ਵੀਰਪਾਲ ਕੌਰ ਨੇ ਸੌਦਾ ਸਾਧ ਦੀ ਤੁਲਨਾ ਬਾਬੇ ਨਾਨਕ ਨਾਲ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਸਿੰਘ ਬਾਦਲ ਨੂੰ 'ਪੁਸ਼ਾਕ' ਵਿਵਾਦ 'ਤੇ ਕਾਨੂੰਨੀ ਨੋਟਿਸ ਦਾ ਜਵਾਬ ਭੇਜਿਆ

Sauda Sadh

ਚੰਡੀਗੜ੍ਹ(ਨੀਲ ਭਲਿੰਦਰ ਸਿੰਘ): 'ਪੁਸ਼ਾਕ' ਵਿਵਾਦ ਉਤੇ ਆਏ ਦਿਨ ਬਿਆਨਾਂ ਤੋਂ ਫਿਰ ਰਹੀ ਡੇਰਾ ਪ੍ਰੇਮਣ ਵੀਰਪਾਲ ਕੌਰ ਨੇ ਇਕ ਨਵਾਂ ਕੁਫ਼ਰ ਤੋਲ ਦਿਤਾ ਹੈ। ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਵਲੋਂ ਡੇਰਾ ਪੈਰੋਕਾਰ ਨੂੰ ਭੇਜੇ ਗਏ ਕਾਨੂੰਨੀ ਨੋਟਿਸ ਦਾ ਜੋ ਜਵਾਬ (ਨਕਲ ਮੌਜੂਦ) ਅੱਜ ਵੀਰਪਾਲ ਨੇ ਭੇਜਿਆ ਹੈ ਉਸ ਵਿਚ ਉਸ ਨੇ ਸਜ਼ਾ ਯਾਫ਼ਤਾ ਬਲਾਤਕਾਰੀ ਡੇਰਾ ਗੁਰਮੀਤ ਰਾਮ ਰਹੀਮ ਦੀ ਤੁਲਨਾ ਬਾਬੇ ਨਾਨਕ ਨਾਲ ਕਰ ਦਿਤੀ ਹੈ।

ਵੀਰਪਾਲ ਕੌਰ ਨੇ ਅੰਗਰੇਜ਼ੀ ਵਿਚ ਡਰਾਫ਼ਟ ਕੀਤੇ ਹੋਏ ਅਪਣੇ ਜਵਾਬ ਵਿਚ ਕਿਹਾ ਹੈ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਗਨਕਾ' ਵਰਗੀ ਵੇਸ਼ਵਾ ਨੂੰ ਸਿੱਧੇ ਰਸਤੇ 'ਤੇ ਪਾਇਆ ਸੀ, ਉਸੇ ਤਰ੍ਹਾਂ ਉਸ ਦੇ ਗੁਰੂ ਸੌਦਾ ਸਾਧ ਨੇ ਕਈ ਵੇਸ਼ਵਾਵਾਂ ਦੀ ਜ਼ਿੰਦਗੀ ਸੁਧਾਰੀ ਹੈ। ਦਸਣਯੋਗ ਹੈ ਕਿ ਵੀਰਪਾਲ  ਕੁੱਝ ਦਿਨ ਹੋਏ ਮੀਡੀਆ ਵਿਚ ਅਪਣੇ ਇਸ ਬਿਆਨ ਕਾਰਨ ਚਰਚਾ ਵਿਚ ਆਈ ਹੋਈ ਹੈ ਕਿ ਸਾਲ 2007 ਦੇ ਸੌਦਾ ਸਾਧ ਸਵਾਂਗ ਵਿਵਾਦ ਨਾਲ ਸਬੰਧਤ 'ਪੁਸ਼ਾਕ' ਸੁਖਬੀਰ ਸਿੰਘ ਬਾਦਲ ਵਲੋਂ ਭਿਜਵਾਈ ਗਈ ਸੀ

ਜਿਸ 'ਤੇ ਸੁਖਬੀਰ ਵਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਜਿਸ ਦੇ ਜਵਾਬ ਵਿਚ ਵੀਰਪਾਲ ਨੇ ਲਿਖਿਆ ਹੈ ਕਿ ਸੌਦਾ ਸਾਧ ਦੀ ਪੁਸ਼ਾਕ ਦਾ ਵਿਵਾਦ ਬੇਲੋੜਾ ਹੈ ਕਿਉਂਕਿ ਜਿਸ ਤਰ੍ਹਾਂ ਮੁਗ਼ਲਾਂ ਤੇ ਰਾਜਪੂਤ ਰਾਜਿਆਂ ਦੀਆਂ ਕਾਲਪਨਿਕ ਤਸਵੀਰਾਂ ਹਨ ਉਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਵੀ ਇਕ ਕਾਲਪਨਿਕ ਤਸਵੀਰ ਹੈ ਤੇ ਉਸ ਕਾਲਪਨਿਕ ਤਸਵੀਰ 'ਤੇ ਪਾਈ ਪੁਸ਼ਾਕ ਨਾਲ ਹੀ ਸੌਦਾ ਸਾਧ ਦੇ ਮਾਮਲੇ ਨੂੰ ਜੋੜਿਆ ਜਾ ਰਿਹਾ ਹੈ।

