ਉਦਯੋਗ ਵਿਭਾਗ ਨੇ ਕੋਵਿਡ 19 ਕਾਰਨ ਪ੍ਰਭਾਵਿਤ ਹੋਏ ਉਦਯੋਗਾਂ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਕਦਮ ਚੁੱਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਉਦਯੋਗ ਵਿਭਾਗ ਨੇ ਕੋਵਿਡ 19 ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋਏ ਉਦਯੋਗਾਂ ਨੂੰ ਮੁੜ ..........

SUNDER SHAM ARORA

ਚੰਡੀਗੜ੍ਹ: ਪੰਜਾਬ ਦੇ ਉਦਯੋਗ ਵਿਭਾਗ ਨੇ ਕੋਵਿਡ 19 ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋਏ ਉਦਯੋਗਾਂ ਨੂੰ ਮੁੜ ਲੀਹਾਂ 'ਤੇ ਲਿਆਉਣ ਅਤੇ ਆਰਥਿਕ ਗਤੀਵਿਧੀਆਂ ਦੀ ਛੇਤੀ ਤੇ ਸੁਰੱਖਿਅਤ ਬਹਾਲੀ ਕਰਨ ਨੂੰ ਯਕੀਨੀ ਬਣਾਉਣ ਲਈ ਕਈ ਮਿਸਾਲੀ ਕਦਮ ਚੁੱਕੇ ਹਨ, ਤਾਂ ਜੋ ਉਦਯੋਗਾਂ ਨੂੰ ਪੁਨਰ ਸੁਰਜੀਤ ਕੀਤਾ ਜਾ ਸਕੇ।

ਇਹ ਜਾਣਕਾਰੀ ਸੂਬੇ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੱਖ-ਵੱਖ ਉਦਯੋਗਿਕ ਘਰਾਣਿਆਂ ਦੁਆਰਾ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਅਤੇ ਮਹਾਂਮਾਰੀ ਦੇ ਵਿਰੁੱਧ ਲੜਨ ਲਈ ਪੀ.ਪੀ.ਈਜ਼ ਦੇ ਉਤਪਾਦਨ ਵਿੱਚ ਮਹੱਤਵਪੂਰਣ ਸਹਿਯੋਗ ਨੂੰ ਦਰਸਾਉਂਦਿਆਂ ਦਿੱਤੀ।

ਆਰਥਿਕ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨ ਵਿੱਚ ਉਦਯੋਗਾਂ 'ਤੇ ਪੂਰਨ ਵਿਸ਼ਵਾਸ ਜ਼ਾਹਿਰ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੋਵਿਡ 19 ਮਹਾਂਮਾਰੀ ਅਤੇ ਇਸਦੇ ਨਤੀਜੇ ਵਜੋਂ ਹੋਈ ਤਾਲਾਬੰਦੀ ਨੇ ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ ਨੂੰ ਕਾਫੀ ਪ੍ਰਭਾਵਿਤ ਕੀਤਾ ਅਤੇ ਇਸ ਨਾਲ ਵਿਸ਼ਵਵਿਆਪੀ ਆਰਥਿਕਤਾ 'ਤੇ ਵੀ ਅਸਰ  ਪਿਆ। 

ਵਿਸ਼ਵਵਿਆਪੀ ਪ੍ਰਭਾਵ ਹੋਣ ਕਰਕੇ ਪੰਜਾਬ ਇਸ ਤੋਂ ਬਚਿਆ ਨਹੀਂ ਸੀ ਰਹਿ ਸਕਦਾ ਪਰ ਅਸੀਂ, ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਮੁੜ ਚਾਲੂ ਕਰਨ ਹਿੱਤ ਅਨੇਕਾਂ ਸਕਾਰਾਤਮਕ ਕਦਮ ਚੁੱਕੇ ਹਨ।

