ਅਸੀਂ ਸ਼ਿਵ ਸੈਨਾ ਨਹੀਂ ਛੱਡੀ, ਏਕਨਾਥ ਸ਼ਿੰਦੇ ਸਾਡੇ ਨੇਤਾ ਹਨ : ਬਾਗ਼ੀ ਵਿਧਾਇਕ

ਏਜੰਸੀ

ਖ਼ਬਰਾਂ, ਪੰਜਾਬ

ਅਸੀਂ ਸ਼ਿਵ ਸੈਨਾ ਨਹੀਂ ਛੱਡੀ, ਏਕਨਾਥ ਸ਼ਿੰਦੇ ਸਾਡੇ ਨੇਤਾ ਹਨ : ਬਾਗ਼ੀ ਵਿਧਾਇਕ

image

ਮੁੰਬਈ, 25 ਜੂਨ : ਸ਼ਿਵ ਸੈਨਾ ਦੇ ਨਾਰਾਜ਼ ਵਿਧਾਇਕ ਦੀਪਕ ਕੇਸਰਕਰ ਨੇ ਅੱਜ ਕਿਹਾ ਕਿ ਬਾਗ਼ੀ ਧੜੇ ਕੋਲ ਵਿਧਾਇਕ ਦਲ ਵਿਚ ਦੋ ਤਿਹਾਈ ਬਹੁਮਤ ਹੈ ਅਤੇ ਉਸ ਨੇ ਮਹਾਰਾਸ਼ਟਰ ਦੇ ਸੀਨੀਅਰ ਮੰਤਰੀ ਏਕਨਾਥ ਸ਼ਿੰਦੇ ਨੂੰ ਅਪਣਾ ਨੇਤਾ ਨਿਯੁਕਤ ਕੀਤਾ ਹੈ। ਸ਼ਿੰਦੇ ਅਤੇ ਹੋਰ ਬਾਗ਼ੀ ਵਿਧਾਇਕ ਆਸਾਮ ਦੇ ਗੁਹਾਟੀ ਸ਼ਹਿਰ ਵਿਚ ਡੇਰਾ ਲਾਏ ਹੋਏ ਹਨ, ਜਿਨ੍ਹਾਂ ਦੀ ਬਗ਼ਾਵਤ ਕਾਰਨ ਮਹਾਰਾਸਟਰ ਵਿਚ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ ਸਰਕਾਰ ਨੂੰ ਖਤਰਾ ਹੈ।
ਗੁਹਾਟੀ ਤੋਂ ਇਕ ਆਨਲਾਈਨ ਪ੍ਰੈੱਸ ਕਾਨਫਰੰਸ ਵਿਚ ਕੇਸਰਕਰ ਨੇ ਕਿਹਾ ਕਿ ਉਨ੍ਹਾਂ ਨੇ ਸ਼ਿਵ ਸੈਨਾ ਨਹੀਂ ਛੱਡੀ ਹੈ, ਪਰ ਅਪਣੇ ਸਮੂਹ ਦਾ ਨਾਮ ਸ਼ਿਵ ਸੈਨਾ (ਬਾਲਾ ਸਾਹਿਬ) ਰਖਿਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ 16 ਜਾਂ 17 ਲੋਕ ਹੀ 55 ਵਿਧਾਇਕਾਂ ਦੇ ਗਰੁੱਪ ਦੇ ਆਗੂ ਨੂੰ ਨਹੀਂ ਬਦਲ ਸਕਦੇ ਅਤੇ ਸ਼ਿਵ ਸੈਨਾ ਦਾ ਬਾਗ਼ੀ ਧੜਾ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਜਰਵਾਲ ਵਲੋਂ ਸ਼ਿੰਦੇ ਨੂੰ ਸ਼ਿਵ ਸੈਨਾ ਗਰੁੱਪ ਦਾ ਆਗੂ ਬਣਾਉਣ ਦੇ ਹੁਕਮ ਨੂੰ ਅਦਾਲਤ ਵਿਚ ਚੁਣੌਤੀ ਦੇਵੇਗਾ।
