ਦੇਹ ਵਪਾਰ ਦੇ ਦੋਸ਼ 'ਚ ਪੀੜਤਾ ਦਾ ਪਤੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਰਨੀ ਸਮੂਹਕ ਬਲਾਤਕਾਰ ਮਾਮਲੇ ਵਿਚ ਪੁਲਿਸ ਨੇ ਪੀੜਤਾ ਦੇ ਪਤੀ ਨੂੰ ਧੰਦਾ ਕਰਾਉਣ ਵਿਚ ਭੂਮਿਕਾ ਨਿਭਾਉਣ ਦੇ ਸ਼ੱਕ 'ਚ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ...

Victim's Husband with Police

ਚੰਡੀਗੜ੍ਹ,  ਮੋਰਨੀ ਸਮੂਹਕ ਬਲਾਤਕਾਰ ਮਾਮਲੇ ਵਿਚ ਪੁਲਿਸ ਨੇ ਪੀੜਤਾ ਦੇ ਪਤੀ ਨੂੰ ਧੰਦਾ ਕਰਾਉਣ ਵਿਚ ਭੂਮਿਕਾ ਨਿਭਾਉਣ ਦੇ ਸ਼ੱਕ 'ਚ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦਾ ਪਤੀ ਪੈਸੇ ਲਈ ਉਸ ਤੋਂ ਦੇਹ ਵਪਾਰ ਕਰਵਾਉਂਦਾ ਸੀ। ਪੰਚਕੂਲਾ ਪੁਲਿਸ ਨੇ ਮੁਲਜ਼ਮ ਨੂੰ ਬੁਧਵਾਰ ਮਨੀਮਜਾਰਾ ਤੋਂ ਗ੍ਰਿਫ਼ਤਾਰ ਕੀਤਾ ਅਤੇ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਉਸ ਨੂੰ ਤਿੰਨ ਦਿਨ ਦੇ ਪੁਲਿਸ ਰੀਮਾਂਡ 'ਤੇ ਭੇਜ ਦਿਤਾ ਗਿਆ ਹੈ।

ਪੀੜਤਾ ਮੁਤਾਬਕ ਮੋਰਨੀ ਦੇ ਪਿੰਡ ਕੈਂਬਾਲਾ ਦੇ ਗੈਸਟ ਹਾਊਸ ਵਿਚ 8-10 ਲੋਕ ਰੋਜ਼ਾਨਾ ਬਲਾਤਕਾਰ ਕਰਦੇ ਸਨ। ਇਹ ਕੁਕਰਮ 15 ਤੋਂ 18 ਜੁਲਾਈ ਤਕ ਕੀਤਾ ਗਿਆ। ਬਲਾਤਕਾਰ ਕਰਨ ਵਾਲਿਆਂ ਵਿਚ ਦੋ ਪੁਲਿਸ ਵਾਲੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਮੂਹਕ ਬਲਾਤਕਾਰ ਦੀ ਪੀੜਤਾ ਦੇ ਪਤੀ ਨੂੰ ਮੰਗਲਵਾਰ ਰਾਤ ਨੂੰ ਪੰਚਕੂਲਾ ਪੁਲਿਸ ਨੇ ਪੁੱਛਗਿਛ ਲਈ ਬੁਲਾਇਆ ਸੀ ਅਤੇ ਬੁਧਵਾਰ ਨੂੰ ਉਸ ਨੂੰ ਮੁਲਜ਼ਮ ਬਣਾ ਕੇ ਕੋਰਟ ਵਿਚ ਪੇਸ਼ ਕੀਤਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਲਜ਼ਮ ਬਿਹਾਰ ਦਾ ਰਹਿਣ ਵਾਲਾ ਹੈ।

ਇਸ ਸਮੇਂ ਮਨੀਮਾਜਰਾ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਮੁੱਖ ਮੁਲਜ਼ਮ ਸੰਨੀ ਵਲੋਂ ਸੈਕਸ ਰੈਕਟ ਚਲਾਉਣ ਸਬੰਧੀ ਪੀੜਤਾ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਸੀ। ਡੀਸੀਪੀ ਰਜਿੰਦਰ ਕੁਮਾਰ ਮੀਨਾ ਨੇ ਦਸਿਆ ਕਿ ਐਸਆਈਟੀ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਮਾਮਲੇ ਦੀ ਜਾਂਚ ਹਾਲੇ ਪੂਰੀ ਤਰ੍ਹਾਂ ਨਹੀਂ ਹੋਈ। ਉਨ੍ਹਾਂ ਦਸਿਆ ਕਿ ਪੀੜਤਾ ਨੇ ਪਹਿਲਾਂ ਬਿਆਨ ਦਿਤੇ ਸਨ ਕਿ ਜਦ ਉਸ ਨੂੰ ਬੰਨ੍ਹ ਨੇ ਗੈਸਟ ਹਾਊਸ ਵਿਚ ਰਖਿਆ ਗਿਆ ਸੀ ਤਾਂ ਉਹ ਅਪਣੇ ਪਤੀ ਦੇ ਸੰਪਰਕ ਵਿਚ ਨਹੀਂ ਸੀ।

