ਪਾਕਿ ਸਰਹੱਦ ਪਹੁੰਚੀ ਸ੍ਰੀਨਗਰ-ਜੰਮੂ ਇੰਡੀਗੋ ਉਡਾਣ, ਖ਼ਰਾਬ ਮੌਸਮ ਕਾਰਨ ਅੰਮ੍ਰਿਤਸਰ 'ਚ ਕਰਵਾਈ ਐਮਰਜੈਂਸੀ ਲੈਂਡਿੰਗ
ਇਹ ਘਟਨਾ ਐਤਵਾਰ ਦੁਪਹਿਰ ਨੂੰ ਵਾਪਰੀ
ਅੰਮ੍ਰਿਤਸਰ - ਦੋ ਹਫ਼ਤਿਆਂ ਵਿਚ ਇੰਡੀਗੋ ਦੇ ਪਾਕਿਸਤਾਨੀ ਹਵਾਈ ਖੇਤਰ ਵਿਚ ਦਾਖ਼ਲ ਹੋਣ ਦੀ ਇਹ ਦੂਜੀ ਘਟਨਾ ਹੈ। ਹੁਣ ਸ੍ਰੀਨਗਰ ਤੋਂ ਜੰਮੂ ਲਈ ਉਡਾਣ ਭਰਨ ਵਾਲੀ ਇੰਡੀਗੋ ਦੀ ਫਲਾਈਟ ਦੋ ਵਾਰ ਪਾਕਿਸਤਾਨ ਸਰਹੱਦ ਪਹੁੰਚੀ। ਖ਼ਰਾਬ ਮੌਸਮ ਕਾਰਨ ਪਾਕਿਸਤਾਨ ਨੂੰ ਆਪਣਾ ਹਵਾਈ ਖੇਤਰ ਦੇਣਾ ਪਿਆ। ਜਿਸ ਤੋਂ ਬਾਅਦ ਇਸ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਅੰਮ੍ਰਿਤਸਰ 'ਚ ਕਰਵਾਉਣੀ ਪਈ।
ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਦੁਪਹਿਰ ਨੂੰ ਵਾਪਰੀ। ਇੰਡੀਗੋ ਦੀ ਫਲਾਈਟ ਨੰਬਰ 6E2124 ਨੇ ਦੁਪਹਿਰ ਕਰੀਬ 3.36 ਵਜੇ ਸ਼੍ਰੀਨਗਰ ਤੋਂ ਉਡਾਣ ਭਰੀ। 28 ਮਿੰਟ ਬਾਅਦ, ਖਰਾਬ ਮੌਸਮ ਕਾਰਨ ਫਲਾਈਟ ਜੰਮੂ-ਕਸ਼ਮੀਰ ਦੇ ਕੋਟੇ ਜਮੀਲ ਰਾਹੀਂ ਪਾਕਿਸਤਾਨ ਵਿਚ ਦਾਖਲ ਹੋਈ। ਇਹ ਫਲਾਈਟ ਕਰੀਬ 5 ਮਿੰਟ ਤੱਕ ਪਾਕਿ ਹਵਾਈ ਖੇਤਰ ਵਿਚ ਰਹੀ ਅਤੇ ਸਿਆਲਕੋਟ ਦੇ ਰਸਤੇ ਜੰਮੂ ਵੱਲ ਰਵਾਨਾ ਹੋਈ।
ਪਰ ਇੱਥੇ ਜੰਮੂ ਵਿਚ ਮੌਸਮ ਖ਼ਰਾਬ ਹੋਣ ਕਾਰਨ ਇਹ ਫਲਾਈਟ ਉੱਥੇ ਲੈਂਡ ਨਹੀਂ ਕਰ ਸਕੀ। ਜਿਸ ਤੋਂ ਬਾਅਦ ਫਲਾਈਟ ਅੰਮ੍ਰਿਤਸਰ ਲਈ ਰਵਾਨਾ ਹੋਈ ਪਰ ਸ਼ਾਮ ਕਰੀਬ 4.15 ਵਜੇ ਇਹ ਫਲਾਈਟ ਫਿਰ ਪਾਕਿ ਸਰਹੱਦ ਵਿਚ ਦਾਖ਼ਲ ਹੋ ਗਈ। ਜੰਮੂ-ਕਸ਼ਮੀਰ ਦੇ ਕਡਿਆਲ ਕਲਾਂ ਵਿਚ ਦਾਖਲ ਹੋਈ ਇਹ ਉਡਾਣ ਸ਼ਾਮ 4.25 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਅਜਨਾਲਾ ਦੇ ਕੱਕੜ ਪਿੰਡ ਨੇੜੇ ਭਾਰਤੀ ਸਰਹੱਦ ਵੱਲ ਪਰਤ ਗਈ।
ਇਸ ਫਲਾਈਟ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਉਤਰਨ ਤੋਂ ਪਹਿਲਾਂ ਹੀ 9 ਵਾਰ ਅੰਮ੍ਰਿਤਸਰ ਏਅਰਪੋਰਟ ਦਾ ਚੱਕਰ ਲਗਾਇਆ। ਜਿਸ ਤੋਂ ਬਾਅਦ ਫਲਾਈਟ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਕਰਨ ਦੀ ਇਜਾਜ਼ਤ ਦਿੱਤੀ ਗਈ ਅਤੇ ਅੰਮ੍ਰਿਤਸਰ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਇਸ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ।
ਇੰਡੀਗੋ ਦੀ ਫਲਾਈਟ ਨੇ 10 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਰਾਤ 8.01 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਉਡਾਣ ਭਰੀ ਸੀ। ਪਰ ਕੁਝ ਹੀ ਮਿੰਟਾਂ ਵਿਚ ਮੌਸਮ ਖ਼ਰਾਬ ਹੋ ਗਿਆ। ਹਵਾ ਦੇ ਚੱਲਦਿਆਂ ਫਲਾਈਟ ਨੂੰ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਜਾਣਾ ਪਿਆ। ਫਿਰ ਵੀ ਜਹਾਜ਼ ਕਰੀਬ 31 ਮਿੰਟ ਤੱਕ ਪਾਕਿ ਹਵਾਈ ਖੇਤਰ ਵਿਚ ਰਿਹਾ।
ਚਾਰ ਸਾਲ ਪਹਿਲਾਂ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਉਦੋਂ ਤੋਂ ਹੁਣ ਤੱਕ ਭਾਰਤ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਨਹੀਂ ਕਰਦਾ ਹੈ। ਪਰ ਇਸ ਸਥਿਤੀ ਵਿਚ ਪਾਕਿਸਤਾਨ ਨੂੰ ਆਪਣੀ ਏਅਰ ਸਪੇਸ ਦੇਣੀ ਪਈ। ਇਹ ਸਥਿਤੀ ਆਮ ਨਹੀਂ ਸੀ। ਖ਼ਰਾਬ ਮੌਸਮ ਦੀ ਸਥਿਤੀ ਵਿਚ "ਅੰਤਰਰਾਸ਼ਟਰੀ ਨਿਯਮਾਂ ਦੇ ਅਨੁਸਾਰ ਕੋਈ ਵੀ ਦੇਸ਼ ਆਪਣੀ ਹਵਾਈ ਸਪੇਸ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ ਹੈ।