ਕੇਸਰਕਰ ਨੇ ਕਿਹਾ, “ਵਿਧਾਇਕਾਂ ਨੇ ਪਾਰਟੀ ਪ੍ਰਧਾਨ ਊਧਵ ਠਾਕਰੇ ਨੂੰ ਕਿਹਾ ਸੀ ਕਿ ਜਿਸ ਪਾਰਟੀ ਨਾਲ ਅਸੀਂ ਚੋਣਾਂ ਲੜੀਆਂ ਹਨ, ਸਾਨੂੰ ਉਸੇ ਪਾਰਟੀ ਨਾਲ ਜੁੜੇ ਰਹਿਣਾ ਚਾਹੀਦਾ ਹੈ... ਜਦੋਂ ਇੰਨੇ ਸਾਰੇ ਲੋਕ ਇਕੋ ਰਾਏ ਜਤਾਉਂਦੇ ਹਨ ਤਾਂ ਇਸ ਵਿਚ ਕੁੱਝ ਠੋਸ ਹੋਣਾ ਚਾਹੀਦਾ ਹੈ।’’ ਉਹ ਸ਼ਿੰਦੇ ਸਮੂਹ ਦੀ ਸ਼ੁਰੂਆਤੀ ਮੰਗ ਦਾ ਹਵਾਲਾ ਦੇ ਰਿਹਾ ਸੀ ਕਿ ਸ਼ਿਵ ਸੈਨਾ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਮੁੜ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਨਾਲ ਸਬੰਧ ਤੋੜਨਾ ਚਾਹੀਦਾ ਹੈ।
ਇਹ ਪੁਛੇ ਜਾਣ ’ਤੇ ਕਿ ਕੀ ਸਿੰਦੇ ਸਮੂਹ ਮਹਾਰਾਸ਼ਟਰ ’ਚ ਊਧਵ ਠਾਕਰੇ ਸਰਕਾਰ ਤੋਂ ਸਮਰਥਨ ਵਾਪਸ ਲੈ ਲਵੇਗਾ, ਕੇਸਰਕਰ ਨੇ ਕਿਹਾ, ‘ਸਾਨੂੰ ਸਮਰਥਨ ਕਿਉਂ ਵਾਪਸ ਲੈਣਾ ਚਾਹੀਦਾ? ਅਸੀਂ ਸ਼ਿਵ ਸੈਨਾ ਹਾਂ। ਅਸੀਂ ਪਾਰਟੀ ਨੂੰ ਹਾਈਜੈਕ ਨਹੀਂ ਕੀਤਾ, ਐਨਸੀਪੀ ਅਤੇ ਕਾਂਗਰਸ ਨੇ ਹਾਈਜੈਕ ਕੀਤਾ ਹੈ।’’ 
ਉਨ੍ਹਾਂ ਇਹ ਵੀ ਕਿਹਾ ਕਿ ਸ਼ਿੰਦੇ ਗਰੁੱਪ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰੇਗਾ ਪਰ ਅਸੀਂ ਕਿਸੇ ਹੋਰ ਸਿਆਸੀ ਪਾਰਟੀ ਵਿਚ ਰਲੇਵਾਂ ਨਹੀਂ ਕਰਾਂਗੇ। ਕੇਸਰਕਰ ਨੇ ਕਿਹਾ, “ਅਸੀਂ ਅਪਣੇ ਸਮੂਹ ਦਾ ਨਾਂ ਸ਼ਿਵ ਸੈਨਾ (ਬਾਲਾ ਸਾਹਿਬ) ਰੱਖਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਅਸੀਂ ਉਨ੍ਹਾਂ ਦੀ (ਬਾਲ ਠਾਕਰੇ) ਵਿਚਾਰਧਾਰਾ ਵਿਚ ਵਿਸ਼ਵਾਸ ਰੱਖਦੇ ਹਾਂ।’’    (ਏਜੰਸੀ)