਮਿਲਾਉਣਾ ਚਾਹੁੰਦੀ ਹੈ, ਜੋ ਭਾਜਪਾ ਨਾਲ ਹਮਲਾਵਰ ਢੰਗ ਨਾਲ ਲੜ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਤਿ੍ਰਣਮੂਲ ਕਾਂਗਰਸ ਸੂਬੇ ਵਿਚ ਵੱਡੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰੇਗੀ। (ਏਜੰਸੀ)