ਡੀਸੀਪੀ ਨੇ ਦਸਿਆ ਕਿ ਜਦਕਿ ਪੀੜਤਾ ਕਿਸੇ ਹੋਰ ਨੰਬਰ 'ਤੇ ਅਪਣੇ ਪਤੀ ਨਾਲ ਸੰਪਰਕ ਕਰ ਰਹੀ ਸੀ। ਡੀਸੀਪੀ ਨੇ ਦਸਿਆ ਕਿ ਦੋਵੇਂ ਪਤੀ-ਪਤਨੀ ਦਾ ਪਿਛੋਕੜ ਅਪਰਾਧਕ ਹੈ ਜਿਸ ਕਰ ਕੇ ਪਤੀ ਦੀ ਭੂਮਿਕਾ ਬਿਲਕੁਲ ਸਾਹਮਣੇ ਆ ਗਈ ਸੀ। ਪੁਲਿਸ ਨੇ ਪਤੀ ਨੂੰ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਵਿਚ ਕਾਬੂ ਕੀਤਾ ਹੈ। ਦੂਜੇ ਪਾਸੇ ਪੀੜਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਪੱਤਰ ਲਿਖ ਕੇ ਸੁਰੱਖਿਆ ਅਤੇ ਆਰਥਕ ਮਦਦ ਮੁਹਈਆ ਕਰਵਾਉਣ ਦੀ ਮੰਗ ਕੀਤੀ ਸੀ। ਉਸ ਨੇ ਕਿਹਾ ਸੀ ਕਿ ਮੈਨੂੰ ਪੰਚਕੂਲਾ ਪੁਲਿਸ 'ਤੇ ਭਰੋਸਾ ਨਹੀਂ ਹੈ ਅਤੇ ਇਹ ਮਾਮਲਾ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰ ਦਿਤਾ ਜਾਵੇ।   

ਜਿਕਰਯੋਗ ਹੈ ਕਿ ਮੋਰਨੀ ਸਮੂਹਕ ਬਲਾਤਕਾਰ ਮਾਮਲੇ ਵਿਚ ਬੀਤੇ ਮੰਗਲਵਾਰ ਪੁਲਿਸ ਦੀ ਸਹਾਇਕ ਕਮਿਸ਼ਨਰ (ਮਹਿਲਾ) ਏਸੀਪੀ ਮਮਤਾ ਸੋਢਾ ਅਤੇ ਮਹਿਲਾ ਥਾਣਾ ਮੁਖੀ ਰਾਜੇਸ਼ ਕੁਮਾਰੀ ਦਾ ਤਬਾਦਲਾ ਕਰ ਦਿਤਾ ਸੀ। ਮਮਤਾ ਸੋਢਾ ਨੂੰ ਏਸੀਪੀ ਪੰਚਕੂਲਾ ਦਾ ਚਾਰਜ ਦਿਤਾ ਗਿਆ ਹੈ। ਜਦਕਿ ਰਾਜੇਸ਼ ਕੁਮਾਰੀ ਦਾ ਤਬਾਦਲਾ ਪੁਲਿਸ ਹੈਡਕੁਆਟਰ ਕਰ ਦਿਤਾ ਗਿਆ ਹੈ। ਏਸੀਪੀ ਵੂਮਨ ਦਾ ਚਾਰਜ ਨੂਪੁਰ ਬਿਸ਼ਨੋਈ ਅਤੇ ਮਹਿਲਾ ਥਾਣੇ ਦਾ ਚਾਰਜ ਇੰਸਪੈਕਟਰ ਸੁਨਿਤਾ ਨੂੰ ਦਿਤਾ ਗਿਆ ਹੈ। ਮਾਮਲੇ ਵਿਚ ਥਾਣਾ ਮੁਖੀ ਦੇ ਰੋਲ ਦੀ ਜਾਂਚ ਕੀਤੀ ਜਾ ਰਹੀ ਹੈ।

ਪੀੜਤਾ ਨੇ ਪੁਲਿਸ ਨੂੰ ਇਹ ਦੱਸਿਆ ਸੀ ਕਿ ਮੁਅਤੱਲ ਮਹਿਲਾ ਏਐਸਆਈ ਸਰਸਵਤੀ ਨੇ ਥਾਣਾ ਮੁਖੀ ਦੇ ਕਹਿਣ ਤੇ ਹੀ ਉਸਨੂੰ ਮਨੀਮਾਜਰਾ ਥਾਣੇ ਜਾਣ ਲਈ ਕਿਹਾ ਸੀ ਅਤੇ ਉਥੇ ਹੀ ਮਾਮਲਾ ਦਰਜ ਕਰਵਾਉਣ ਲਈ ਉਸਤੇ ਦਬਾਅ ਪਾਇਆ ਗਿਆ ਸੀ। ਪੁਲਿਸ ਦੇ ਉਚ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਨਿਯੁਕਤ ਥਾਣਾ ਮੁਖੀ ਐਸਆਈਟੀ ਵਿਚ ਸ਼ਾਮਲ ਹੈ ਅਤੇ ਰਾਜੇਸ਼ ਕੁਮਾਰੀ ਦੀ ਭੁਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।