ਪ੍ਰਾਈਵੇਟ ਡਾਕਟਰਾਂ ਵਲੋਂ ਗ਼ਰੀਬਾਂ ਦੀ ਫ਼ੀਸ ਵਿਚ ਨਹੀਂ ਲਿਆਂਦੀ ਕੋਈ ਨਰਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੇ ਆਰਥਕ ਮੰਦਵਾੜੇ ਦੇ ਚਲਦਿਆਂ

doctors

ਸੰਗਰੂਰ, 25 ਜੁਲਾਈ (ਬਲਵਿੰਦਰ ਸਿੰਘ ਭੁੱਲਰ) : ਸਮੁੱਚੇ ਦੇਸ਼ ਭਾਰਤ ਅੰਦਰ ਕਰੋਨਾਵਾਇਰਸ ਦੇ ਕਹਿਰ ਕਾਰਨ ਮਾਰਚ ਮਹੀਨੇ ਤੋਂ ਲੈ ਕੇ ਜੁਲਾਈ ਦੇ ਅਖੀਰ ਤਕ ਵੀ ਦੇਸ਼ ਵਾਸੀਆਂ ਅੰਦਰ ਭਾਰੀ ਆਰਥਕ ਮੰਦਵਾੜਾ ਲਗਾਤਰ ਛਾਇਆ ਹੋਇਆ ਹੈ। ਇਸ ਮੰਦਵਾੜੇ ਦੇ ਦੌਰ ਵਿੱਚ ਭਾਵੇਂ ਅਣਗਿਣਤ ਵਪਾਰਾਂ ਅਤੇ ਕਾਰੋਬਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਰ ਕੋਵਿਡ-19 ਕਾਰਨ ਡਾਕਟਰਾਂ, ਹਸਪਤਾਲਾਂ, ਮੈਡੀਕਲ ਸਟੋਰਾਂ ਅਤੇ ਸਿਹਤ ਵਿਭਾਗ ਵਿਭਾਗ ਦੀਆਂ ਜ਼ਿੰਮੇਵਾਰੀਆਂ ਅਤੇ ਕੰਮਾਂ ਦਾ ਬੋਝ ਪਹਿਲਾਂ ਨਾਲੋਂ ਹੋਰ ਵਧਿਆ ਹੈ।

ਅਗਰ ਆਮਦਨ ਦੇ ਨਜ਼ਰੀਏ ਤੋਂ ਗੱਲ ਕੀਤੀ ਜਾਵੇ ਤਾਂ ਕਰੋਨਾ ਦੇ ਚਲਦਿਆਂ ਭਾਵੇਂ ਦੇਸ਼ ਦਾ ਹਰ ਵਿਅਕਤੀ ਆਰਥਕ ਤੌਰ 'ਤੇ ਲਗਾਤਾਰ ਕਮਜ਼ੋਰ ਹੋਇਆ ਹੈ ਪਰ ਸਮਾਜ ਵਿਚ ਵਸਦਾ ਸਮੁੱਚਾ ਮੱਧ ਅਤੇ ਨਿਮਨ ਮੱਧ ਵਰਗ ਸੱਭ ਤੋਂ ਵੱਧ ਅਤੇ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਸਮੇਂ ਦੀਆਂ ਸਰਕਾਰਾਂ ਨੇ ਲਾਕਡਾਊਨ ਦੇ ਚਲਦਿਆਂ ਭਾਵੇਂ ਸਮਾਜ ਦੇ ਲਗਭਗ ਹਰ ਵਰਗ ਨੂੰ ਸਰਕਾਰੀ ਰਾਸ਼ਨ ਅਤੇ ਕੁੱਝ ਆਰਥਿਕ ਰਿਆਇਤਾਂ ਅਤੇ ਸਿੱਧੇ-ਅਸਿੱਧੇ ਲਾਭ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਇਸ ਮੰਦਵਾੜੇ ਦੌਰਾਨ ਪ੍ਰਾਈਵੇਟ ਪ੍ਰੈਕਟਿਸ ਕਰਦੇ ਡਾਕਟਰ ਭਾਈਚਾਰੇ ਵਲੋਂ ਗ਼ਰੀਬਾਂ, ਲੋੜਵੰਦਾਂ ਜਾਂ ਸਮਾਜ ਦੇ ਕਿਸੇ ਵੀ ਹੋਰ ਜਰੂਰਤਮੰਦ ਵਰਗ ਨੂੰ ਕੋਈ ਰਿਆਇਤ ਦੇਣ ਦੀ ਕੋਸ਼ਿਸ਼ ਤਕ ਵੀ ਨਹੀਂ ਕੀਤੀ ਗਈ।

