ਹੁਸ਼ਿਆਰਪੁਰ 'ਚ ਹੈਜਾ ਅਤੇ ਡਾਇਰੀਆ ਨੇ ਸ਼ਹਿਰ ਵਾਸੀਆਂ ਦੇ ਸਾਹ ਸੂਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਸ਼ਿਆਰਪੁਰ ਵਿਚ ਹੈਜਾ ਅਤੇ ਡਾਇਰੀਆ ਨੇ ਸ਼ਹਿਰ ਵਾਸੀਆਂ ਦੇ ਸਾਹ ਸੂਤੇ ਹੋਏ ਹਨ................

Cholera and diarrhea patients

ਹੁਸ਼ਿਆਰਪੁਰ : ਹੁਸ਼ਿਆਰਪੁਰ ਵਿਚ ਹੈਜਾ ਅਤੇ ਡਾਇਰੀਆ ਨੇ ਸ਼ਹਿਰ ਵਾਸੀਆਂ ਦੇ ਸਾਹ ਸੂਤੇ ਹੋਏ ਹਨ। ਹੁਣ ਤੱਕ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਜਿਥੇ ਚਾਰ ਤਕ ਪੁਜ ਚੁੱਕੀ ਹੈ ਉਥੇ ਮਰੀਜ਼ਾਂ ਦੀ ਗਿਣਤੀ ਵੱਖ-ਵੱਖ ਹਸਪਤਾਲਾਂ 'ਚ 300 ਤੋਂ ਵੀ ਪਾਰ ਕਰ ਚੁਕੀ ਹੈ।  ਇਨ੍ਹਾਂ ਵਿਚੋਂ 250 ਤੋਂ ਵੱਧ ਗਿਣਤੀ ਤਾਂ ਸਿਰਫ ਸਰਕਾਰੀ ਸਿਵਲ ਹਸਪਤਾਲ ਦੀ ਹੀ ਹੈ। ਸਭ ਤੋਂ ਵੱਧ ਪ੍ਰਭਾਵਤ ਮੁਹੱਲਾ ਕਮਾਲਪੁਰ, ਦਸ਼ਮੇਸ਼ ਨਗਰ, ਪੁਰਹੀਰਾਂ ਤੇ ਮਿਲਾਪ ਨਗਰ ਹਨ। ਮ੍ਰਿਤਕਾਂ ਵਿਚ ਤਿੰਨ ਤਾਂ ਸਿਰਫ ਕਮਾਲਪੁਰ ਮੁਹੱਲੇ ਨਾਲ ਸਬੰਧਤ ਹਨ ਜਦੋਂ ਕਿ ਇਕ ਮਿਲਾਪ ਨਗਰ ਦਾ ਵਾਸੀ ਹੈ। 

ਭਾਰੀ ਬਰਸਾਤ ਅਤੇ ਪਾਣੀ ਦੀਆਂ ਪਾਇਪਾਂ 'ਚ ਲੀਕੇਜ ਦੇ ਚਲਦਿਆਂ ਗੰਦਾ ਪਾਣੀ ਮਿਕਸ ਹੋਣਾ ਇਸਦੇ ਕਾਰਣ ਦੱਸੇ ਜਾ ਰਹੇ ਹਨ। ਸਿਹਤ ਵਿਭਾਗ ਅਪਣੇ ਵਲੋਂ ਸਮੱਸਿਆ ਨਾਲ ਜੂਝਣ ਲਈ ਪੂਰਾ ਜ਼ੋਰ ਤਾਂ ਲਗਾ ਰਿਹਾ ਹੈ ਪਰ ਮਰੀਜ਼ਾਂ ਦੀ ਵਧਦੀ ਤਾਦਾਦ ਅੱਗੇ ਬੇਵੱਸ ਨਜ਼ਰ ਆ ਰਿਹਾ ਹੈ। ਹਾਲਾਤ ਇਹ ਹੈ ਕਿ ਇਕ ਬੈਡ 'ਤੇ ਹੀ ਦੋ-ਦੋ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸਿਵਿਲ ਸਰਜਨ ਡਾ ਰੇਨੂ ਸੂਦ ਨੇ ਦੱਸਿਆ ਕਿ 20 ਦੇ ਕਰੀਬ ਟੀਮਾਂ ਘਰ ਘਰ ਜਾ ਕੇ ਕਲੋਰੀਨ ਦੀਆਂ ਗੋਲੀਆਂ ਅਤੇ ਓ.ਆਰ ਐਸ.ਦੇ ਪੈਕਟ ਵੰਡੇ ਜਾ ਰਹੇ ਹਨ।

ਬਿਆਨਬਾਜੀ 'ਚ ਉਲਝੇ ਨੇਤਾ
ਇਕ ਪਾਸੇ ਜਿਥੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਮੁਆਵਜਾ ਦਿੱਤਾ ਜਾਣਾ ਚਾਹੀਦਾ ਹੈ, ਉੁਥੇ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਹੈ ਕਿ ਮੋਦੀ ਸਰਕਾਰ ਕੋਲ ਵੀ ਭਾਜਪਾ ਮੰਤਰੀ ਨੂੰ ਮੁਆਵਜੇ ਦੀ ਗੁਹਾਰ ਲਗਾਉਣੀ ਚਾਹੀਦੀ ਹੈ। ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਅਜ ਸਿਵਲ ਹਸਪਤਾਲ ਦਾ ਦੌਰਾ ਵੀ ਕੀਤਾ ਤੇ ਇਲਾਜ ਅਧੀਨ ਮਰੀਜ਼ਾਂ ਦਾ ਹਾਲ-ਚਾਲ ਵੀ ਪੁਛਿਆ।