ਕੋਵਿਡ 19 ਦੇ ਫੈਲਣ ਨਾਲ ਪੈਦਾ ਹੋਈਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਮਹਾਂਮਾਰੀ ਨਾਲ ਪੈਦਾ ਹੋਈਆਂ ਵਿਰਾਟ ਚੁਣੌਤੀਆਂ ਨੇ ਪੂਰੇ ਭਾਰਤ ਵਿੱਚ ਮੰਗ ਅਤੇ ਸਪਲਾਈ ਦੀ ਲੜੀ ਨੂੰ ਵਿਗਾੜ ਦਿੱਤਾ ਹੈ ਅਤੇ ਸੈਰ-ਸਪਾਟਾ, ਪ੍ਰਾਹੁਣਚਾਰੀ ਅਤੇ ਹਵਾਬਾਜੀ ਖੇਤਰਾਂ ਨੂੰ ਮੌਜੂਦਾ ਸੰਕਟ ਦੌਰਾਨ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਚੀਨ ਤੋਂ ਕੱਚੇ ਮਾਲ ਦੀ ਸਪਲਾਈ ਵਿੱਚ ਦੇਰੀ ਕਾਰਨ ਉਤਪਾਦਨ ਖੇਤਰ ਦੇ ਕਈ ਉਦਯੋਗ ਜੋ ਚੀਨ ਉੱਤੇ ਆਪਣੀਆਂ ਉਤਪਾਦਨ ਸਬੰਧੀ ਜਰੂਰਤਾਂ ਲਈ ਨਿਰਭਰ ਕਰਦੇ ਹਨ, ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਉਨਾਂ ਕਿਹਾ ਕਿ ਵਾਹਨਾਂ, ਫਾਰਮਾਸੂਟੀਕਲਜ਼, ਇਲੈਕਟ੍ਰਾਨਿਕਸ, ਰਸਾਇਣਿਕ ਉਤਪਾਦਾਂ ਆਦਿ ਖੇਤਰ ਬੁਰੀ ਤਰਾਂ ਪ੍ਰਭਾਵਤ ਹੋਏ ਹਨ।

ਉਦਯੋਗ ਦੀ ਤਤਕਾਲੀ ਕਾਰਵਾਈ ਲਈ ਸ਼ਲਾਘਾ ਕਰਦਿਆਂ ਜਦੋਂ ਦੇਸ਼ ਨੂੰ ਸਰੀਰ ਢੱਕਣ ਅਤੇ ਐਨ-95 ਅਤੇ ਐਨ-99 ਮਾਸਕ ਵਰਗੇ ਨਿੱਜੀ ਬਚਾਅ ਉਪਕਰਣ (ਪੀ.ਪੀ.ਈ.) ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪਿਆ, ਉਨਾਂ ਕਿਹਾ ਕਿ ਪੰਜਾਬ ਵਿੱਚ ਉਦਯੋਗ, ਵਿਸ਼ੇਸ਼ ਤੌਰ 'ਤੇ ਟੈਕਸਟਾਈਲ ਉਦਯੋਗ ਨੇ ਮਹਾਂਮਾਰੀ ਦੇ ਦੌਰਾਨ ਸਮੇਂ ਦੀ ਜਰੂਰਤ ਨੂੰ ਸਮਝਦਿਆਂ ਫੌਰੀ ਕਾਰਵਾਈ ਕੀਤੀ।

ਪੰਜਾਬ ਪੀ.ਪੀ.ਈ. ਉਦਯੋਗ ਵਿੱਚ 24 ਮਾਰਚ ਨੂੰ ਜ਼ੀਰੋ ਪੀਪੀਈ ਯੂਨਿਟਾਂ ਤੋਂ ਲੈ ਕੇ ਅੱਜ ਸਰੀਰ ਢੱਕਣ ਵਾਲੇ ਸੁਰੱਖਿਆ ਉਪਕਰਨ ਤਿਆਰ ਕਰਨ ਵਾਲੇ 139 ਮਨਜ਼ੂਰਸ਼ੁਦਾ ਨਿਰਮਾਤਾ ਹਨ। ਇੱਥੇ ਐਨ-95 ਮਾਸਕ ਤਿਆਰ ਕਰਨ ਵਾਲੇ 15 ਨਿਰਮਾਤਾ ਵੀ ਹਨ। ਸਰੀਰ ਢੱਕਣ ਵਾਲੇ ਸੁਰੱਖਿਆ ਉਪਕਰਨਾਂ ਲਈ ਕੁੱਲ ਉਤਪਾਦਨ ਸਮਰੱਥਾ 5,49,050 ਪੀਸ ਹੈ ਜਿਸ ਵਿਚੋਂ ਉਪਲਬਧ ਵਾਧੂ ਸਮਰੱਥਾ 3,91,950 ਪੀਸ ਹੈ।