ਕੋਵਿਡ-19 ਦੇ ਚਲਦਿਆਂ ਡਾਕਟਰਾਂ ਨੇ ਕਿਸੇ ਵੀ ਮਰੀਜ਼ ਨੂੰ ਹੱਥ ਨਾਲ ਛੂਹਿਆ ਤਕ ਨਹੀਂ ਪਰ ਫ਼ੀਸ ਵਿਚ ਕੋਈ ਰਿਆਇਤ ਨਹੀਂ ਕੀਤੀ ਬਲਕਿ ਸ਼ੀਸੇ ਪਿੱਛੇ ਬਹਿ ਕੇ ਜਾਂ ਪਰਦੇ ਪਿੱਛੇ ਰਹਿ ਕੇ ਹਰ ਆਮ ਅਤੇ ਖਾਸ ਤੋਂ ਅਪਣੀ ਬਣਦੀ ਫ਼ੀਸ ਬਗ਼ੈਰ ਕਿਸੇ ਰਿਆਇਤ ਦੇ ਲਗਾਤਾਰ ਵਸੂਲਦੇ ਰਹੇ। ਕਰੋਨਾ ਦੇ ਡਰ ਅਤੇ ਸਹਿਮ ਕਾਰਨ ਅਨੇਕਾਂ ਪ੍ਰਾਈਵੇਟ ਹਸਪਤਾਲਾਂ ਨੂੰ ਉਨ੍ਹਾਂ ਦੇ ਮਾਲਕਾਂ ਵਲੋਂ ਜਿੰਦਰੇ ਲਗਾ ਦਿਤੇ ਗਏ ਅਤੇ ਕੋਰੋਨਾ ਵੀ ਬੇਵਕਤ ਮੌਤ ਤੋਂ ਡਰਦਿਆਂ ਹਜ਼ਾਰਾਂ ਡਾਕਟਰਾਂ ਵਲੋਂ ਅਪਣਾ ਕੰਮ ਛੱਡ ਦਿਤਾ ਗਿਆ ਪਰ ਕੇਂਦਰ ਅਤੇ ਸੂਬਾਈ ਸਰਕਾਰਾਂ ਦੀ ਘੁਰਕੀ ਕਾਰਨ ਇਹ ਸੱਭ ਲੋਕ ਆਪੋ-ਅਪਣੇ ਕੰਮਾਂ 'ਤੇ ਦੁਬਾਰਾ ਵਾਪਸ ਪਰਤੇ।

ਆਮ ਲੋਕਾਂ ਦੇ ਮਨਾਂ ਵਿੱਚੋਂ ਮੌਤ ਦੇ ਡਰ ਨੂੰ ਬਾਹਰ ਕੱਢਣ ਦੇ ਸਮਰੱਥ ਹਜਾਰਾਂ ਪੜ੍ਹੇ ਲਿਖੇ ਤੇ ਬੁੱਧੀਮਾਨ ਡਾਕਟਰ ਖੁਦ ਮੌਤ ਦੇ ਡਰ ਕਾਰਨ ਸਹਿਮੇ ਸਹਿਮੇ ਨਜ਼ਰ ਆਏ ਪਰ ਮੌਤ ਤੋਂ ਬੇਖੌਫ ਅਤੇ ਬਹਾਦਰ ਹਨ ਸਰਕਾਰੀ ਹਸਪਤਾਲਾਂ ਦੇ ਉਹ ਡਾਕਟਰ, ਡਾਕਟਰਨੀਆਂ, ਉਨ੍ਹਾਂ ਨਾਲ ਸੰਬੰਧਤ ਸਾਰਾ ਪੈਰਾ ਮੈਡੀਕਲ ਸਟਾਫ ਅਤੇ ਨਰਸਾਂ ਜਿਨ੍ਹਾਂ ਕੋਰੋਨਾ ਵਿਰੁਧ ਜੰਗ ਨੰਗੇ ਧੜ੍ਹ ਹੋ ਕੇ ਲੜੀ ਅਤੇ ਅਪਣੀ ਸਰਕਾਰੀ ਡਿਊਟੀ ਤੋਂ ਇਕ ਦਿਨ ਵੀ ਗ਼ੈਰ ਹਾਜ਼ਰ ਨਾ ਹੋਏ। ਡਾਕਟਰ ਸਮਾਜ ਦਾ ਲਗਭਗ ਸਭ ਤੋਂ ਸੁਚੇਤ ਅਤੇ ਚੇਤਨ ਵਰਗ ਹੈ ਅਤੇ ਆਮ ਲੋਕਾਂ ਨੂੰ ਇਨ੍ਹਾਂ ਤੋਂ ਵੱਡੀਆਂ ਆਸਾਂ ਉਮੀਦਾਂ ਹੁੰਦੀਆਂ ਹਨ। ਸੋ ਭਾਰਤੀ ਸੰਸਕ੍ਰਿਤੀ ਅਤੇ ਸੱਭਿਆਚਾਰ ਦੀਆਂ ਉੱਚੀਆਂ ਕਦਰਾਂ-ਕੀਮਤਾਂ ਤੇ ਰਵਾਇਤਾਂ ਨੂੰ ਮੁੱਖ ਰਖਦਿਆਂ ਇਨ੍ਹਾਂ ਨੂੰ ਵੀ ਅਪਣਾ ਇਖਲਾਕੀ ਫ਼ਰਜ਼ ਪਛਾਣ ਕੇ ਗ਼ਰੀਬਾਂ ਅਤੇ ਲੋੜਵੰਦਾਂ ਦੀ ਇਲਾਜ ਦੌਰਾਨ ਬਣਦੀ ਆਰਥਕ ਸਹਾਇਤਾ ਕਰਨੀ ਚਾਹੀਦੀ ਹੈ ਤਾਕਿ ਇਨ੍ਹਾਂ ਲੋਕਾਂ ਤੋਂ ਕੋਰੋਨਾ ਦਾ ਕਹਿਰ ਬੇਅਸਰ ਕੀਤਾ ਜਾ ਸਕੇ।