ਨਾਜਾਇਜ਼ ਸ਼ਰਾਬ ਦੀਆਂ 10 ਪੇਟੀਆਂ ਸਮੇਤ ਪਿਓ-ਪੁੱਤ ਕਾਬੂ
ਮੁਲਜ਼ਮ ਕੁੱਝ ਦਿਨ ਵਿਚ ਕੈਨੇਡਾ ਜਾਣ ਦੀ ਬਣਾ ਰਿਹਾ ਸੀ ਯੋਜਨਾ
ਹੁਸ਼ਿਆਰਪੁਰ : ਇਹ ਬਹੁਤ ਘੱਟ ਦੇਖਣ ਲਈ ਮਿਲਦਾ ਹੈ ਕਿ ਜੇਕਰ ਕੋਈ ਪਿਤਾ ਗ਼ਲਤ ਕੰਮ ਵਿਚ ਪਿਆ ਹੋਵੇ ਤਾਂ ਉਹ ਅਪਣੇ ਬੱਚੇ ਨੂੰ ਵੀ ਉਸੇ ਦਲਦਲ ਵਿਚ ਖਿੱਚੇ ਸਗੋਂ ਮਾਪਿਆਂ ਵਲੋਂ ਅਪਣੇ ਬੱਚਿਆਂ ਨੂੰ ਗ਼ਲਤ ਸੰਗਤੀ ਤੋਂ ਦੂਰ ਰੱਖਣ ਲਈ ਹਰ ਹੀਲਾ ਕੀਤਾ ਜਾਂਦਾ ਹੈ।
ਹੁਸ਼ਿਆਰਪੁਰ ਵਿਚ ਇਸ ਦੇ ਉਲਟ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਬਾਪ ਅਪਣੇ ਨੌਜੁਆਨ ਪੁੱਤ ਨੂੰ ਨਾਲ ਲੈ ਕੇ ਸ਼ਹਿਰ ਵਿਚ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਦਾ ਫੜਿਆ ਗਿਆ ਹੈ, ਥਾਣਾ ਸਦਰ ਤੇ ਸੀ.ਆਈ.ਏ. ਸਟਾਫ਼ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਸਥਾਨਕ ਬਜਵਾੜਾ ਚੌਂਕ ਕੋਲ ਕੀਤੀ ਨਾਕਾਬੰਦੀ ਦੌਰਾਨ ਇਕ ਆਈ-20 ਕਾਰ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਨਾਜਾਇਜ਼ ਸ਼ਰਾਬ ਦੀਆਂ 10 ਪੇਟੀਆਂ ਬ੍ਰਾਮਦ ਕੀਤੀਆਂ ਗਈਆਂ। ਨਜਾਇਜ ਸ਼ਰਾਬ ਦੀ ਤਸਕਰੀ ਕਰਨ ਵਾਲੇ ਲੋਕਾਂ ਦੀ ਪਛਾਣ ਗੋਪਾਲ ਕ੍ਰਿਸ਼ਨ ਤੇ ਉਸ ਦੇ ਪੁੱਤਰ ਸਾਗਰ ਟੰਡਨ ਵਜੋਂ ਹੋਈ ਹੈ।ਦੋਵਾਂ ਨੂੰ ਥਾਣਾ ਸਦਰ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਪੁੱਛਗਿੱਛ ਜਾਰੀ ਹੈ। ਪੁਲਿਸ ਵਲੋਂ ਫੜਿਆ ਗਿਆ ਗੋਪਾਲ ਕ੍ਰਿਸ਼ਨ ਦਿਨ ਦੇ ਸਮੇਂ ਟਾਂਡਾ ਰੋਡ ਉੱਪਰ ਕਾਰ ਅਸੈਸਰੀ ਦਾ ਕੰਮ ਕਰਦਾ ਸੀ ਤੇ ਪਤਾ ਲੱਗਾ ਹੈ ਕਿ ਇਕ-ਦੋ ਦਿਨਾਂ ਤੱਕ ਗੋਪਾਲ ਕ੍ਰਿਸ਼ਨ ਕੈਨੇਡਾ ਜਾ ਰਿਹਾ ਸੀ।