ਤਾਲਾਬੰਦੀ ਦੌਰਾਨ ਲਏ ਗਏ ਕਈ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੀ.ਪੀ.ਸੀ.ਬੀ. ਦੀ ਡੋਮੇਨ ਅਧੀਨ ਸੀਟੀਈ / ਸੀਟੀਓ, ਅਧਿਕਾਰ, ਰਜਿਸਟ੍ਰੇਸ਼ਨ ਅਤੇ ਹੋਰ ਲਾਜ਼ਮੀ ਰੈਗੂਲੇਟਰੀ ਕਲੀਅਰੈਂਸ ਦੀ ਮਿਆਦ 30 ਜੂਨ 2020 ਤੱਕ ਵਧਾਈ ਗਈ ਸੀ।

ਇਸ ਤੋਂ ਇਲਾਵਾ ਬੁਆਇਲਰਜ਼ ਨੂੰ ਚਲਾਉਣ / ਪ੍ਰਵਾਨਗੀ ਦੇਣ ਵਾਲਿਆਂ / ਨਿਰਮਾਤਾਵਾਂ ਨੂੰ ਬੁਆਇਲਰਜ਼ ਐਕਟ ਅਧੀਨ ਪ੍ਰਵਾਨਗੀ ਅਤੇ ਮਿਆਦ ਕਾਲ ਨੂੰ 15 ਮਾਰਚ, 2020 ਤੋਂ 30 ਜੂਨ, 2020 ਤੱਕ ਵਧਾਇਆ ਗਿਆ ਸੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਤਾਲਾਬੰਦੀ ਦੌਰਾਨ 24 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਹੈ।

ਅਤੇ ਬਿਜਲੀ ਬਿੱਲਾਂ ਦੀ ਅਗਾਊਂ ਅਦਾਇਗੀ ਕਰਨ ਵਾਲੇ ਉਪਭੋਗਤਾਵਾਂ 'ਤੇ 1 ਫੀਸਦੀ ਪ੍ਰਤੀ ਮਹੀਨਾ ਵਿਆਜ ਨੂੰ ਯਕੀਨੀ ਬਣਾਇਆ, ਜਿਸ ਨਾਲ ਉਪਭੋਗਤਾ ਲਗਭਗ 12 ਫੀਸਦੀ ਵਿਆਜ ਸਲਾਨਾ (ਫਿਕਸਡ ਡਿਪਾਜਿਟ ਤੇ ਵਿਆਜ ਦੀ ਦਰ ਨਾਲੋਂ ਦੁੱਗਣੀ) ਕਮਾਉਣ ਦੇ ਯੋਗ ਬਣਾਇਆ।

ਇਸ ਤੋਂ ਇਲਾਵਾ, ਸੂਬਾ ਸਰਕਾਰ ਨੇ ਬਿਜਲੀ ਦੀ ਖਪਤ ਵਾਲੇ ਦਰਮਿਆਨੇ ਅਤੇ ਵੱਡੇ ਸਪਲਾਈ ਵਾਲੇ ਉਦਯੋਗਿਕ ਖਪਤਕਾਰਾਂ ਲਈ ਤਾਲਾਬੰਦੀ ਦੀ ਮਿਆਦ ਤੋਂ 2 ਮਹੀਨਿਆਂ ਲਈ ਭਾਵ 23 ਮਾਰਚ, 2020 ਤੋਂ ਮੌਜੂਦਾ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰਨ ਦੇ ਕਾਰਨ ਕੰਨੈਕਸ਼ਨ ਕੱਟਣ ਤੋਂ ਛੋਟ ਦਿੱਤੀ ਹੈ।ਛੋਟੇ ਬਿਜਲੀ ਉਦਯੋਗਿਕ ਖਪਤਕਾਰਾਂ ਲਈ ਪੀ.ਐਸ.ਪੀ.ਸੀ.ਐਲ. ਦੀ ਵੈਬਸਾਈਟ 'ਤੇ ਅਪਲੋਡ ਕਰਕੇ ਟਰੱਸਟ ਸਹੂਲਤ 'ਤੇ ਮੀਟਰ ਰੀਡਿੰਗ ਵੀ ਵਧਾਈ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।