ਉਸ ਨੇ ਲਿਖਿਆ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਕਾਲਪਨਿਕ ਹੈ ਤਾਂ ਫਿਰ ਕਿਸ ਤਰ੍ਹਾਂ ਸੌਦਾ ਸਾਧ ਦੀ ਪਹਿਨੀ ਪੁਸ਼ਾਕ ਨੂੰ ਉਸ ਨਾਲ ਜੋੜਿਆ ਜਾ ਸਕਦਾ ਹੈ। ਵੀਰਪਾਲ ਨੇ ਤਾਂ ਹੁਣ ਇਥੋਂ ਤਕ ਵੀ ਕਿਹਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਜਾਣਦੀ ਤੇ ਨਾ ਹੀ ਜ਼ਿੰਦਗੀ ਵਿਚ ਕਦੇ ਸੁਖਬੀਰ ਬਾਦਲ ਨੂੰ ਮਿਲੀ ਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਹੜੇ ਅਕਾਲੀ ਦਲ ਦੇ ਪ੍ਰਧਾਨ ਹਨ। ਉਸ ਨੇ ਨੋਟਿਸ ਦੇ ਜਵਾਬ ਵਿਚ ਅਕਾਲੀ ਦਲ ਦੇ ਕਈ ਨਾਵਾਂ ਦਾ ਜ਼ਿਕਰ ਵੀ ਕੀਤਾ ਹੋਇਆ ਹੈ।

ਉਸ ਨੇ ਅਪਣੇ ਭੇਜੇ ਜਵਾਬ ਵਿਚ ਫਿਰ ਇਸ ਗੱਲ ਨੂੰ ਦੁਹਰਾਇਆ ਹੈ ਕਿ ਉਸ ਨੇ ਪੁਸ਼ਾਕ ਦਾ ਜ਼ਿਕਰ ਸਾਬਕਾ ਪੁਲਿਸ ਅਧਿਕਾਰੀ ਤੇ ਏ.ਡੀ.ਜੀ.ਪੀ. ਇੰਟੈਲੀਜੈਂਸ ਰਹੇ ਸ਼ਸ਼ੀਕਾਂਤ ਦੀ ਇੰਟਰਵਿਊ ਦੇ ਹਵਾਲੇ ਨਾਲ ਕੀਤਾ ਹੈ।  ਨਾਲ ਹੀ ਡੇਰੇ ਦੇ ਟਰੱਸਟ 'ਤੇ ਵੀਰਪਾਲ ਕੌਰ ਨੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਹੈ ਕਿ ਮੇਰੀ ਆਸਥਾ ਤੇ ਮੇਰਾ ਗੁਰੂ ਗੁਰਮੀਤ ਰਾਮ ਰਹੀਮ ਹੈ ਤੇ ਡੇਰੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਮੇਰੀ ਇਸ ਆਸਥਾ ਨੂੰ ਰੋਕ ਸਕਣ। ਨਾਲ ਹੀ ਜਵਾਬ ਦੇ ਆਖ਼ਰ ਵਿਚ ਵੀਰਪਾਲ ਨੇ ਇਕ ਨਿਜੀ ਨਿਊਜ਼ ਚੈਨਲ ਦੇ ਸਿੱਧਾ ਪ੍ਰਸਾਰਣ 'ਤੇ ਸੌਦਾ ਸਾਧ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਪੁਸ਼ਾਕ ਭੇਜੇ ਜਾਣ ਦੇ ਅਪਣੇ ਦਾਅਵੇ 'ਤੇ ਮਾਫ਼ੀ ਵੀ ਮੰਗ ਲਈ ਹੈ।

ਅਕਾਲੀ ਦਲ ਵਲੋਂ ਕਾਨੂੰਨੀ ਕਾਰਵਾਈ ਦੀ ਮੰਗ
ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀਰਪਾਲ ਵਿਰੁਧ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਕਿਉਂਕਿ ਵੀਰਪਾਲ ਨੇ ਹੁਣ ਬਲਾਤਕਾਰੀ ਬਾਬੇ ਸੌਦਾ ਸਾਧ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰ ਦਿਤੀ ਹੈ ਤੇ ਨਾਲ ਹੀ ਇਥੋਂ ਤਕ ਕਹਿ ਦਿਤਾ ਹੈ ਕਿ ਪੁਸ਼ਾਕ ਦਾ ਵਿਵਾਦ ਬੇਵਜਾ ਹੈ ਕਿਉਂਕਿ ਜਿਸ ਗੁਰੂ ਸਾਹਿਬ ਦੀ ਤਸਵੀਰ ਨਾਲ ਪੁਸ਼ਾਕ ਦਾ ਮਾਮਲਾ ਜੋੜਿਆ ਜਾ ਰਿਹਾ ਹੈ ਉਹ ਗੁਰੂ ਸਾਹਿਬ ਦੀਆਂ ਤਸਵੀਰਾਂ ਹੀ ਕਾਲਪਨਿਕ ਹਨ। ਅਕਾਲੀ ਦਲ ਸੋਮਵਾਰ ਨੂੰ ਪੁਲਿਸ ਕੋਲ ਪਹੁੰਚ ਕਰੇਗਾ।