ਗ਼ਲਤ ਏਜੰਟਾਂ ਦਾ ਸ਼ਿਕਾਰ ਹੋ ਕੇ ਮਲੇਸ਼ੀਆ ਵਿਚ ਨਰਕ ਜਿਹੀ ਜ਼ਿੰਦਗੀ ਬਿਤਾ ਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਈਆਂ ਲੜਕੀਆਂ ਦੀ ਦਾਸਤਾਨ

Fraud

ਫ਼ਿਰੋਜ਼ਪੁਰ, 25 ਜੁਲਾਈ (ਸੁਭਾਸ਼ ਕੱਕੜ) : ਗ਼ਲਤ ਏਜੰਟਾਂ ਦੇ ਝਾਂਸੇ ਵਿਚ ਆ ਕੇ ਵਿਦੇਸ਼ਾਂ ਵਿਚ ਕੰਮ ਕਾਰ ਕਰ ਕੇ ਰੋਜ਼ੀ-ਰੋਟੀ ਕਮਾਉਣ ਦੇ ਲਾਲਚ ਵਿਚ ਤਸੀਹੇ ਸਹਿਣ ਦੀਆਂ ਘਟਨਾਵਾਂ ਅਕਸਰ ਹੀ ਦੇਖਣ ਅਤੇ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ ਅਤੇ ਇਹੋ ਜਿਹੀਆਂ ਘਟਨਾਵਾਂ ਹੋਣ ਦੇ ਬਾਵਜੂਦ ਸਰਕਾਰੀ ਤੰਤਰ ਵਲੋਂ ਅਜਿਹੇ ਜਾਲਜਾਜ਼ ਏਜੰਟਾਂ ਵਿਰੁਧ ਆਮ ਕਰ ਕੇ ਬਹੁਤ ਘੱਟ ਕਾਰਵਾਈ ਹੋਣ ਕਾਰਣ ਆਏ ਦਿਨ ਸੈਂਕੜੇ ਗ਼ਰੀਬ ਨਾ ਸਿਰਫ਼ ਧੋਖੇ ਦਾ ਸ਼ਿਕਾਰ ਹੋ ਰਹੇ ਹਨ ਸਗੋਂ ਵਿਦੇਸ਼ਾਂ ਵਿਚ ਤਸੀਹੇ ਸਹਿਣ ਲਈ ਮਜਬੂਰ ਹੋ ਰਹੇ ਹਨ।

ਕੁੱਝ ਇਹੋ ਜਿਹੀ ਸਾਜਸ਼ ਦਾ ਸ਼ਿਕਾਰ ਹੋ ਕੇ ਮਲੇਸ਼ੀਆ ਵਿਚ ਲੰਮੇ ਸਮੇ ਲਈ ਨਰਕ ਜਿਹੀ ਜ਼ਿੰਦਗੀ ਜੀ ਕੇ 22 ਜੁਲਾਈ ਨੂੰ ਸਰਕਾਰ ਵਲੋਂ ਭੇਜੀ ਗਈ ਸਪੈਸ਼ਲ ਫਲਾਈਟ ਰਾਹੀਂ ਵਾਪਸ ਆਈਆਂ ਦੋ ਲੜਕੀਆਂ ਦੀ ਕਹਾਣੀ ਵੀ ਕੁੱਝ ਇਹੋ ਜਿਹੀ ਦਰਦਨਾਕ ਤਸਵੀਰ ਪੇਸ਼ ਕਰ ਰਹੀ ਜਾਪਦੀ ਹੈ ਜੋ ਭਾਰੀ ਵਿਆਜਾਂ 'ਤੇ ਪੈਸੇ ਲੈ ਕੇ ਇਸ ਉਮੀਦ ਨਾਲ ਮਲੇਸ਼ੀਆ ਗਈਆਂ ਸਨ, ਕਿ ਨਾ ਸਿਰਫ਼ ਉਹ ਕਰਜ਼ 'ਤੇ ਲਏ ਪੈਸੇ ਵਾਪਸ ਕਰ ਦੇਣਗੀਆਂ ਸਗੋਂ ਬਹੁਤ ਜ਼ਿਆਦਾ ਅਮੀਰ ਹੋ ਕੇ ਅਪਣੇ ਅਤੇ ਅਪਣੇ ਮਾਤਾ ਪਿਤਾ ਦੇ ਸੁਪਨੇ ਸਾਕਾਰ ਕਰ ਦੇਣਗੀਆਂ।

