ਕੋਰੋਨਾ 'ਤੇ ਖ਼ਰਚਿਆਂ ਬਾਰੇ ਵਾਈਟ ਪੇਪਰ ਜਾਰੀ ਕਰੇ ਸਰਕਾਰ : 'ਆਪ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਮਹਾਂਮਾਰੀ ਵਿਰੁਧ ਲੜਾਈ 'ਚ ਹੁਣ ਤਕ ਹੋਏ ਕੁੱਲ ਖ਼ਰਚ ਬਾਰੇ

Harpal Cheema

ਚੰਡੀਗੜ੍ਹ, 25 ਜੁਲਾਈ (ਨੀਲ ਭਲਿੰਦਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਮਹਾਂਮਾਰੀ ਵਿਰੁਧ ਲੜਾਈ 'ਚ ਹੁਣ ਤਕ ਹੋਏ ਕੁੱਲ ਖ਼ਰਚ ਬਾਰੇ ਪੰਜਾਬ ਸਰਕਾਰ ਕੋਲੋਂ ਵਾਈਟ ਪੇਪਰ (ਪੂਰਾ ਹਿਸਾਬ-ਕਿਤਾਬ) ਜਾਰੀ ਕਰਨ ਦੀ ਮੰਗ ਕਰਦਿਆਂ ਸਰਕਾਰ ਵਿਰੁਧ ਕੋਰੋਨਾ ਦੇ ਨਾਂ 'ਤੇ ਲੋਕਾਂ ਨਾਲ ਧੋਖਾ ਅਤੇ ਫ਼ੰਡਾਂ 'ਚ ਗੜਬੜੀ ਦੇ ਦੋਸ਼ ਲਗਾਏ ਹਨ।

'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਇਕ ਪਾਸੇ ਕੋਰੋਨਾ ਦੇ ਨਾਂ 'ਤੇ ਇਕੱਠੇ ਕੀਤੇ ਫ਼ੰਡਾਂ ਨੂੰ ਸਹਿਕਾਰੀ ਬੈਂਕ 'ਚੋਂ ਕਢਾ ਕੇ ਇਕ ਪ੍ਰਾਈਵੇਟ ਬੈਂਕ 'ਚ ਰਾਖਵਾਂ (ਰਿਜ਼ਰਵ) ਰੱਖ ਦਿਤਾ ਗਿਆ ਹੈ, ਦੂਜੇ ਪਾਸੇ ਕੋਰੋਨਾ ਕੇਅਰ ਸੈਂਟਰਾਂ ਸਮੇਤ ਸਰਕਾਰੀ ਹਸਪਤਾਲਾਂ 'ਚ ਲੋਕ ਸਾਫ਼-ਸਫ਼ਾਈ ਸਮੇਤ ਬੁਨਿਆਦੀ ਸਹੂਲਤਾਂ ਨੂੰ ਵੀ ਤਰਸ ਰਹੇ ਹਨ। ਜਦਕਿ ਜ਼ਮੀਨੀ ਹਕੀਕਤ ਦੇ ਉਲਟ ਕੋਰੋਨਾ ਵਿਰੁਧ ਲੜਾਈ 'ਚ ਹੁਣ ਤਕ 300 ਕਰੋੜ ਰੁਪਏ ਖ਼ਰਚ ਕਰਨ ਦੇ ਦਾਅਵੇ ਕਰ ਰਹੇ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਵਿਰੁਧ ਲੜਾਈ ਦੀ ਅਸਲੀਅਤ ਅਤੇ ਮੁੱਖ ਮੰਤਰੀ ਵਲੋਂ 3 ਅਰਬ ਰੁਪਏ ਦੇ ਖ਼ਰਚਿਆਂ ਦੇ ਦਾਅਵਿਆਂ 'ਚੋਂ ਵੱਡੇ ਪੱਧਰ 'ਤੇ ਹੋਏ ਭ੍ਰਿਸ਼ਟਾਚਾਰ ਦੀ ਬੂ ਆ ਰਹੀ ਹੈ। 'ਆਪ' ਵਿਧਾਇਕ ਅਮਨ ਅਰੋੜਾ ਨੇ ਮੰਗ ਕੀਤੀ ਕਿ 300 ਕਰੋੜ ਰੁਪਏ ਦੇ ਦਾਅਵਿਆਂ ਬਾਰੇ ਪੈਦਾ ਹੋਏ ਸ਼ੱਕ-ਸੰਦੇਹ ਨੂੰ ਦੂਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਾਈਟ ਪੇਪਰ ਜਾਰੀ ਕਰਨ ਅਤੇ ਦੱਸਣ ਕਿ ਇਸ ਅਰਬਾਂ ਰੁਪਏ ਦੀ ਰਕਮ 'ਚੋਂ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰਨ ਲਈ, ਲੋਕਾਂ ਨੂੰ ਨਵੀਆਂ ਸਹੂਲਤਾਂ ਦੇਣ ਲਈ ਕਿੰਨਾ ਖ਼ਰਚ ਕੀਤਾ।

ਕੋਰੋਨਾ ਵਿਰੁਧ ਮੂਹਰਲੀ ਕਤਾਰ 'ਚ ਖੜੇ ਹੋ ਕੇ ਸਿੱਧੀ ਲੜਾਈ ਲੜ ਰਹੇ ਡਾਕਟਰਾਂ, ਨਰਸਾਂ, ਮਲਟੀਪਰਪਜ਼ ਹੈਲਥ ਵਰਕਰਾਂ, ਪੇਂਡੂ ਫਾਰਮਾਸਿਸਟ ਅਫ਼ਸਰਾਂ, ਆਸ਼ਾ ਵਰਕਰਾਂ ਅਤੇ ਦੂਸਰੇ ਸਫ਼ਾਈ ਕਰਮੀਆਂ ਦੀ ਨਵੀਂ ਭਰਤੀ ਜਾਂ ਉਨ੍ਹਾਂ ਨੂੰ ਰੈਗੂਲਰ ਕਰਨ ਅਤੇ ਉਨ੍ਹਾਂ ਦੀਆਂ ਸੁਰੱਖਿਆ ਕਿੱਟਾਂ ਉਪਰ ਕਿਥੇ-ਕਿਥੇ ਕਿੰਨਾ ਪੈਸਾ ਖ਼ਰਚਿਆ ਗਿਆ? ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਸਰਕਾਰ ਪਿਛਲੇ 4 ਮਹੀਨਿਆਂ 'ਚ ਕੋਰੋਨਾ 'ਤੇ ਖ਼ਰਚੇ ਗਏ 300 ਕਰੋੜ ਰੁਪਏ ਦਾ ਹਿਸਾਬ ਦੇਣ ਤੋਂ ਭਜਦੀ ਹੈ ਤਾਂ ਸਪਸ਼ਟ ਹੋ ਜਾਵੇਗਾ ਕਿ ਕਾਂਗਰਸ ਸਰਕਾਰ ਦੇ ਭ੍ਰਿਸ਼ਟਤੰਤਰ ਨੇ ਕੋਰੋਨਾ ਵਰਗੀ ਮਹਾਂਮਾਰੀ 'ਚ ਵੀ ਖ਼ੂਬ ਹੱਥ ਰੰਗੇ ਹਨ।