ਬਰਗਾੜੀ ਕਾਂਡ ਪਿੱਛਾ ਨਹੀਂ ਛਡਦਾ- ਸੁਖਬੀਰ ਹੀ ਸਾਰਿਆਂ ਦੇ ਨਿਸ਼ਾਨੇ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਗਲੇ 6 ਮਹੀਨੇ ਅਕਾਲੀ ਦਲ ਲਈ ਸੰਕਟਮਈ

Sukhbir Badal

ਚੰਡੀਗੜ੍ਹ (ਐਸ.ਐਸ. ਬਰਾੜ) : ਸ਼੍ਰੋਮਣੀ ਅਕਾਲੀ ਦਲ ਲਈ ਅਗਲੇ 6 ਮਹੀਨਿਆਂ ਦਾ ਸਮਾਂ ਕਾਫ਼ੀ ਸੰਕਟਮਈ ਬਣਦਾ ਨਜ਼ਰ ਆ ਰਿਹਾ ਹੈ। ਬਰਗਾੜੀ ਕਾਂਡ ਅਕਾਲੀ ਦਲ ਦਾ ਪਿਛਾ ਨਹੀਂ ਛੱਡ ਰਿਹਾ ਅਤੇ ਇਕ-ਇਕ ਕਰ ਕੇ ਪੁਰਾਣੇ ਅਕਾਲੀ ਨੇਤਾ ਪਾਰਟੀ ਛੱਡ ਕੇ ਅਕਾਲੀ ਦਲ ਡੈਮੋਟ੍ਰਿਕ 'ਚ ਸ਼ਾਮਲ ਹੋ ਰਹੇ ਹਨ। ਬੇਸ਼ੱਕ ਅਕਾਲੀ ਦਲ ਦਾ ਕਹਿਣਾ ਹੈ ਕਿ ਅਜੇ ਤਕ ਜੋ ਵੀ ਨੇਤਾ ਸੁਖਦੇਵ ਸਿੰਘ ਢੀਂਡਸਾ ਨਾਲ ਜੁੜੇ ਹਨ, ਉਨ੍ਹਾਂ ਤੋਂ ਪਾਰਟੀ ਨੂੰ ਕੋਈ ਖ਼ਤਰਾ ਨਹੀਂ ਪ੍ਰੰਤੂ ਅਸਲੀਅਤ ਇਹ ਹੈ ਕਿ ਜੇਕਰ ਸ਼ੱਕੀ ਭੂਮਿਕਾ ਵਾਲੇ ਦੋ ਹੋਰ ਨੇਤਾ ਪਾਰਟੀ ਛੱਡ ਗਏ ਤਾਂ ਇਹ ਅਕਾਲੀ ਦਲ ਲਈ ਘਾਤਕ ਸਾਬਤ ਹੋ ਸਕਦਾ ਹੈ।

ਅਕਾਲੀ ਦਲ ਦੇ ਇਕ ਸੀਨੀਅਰ ਨੇਤਾ ਨੇ ਅਪਣਾ ਨਾਮ ਨਾ ਛਾਪਣ ਦੀ ਸ਼ਰਤ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਵਖਰਾ ਅਕਾਲੀ ਦਲ ਬਣਾਉਣ ਨਾਲ ਪਾਰਟੀ ਉਪਰ ਕੋਈ ਬੁਰਾ ਪ੍ਰਭਾਵ ਨਹੀਂ ਪਿਆ। ਇਸ ਤਰ੍ਹਾਂ ਤਲਵੰਡੀ ਪਰਵਾਰ ਦੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਵਲੋਂ ਸ. ਢੀਂਡਸਾ ਦੀ ਪਾਰਟੀ 'ਚ ਸ਼ਾਮਲ ਹੋਣ ਬਾਰੇ ਉਨ੍ਹਾਂ ਕਿਹਾ ਕਿ  ਅੰਦਰੂਨੀ ਤੌਰ 'ਤੇ ਫ਼ੈਸਲਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਪਾਰਟੀ ਛੱਡਣ ਤੋਂ ਰੋਕਿਆ ਨਹੀਂ ਜਾਵੇਗਾ।

ਉੁਨ੍ਹਾਂ ਦੀ ਕਾਰਜਸ਼ੈਲੀ ਤੋਂ ਵਰਕਰ ਨਾਰਾਜ਼ ਸਨ। ਜਿਥੋਂ ਤਕ ਤਲਵੰਡੀ ਪਰਵਾਰ ਦਾ ਸਬੰਧ ਹੈ, ਰਣਜੀਤ ਸਿੰਘ ਦਾ ਛੋਟਾ ਭਰਾ ਜਗਮੀਤ ਸਿੰਘ ਅਕਾਲੀ ਦਲ ਦਾ ਨੇਤਾ ਅਜੇ ਵੀ ਪਾਰਟੀ 'ਚ ਸ਼ਾਮਲ ਹੈ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ। ਇਸ ਲਈ ਤਲਵੰਡੀ ਪਰਵਾਰ ਪਾਰਟੀ ਤੋਂ ਬਾਹਰ ਨਹੀਂ ਗਿਆ।
ਭਾਈ ਮੋਹਕਮ ਸਿੰਘ ਦੇ ਯੂਨਾਈਟਿਡ ਅਕਾਲੀ ਦਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਤਾਂ ਪਹਿਲਾਂ ਹੀ ਪਾਰਟੀ ਤੋਂ ਵਖਰੇ ਹਨ ਅਤੇ ਪਹਿਲਾਂ ਹੀ ਚੋਣਾਂ 'ਚ ਪਾਰਟੀ ਦਾ ਵਿਰੋਧ ਕਰਦੇ ਆ ਰਹੇ ਹਨ।