ਰਮਨਦੀਪ ਪੁੱਤਰੀ ਜਸਬੀਰ ਸਿੰਘ ਨੇ ਸਪੋਕਸਮੈਨ ਨਾਲ ਅਪਣੀ ਹੱਡਬੀਤੀ ਸਾਂਝੀ ਕਰਦਿਆਂ ਦਸਿਆ ਹੈ ਕਿ ਉਸ ਨੇ ਬਿਊਟੀ ਪਾਰਲਰ ਅਤੇ ਸੈਲੂਨ ਦਾ ਭਿੱਖੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਤੋਂ ਕੋਰਸ ਕੀਤਾ ਸੀ ਅਤੇ ਉਹ ਵਿਦੇਸ਼ ਵਿਚ ਜਾ ਕੇ ਪੈਸੇ ਕਮਾਉਣਾ ਚਾਹੁੰਦੀ ਸੀ। ਉਸ ਦੇ ਮਾਤਾ-ਪਿਤਾ ਨੇ ਵਿਆਜ 'ਤੇ ਫੜ ਕੇ ਇਕ ਏਜੰਟ ਦੇ ਕਹਿਣ 'ਤੇ ਮਲੇਸ਼ੀਆ ਭੇਜਣ ਦਾ ਪਲਾਨ ਕੀਤਾ ਤਾਂ ਉਹ ਬਹੁਤ ਖ਼ੁਸ਼ ਸੀ ਅਤੇ ਉਹ ਕਰੀਬ 8 ਮਹੀਨੇ ਪਹਿਲਾਂ ਹੀ ਇਹ ਸੁਪਨੇ ਸੰਜੋ ਕੇ ਮਲੇਸ਼ੀਆ ਗਈ ਸੀ ਕਿ ਜਲਦ ਹੀ ਉਹ ਨਾ ਸਿਰਫ਼ ਵਿਆਜ 'ਤੇ ਫੜੇ ਪੈਸੇ ਵਾਪਸ ਕਰ ਦੇਵੇਗੀ,

ਸਗੋਂ ਬਹੁਤ ਸਾਰੇ ਪੈਸੇ ਕਮਾ ਕੇ ਲਿਆਏਗੀ। ਪ੍ਰੰਤੂ ਜਦ ਉਹ ਮਲੇਸ਼ੀਆ ਪਹੁੰਚੀ ਤਾਂ ਉਥੇ ਏਜੰਟਾਂ ਨੇ ਉਸ ਨੂੰ ਇਕ ਤਮਿਲ ਪਰਵਾਰ ਕੋਲ 7000 ਰਿੰਗਿਟ (ਮਲੇਸ਼ੀਆਈ ਕਰੰਸੀ) ਵਿਚ ਵੇਚ ਦਿਤਾ। ਪ੍ਰੰਤੂ ਥੋੜੇ ਦਿਨ ਬਾਦ ਹੀ ਉਸ ਨੂੰ ਮਲੇਸ਼ੀਆਈ ਪੁਲਿਸ ਇਹ ਕਹਿ ਕੇ ਫੜ ਕੇ ਲੈ ਗਈ ਕਿ ਉਸ ਦਾ ਵੀਜ਼ਾ ਸਿਰਫ਼ 15 ਦਿਨਾਂ ਲਈ ਹੀ ਲਗਾਇਆ ਗਿਆ ਸੀ।