ਫੜੀ ਗਈ ਇਸ ਨਾਜਾਇਜ਼ ਸ਼ਰਾਬ ਤੋਂ ਹੋਲੋਗ੍ਰਾਮ ਗਾਇਬ ਕਰ ਦਿਤਾ ਗਿਆ ਹੈ ਜਿਸ ਤੋਂ ਇਹ ਪਤਾ ਲੱਗ ਸਕਦਾ ਸੀ ਕਿ ਇਹ ਸ਼ਰਾਬ ਕਿਸ ਡਿਸਟਿੱਲਰੀ ਨੇ ਸ਼ਰਾਬ ਦੇ ਕਿਸ ਠੇਕੇਦਾਰ ਨੂੰ ਸਪਲਾਈ ਕੀਤੀ ਸੀ, ਪੁਲਿਸ ਜਾਂਚ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹੁਸ਼ਿਆਰਪੁਰ ਸਰਕਲ ਦੇ ਅੰਦਰ ਆਸਪਾਸ ਦੇ ਦੇਹਾਤੀ-ਸ਼ਹਿਰੀ ਖੇਤਰਾਂ ਦੇ ਸਰਕਲਾਂ ਤੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਫੜੀ ਗਈ ਸ਼ਰਾਬ ਜਲੰਧਰ ਦੇ ਕਿਸੇ ਸਰਕਲ ਜਾਂ ਫਿਰ ਆਦਮਪੁਰ ਸਰਕਲ ਦੀ ਹੋ ਸਕਦੀ ਹੈ। ਪੁਲਿਸ ਫੜੇ ਗਏ ਮੁਲਜ਼ਮਾਂ ਤੋਂ ਇਸ ਬਾਰੇ ਪੁੱਛਗਿੱਛ ਕਰ ਰਹੀ ਹੈ।
ਕਿਵੇ ਖੇਡੀ ਜਾ ਰਹੀ ਹੈ ਇਹ ਖੇਡ?
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਐਕਸਾਈਜ਼ ਨੀਤੀ ਤਹਿਤ ਸੂਬੇ ਵਿਚ ਸ਼ਰਾਬ ਦੇ ਰੇਟ ਘਟੇ ਹਨ ਜਿਸ ਕਾਰਨ ਠੇਕੇਦਾਰਾਂ ਦਾ ਮੁਨਾਫ਼ਾ ਪਹਿਲਾ ਤੋਂ ਕੁਝ ਘੱਟ ਹੋਇਆ ਹੈ ਤੇ ਇਸ ਸਮੇਂ ਇਕ ਸਰਕਲ ਦਾ ਠੇਕੇਦਾਰ ਅਪਣੀ ਸ਼ਰਾਬ ਨਾਲ ਲੱਗਦੇ ਸਰਕਲ ਵਿਚ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਤਕ ਪਹੁੰਚਾ ਰਹੇ ਹਨ ਤਾਂ ਜੇੋ ਉਹ ਵੱਧ ਤੋਂ ਵੱਧ ਸੇਲ ਕਰ ਲੈਣ ਤੇ ਸੇਲ ਵੱਧਣ ਨਾਲ ਹੀ ਉਨ੍ਹਾਂ ਦਾ ਮੁਨਾਫ਼ਾ ਵੱਧ ਜਾਵੇਗਾ, ਪੂਰੇ ਪੰਜਾਬ ਵਿਚ ਇਹੀ ਕੰਮ ਚੱਲ ਰਿਹਾ ਹੈ। ਸ਼ਰਾਬ ਦੀ ਵਿਸਕੀ ਦੀ ਜਿਹੜੀ ਪੇਟੀ ਗ੍ਰਾਹਕ ਨੂੰ ਇਕ ਨੰਬਰ ਵਿਚ 4500-5000 ਤਕ ਮਿਲਦੀ ਹੈ ਉਹੀ ਨਾਜਾਇਜ਼ ਸ਼ਰਾਬ ਵੇਚਣ ਵਾਲੇ 3000-3500 ਤਕ ਸਪਲਾਈ ਕਰ ਰਹੇ ਹਨ।