ਅਕਾਲੀ ਦਲ  ਦੇ ਨੇਤਾ ਦਾ ਕਹਿਣਾ ਹੈ ਕਿ ਕੋਰੋਨਾ ਬੀਮਾਰੀ ਕਾਰਨ ਜੋ ਮੀਟਿੰਗਾਂ ਅਤੇ ਜਲਸਿਆਂ ਉਪਰ ਪਾਬੰਦੀਆਂ ਲੱਗੀਆਂ ਹਨ, ਉਸ ਕਾਰਨ ਪਾਰਟੀ ਨੇ ਜਨਤਕ ਸਰਗਰਮੀਆਂ ਮੁਲਤਵੀ ਕੀਤੀਆਂ ਹਨ। ਜਿਉਂ ਹੀ ਪਾਬੰਦੀਆਂ ਹਟਦੀਆਂ ਹਨ, ਅਕਾਲੀ ਦਲ ਜਨਤਾ 'ਚ ਜਾਵੇਗਾ ਅਤੇ ਵਿਰੋਧੀਆਂ ਦੇ ਮਨਸੂਬਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਏਗਾ।

ਬੇਸ਼ਕ ਅਕਾਲੀ ਦਲ, ਵਿਰੋਧੀਆਂ ਦੀਆਂ ਸਰਗਰਮੀਆਂ ਨੂੰ ਘੱਟ ਕਰ ਕੇ ਬਿਆਨ ਕਰ ਰਿਹਾ ਹੈ, ਪ੍ਰੰਤੂ ਅਸਲੀਅਤ ਇਹ ਹੈ ਕਿ ਇਸ ਸਮੇਂ ਹਰ ਪਾਸਿਉਂ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਘਿਰਦੇ ਨਜ਼ਰ ਆ ਰਹੇ ਹਨ। ਕਾਂਗਰਸ, ਅੱਧੀ ਦਰਜਨ ਵਿਰੋਧੀ ਦਲ, ਆਮ ਆਦਮੀ ਪਾਰਟੀ ਅਤੇ ਸਿੱਖ ਜਥੇਬੰਦੀਆਂ ਦੇ ਨਿਸ਼ਾਨੇ ਉਪਰ ਸਿਰਫ਼ ਅਕਾਲੀ ਦਲ ਦੇ ਪ੍ਰਧਾਨ ਹੀ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਇਕ ਸਾਲ ਪਹਿਲਾਂ ਸੁਖਬੀਰ ਬਾਦਲ ਨੇ ਜਨਤਕ ਰੈਲੀਆਂ ਕਰ ਕੇ ਵਰਕਰਾਂ ਨੂੰ ਅਪਣੇ ਨਾਲ ਜੋੜ ਲਿਆ ਸੀ। ਪ੍ਰੰਤੂ ਉਸ ਤੋਂ ਬਾਅਦ ਵੀ ਵਿਰੋਧੀ ਬਰਗਾੜੀ ਕਾਂਡ ਅਤੇ ਹੋਰ ਧਾਰਮਕ ਮੁੱਦੇ ਲਗਾਤਾਰ ਉਠਾ ਕੇ ਵਿਰੋਧੀ ਅਕਾਲੀ ਦਲ ਨੂੰ ਘੇਰਦੇ ਆ ਰਹੇ ਹਨ। ਅਕਾਲੀ ਦਲ ਦੀ ਸਰਕਾਰ ਸਮੇਂ ਮੀਡੀਆ ਨਾਲ ਕੀਤੀਆਂ ਜ਼ਿਆਦਤੀਆਂ ਦਾ ²ਖ਼ਮਿਆਜ਼ਾ ਵੀ ਅਕਾਲੀ ਦਲ ਨੂੰ ਭੁਗਤਣਾ ਪੈ ਰਿਹਾ ਹੈ। ਅਕਾਲੀ ਦਲ ਦੇ ਨੇਤਾ ਹੁਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਸਰਕਾਰ ਸਮੇਂ ਮੀਡੀਆ ਨਾਲ ਧੱਕੇਸ਼ਾਹੀ ਹੁੰਦੀ ਰਹੀ। ਉਸ ਸਮੇਂ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਖਾਮੋਸ਼ ਰਹੇ। ਜੋ ਮੀਡੀਆ ਉਨ੍ਹਾਂ ਦੇ ਨਾਲ ਸੀ ਅੱਜ ਉਹ ਵੀ ਸਾਥ ਛੱਡ ਗਿਆ।