ਰਮਨਦੀਪ ਨੇ ਦਸਿਆ ਕਿ 5 ਮਹੀਨੇ ਉਸ ਨੂੰ ਜੇਲ ਵਿਚ ਰੱਖਣ ਤੋਂ ਬਾਦ ਉਸ ਨੂੰ ਇਕ ਕੈਂਪ ਵਿਚ ਭੇਜ ਦਿੱਤਾ ਗਿਆਂ ਜਿਥੇ ਉਸ ਨੇ 3 ਮਹੀਨੇ ਦਾ ਸਮਾਂ ਗੁਜਾਰਣ ਤੋਂ ਬਾਦ ਕਿਸੇ ਨਾ ਕਿਸੇ ਤਰ੍ਹਾਂ ਭਾਰਤੀ ਅੰਬੈਸੀ ਨਾਲ ਸੰਪਰਕ ਕੀਤਾ ਜਿਸ ਤੋਂ ਬਾਦ ਅੰਬੈਸੀ ਵਲੋਂ ਉਸ ਦੇ ਪਾਸਪੋਰਟ ਦਾ ਬੰਦੋਬਸਤ ਕਰ ਕੇ 22 ਜੁਲਾਈ ਦੀ ਫਲਾਇਟ ਰਾਹੀਂ ਉਹ ਬੜੀ ਮੁਸ਼ਕਿਲ ਨਾਲ ਭਾਰਤ ਪਹੁੰਚ ਸਕੀ। ਉਸ ਨੇ ਦਸਿਆ ਕਿ ਨਾ ਤਾਂ ਪੇਟ ਭਰ ਕੇ ਖਾਣਾ ਦਿਤਾ ਜਾਂਦਾ ਸੀ ਸਗੋਂ ਜੇਲ ਵਿਚ ਤਸੀਹੇ ਵੀ ਸਹਿਣੇ ਪਏ। ਉਸ ਨੇ ਦਸਿਆ ਕਿ 22 ਜੁਲਾਈ ਵਾਲੀ ਫਲਾਇਟ ਵਿਚ ਉਹ 2 ਲੜਕੀਆਂ ਅਤੇ 23 ਲੜਕੇ ਵਾਪਸ ਆਏ ਹਨ

ਅਤੇ ਹਰੇਕ ਦੀ ਹਾਲਤ ਇਕ ਦੂਸਰੇ ਤੋਂ ਬਦਤਰ ਹੀ ਹੋਈ ਹੈ। ਬਲਕਿ ਲੜਕਿਆਂ ਨਾਲ ਤਾਂ ਬਹੁਤ ਹੀ ਅਣਮਨੁਖੀ ਵਿਹਾਰ ਕੀਤਾ ਜਾਂਦਾ ਹੈ ਅਤੇ ਮਾਰਕੁੱਟ ਵੀ ਕੀਤੀ ਜਾਂਦੀ ਹੈ। ਦੂਸਰੀ ਲੜਕੀ ਜ਼ੀਰਾ ਦੀ ਵਸਨੀਕ ਸੀਤਾ ਪਤਨੀ ਪਰਦੀਪ ਕੁਮਾਰ ਹੈ ਜੋ ਲਾਕਡਾਊਨ ਤੋਂ ਥੋੜੇ ਦਿਨ ਪਹਿਲਾਂ ਹੀ ਮਲੇਸ਼ੀਆ ਗਈ ਸੀ ਅਤੇ ਭਾਰੀ ਤਸੀਹੇ ਸਹਿਣ ਤੋਂ ਬਾਦ ਭਾਰਤੀ ਏਜੰਸੀ ਦੀ ਮਿਹਰ ਸਦਕਾ ਵਾਪਸ ਪਹੁੰਚ ਸਕੀ ਹੈ। ਇਨ੍ਹਾਂ ਲੜਕੀਆਂ ਦਾ ਕਹਿਣਾ ਹੈ ਅੱਧੀ ਰੋਟੀ ਖਾ ਲੈਣਗੀਆਂ, ਪ੍ਰੰਤੂ ਜ਼ਿਆਦਾ ਪੈਸੇ ਦੇ ਲਾਲਚ ਵਿਚ ਹੁਣ ਕਦੇ ਵੀ ਵਿਦੇਸ਼ ਨਹੀਂ ਜਾਣਗੀਆਂ। ਇਥੇ ਵਰਨਣਯੋਗ ਹੈ ਕਿ ਇਨ੍ਹਾਂ ਨੂੰ ਫ਼ਿਰੋਜ਼ਪੁਰ ਵਿਖੇ 15 ਦਿਨਾਂ ਲਈ ਏਕਾਂਤਵਾਸ ਵਿਚ ਭੇਜ ਦਿਤਾ ਗਿਆ ਹੈ, ਜਿਸ ਤੋਂ ਬਾਦ ਇਹ ਅਪਣੇ ਪਰਵਾਰ ਕੋਲ ਵਾਪਸ ਚਲੀਆਂ ਜਾਣਗੀਆਂ।