ਕਿਸਾਨੀ ਮੁੱਦੇ 'ਤੇ ਬਹਿਸ ਕਰਦੇ 25 ਸਾਲਾਂ ਦੇ ਦੋਸਤ ਤੇ ਭਾਜਪਾ ਪ੍ਰਧਾਨ ਆਪਸ 'ਚ ਹੋਏ ਗੁੱਥਮ-ਗੁੱਥਾ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨੀ ਮੁੱਦੇ 'ਤੇ ਬਹਿਸ ਕਰਦੇ 25 ਸਾਲਾਂ ਦੇ ਦੋਸਤ ਤੇ ਭਾਜਪਾ ਪ੍ਰਧਾਨ ਆਪਸ 'ਚ ਹੋਏ ਗੁੱਥਮ-ਗੁੱਥਾ

image

ਇਕ ਘੰਟੇ ਬਾਅਦ 10 ਹਮਲਵਾਰਾਂ ਵਲੋਂ ਭਾਜਪਾ ਪ੍ਰਧਾਨ 'ਤੇ ਕਾਤਲਾਨਾ ਹਮਲਾ

ਮਾਹਿਲਪੁਰ, 25 ਜੁਲਾਈ (ਦੀਪਕ ਅਗਨੀਹੋਤਰੀ) : ਅੱਜ ਸ਼ਾਮ ਪੰਜ ਵਜੇ ਦੇ ਕਰੀਬ ਬਲਾਕ ਮਾਹਿਲਪੁਰ ਦੇ ਪਿੰਡ ਪਾਲਦੀ ਵਿਖ਼ੇ ਡਾਕਟਰ ਦੀ ਦੁਕਾਨ ਕਰਦੇ ਭਾਜਪਾ ਐਸ ਸੀ ਮੋਰਚਾ ਦੇ ਪ੍ਰਧਾਨ 'ਤੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਕਿਸਾਨੀ ਮੁੱਦੇ ਨੂੰ  ਲੈ ਕੇ ਕਾਤਲਾਨਾ ਹਮਲਾ ਕਰ ਦਿਤਾ | 
ਗੰਭੀਰ ਜ਼ਖ਼ਮੀ ਭਾਜਪਾ ਨੇਤਾ ਨੂੰ  ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਗਿਆ ਹੈ ਜਦਕਿ ਦੂਜੇ ਪਾਸੇ ਹਮਲਾ ਕਰਨ ਦੇ ਦੋਸ਼ਾਂ ਦਾ ਸਹਿਣ ਕਰ ਰਿਹਾ ਭਾਜਪਾ ਨੇਤਾ ਦਾ ਪੱਚੀ ਸਾਲ ਪੁਰਾਣਾ ਦੋਸਤ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਹੋ ਗਿਆ ਹੈ | ਥਾਣਾ ਮੁਖ਼ੀ ਸਤਵਿੰਦਰ ਸਿੰਘ ਧਾਲੀਵਾਲ ਭਾਰੀ ਪੁਲਿਸ ਫ਼ੋਰਸ ਲੈ ਕੇ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿਤੀ ਹੈ | 
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਮਾਹਿਲਪੁਰ ਵਿਖ਼ੇ ਜ਼ੇਰੇ ਇਲਾਜ ਭਾਜਪਾ ਦੇ ਐਸ ਸੀ ਮੋਰਚਾ ਦੇ ਬਲਾਕ ਪ੍ਰਧਾਨ ਡਾ. ਬਲਦੇਵ ਰਾਜ ਸਕਰੂਲੀ ਪੁੱਤਰ ਅਮਰੂ ਵਾਸੀ ;ਸਰੂਲੀ ਨੇ ਪੁਲਿਸ ਨੂੰ  ਦਿਤੇ ਬਿਆਨਾਂ ਵਿਚ ਦਸਿਆ ਕਿ ਉਹ ਅਪਣੀ ਕਲਿਨਕ ਵਿਚ ਬੈਠਾ ਸੀ ਤਾਂ ਉੱਥੇ ਪਿੰਡ ਪਾਲਦੀ ਜੁਗਿੰਦਰ ਸਿੰਘ ਪੁੱਤਰ ਚੈਨ ਸਿੰਘ ਵੀ ਆ ਗਿਆ ਜਿੱਥੇ ਉਹ ਦਵਾਈ ਲੈਣ ਤੋਂ ਬਾਅਦ ਕਿਸਾਨੀ ਮੁੱਦੇ 'ਤੇ ਗੱਲਾਂ ਕਰਨ ਲੱਗ ਪਿਆ | ਉਸ ਨੇ ਦਸਿਆ ਕਿ ਇਕ ਹਫ਼ਤਾ ਪਹਿਲਾਂ ਵੀ ਉਸ ਦੀ ਦੁਕਾਨ ਤੋਂ ਜੁਗਿੰਦਰ ਸਿੰਘ ਅਤੇ ਕੁੱਝ ਹੋਰ ਕਿਸਾਨਾਂ ਨੇ ਉਸ ਦੀ ਦੁਕਾਨ 'ਤੇ ਲੱਗਾ ਭਾਜਪਾ ਦਾ ਝੰਡਾ ਉਤਾਰ ਦਿਤਾ ਸੀ ਪ੍ਰੰਤੂ ਸਬੰਧ ਨਾ ਖ਼ਰਾਬ ਹੋਣ ਇਸ ਕਰ ਕੇ ਖ਼ਾਨਗੀ ਪੰਚਾਇਤ ਵਿਚ ਰਜ਼ਾਮੰਦੀ ਹੋ ਗਈ ਸੀ | 
ਉਸ ਨੇ ਦਸਿਆ ਕਿ ਕਿਸਾਨੀ ਮੁੱਦੇ ਦੀਆਂ ਗੱਲਾਂ ਕਰਦੇ ਹੀ ਜੁਗਿੰਦਰ ਸਿੰਘ ਨੇ ਉਸ ਨੂੰ  ਮੁੱਕਾ ਮਾਰ ਦਿਤਾ ਜਿਸ ਕਾਰਨ ਉਹ ਗੁੱਥਮ ਗੁੱਥਾ ਹੋ ਗਏ ਅਤੇ ਲੋਕਾਂ ਨੇ ਉਸ ਨੂੰ  ਛੁਡਾ ਦਿਤਾ | ਉਸ ਨੇ ਦਸਿਆ ਕਿ ਇਕ ਘੰਟੇ ਬਾਅਦ ਜੁਗਿੰਦਰ ਸਿੰਘ ਅੱਠ-ਦਸ ਸਾਥੀਆਂ ਨੂੰ  ਨਾਲ ਲੈ ਕੇ ਆ ਗਿਆ ਅਤੇ ਉਸ 'ਤੇ ਕਾਤਲਾਨਾ ਹਮਲਾ ਕਰ ਦਿਤਾ ਅਤੇ ਉਸ ਨੂੰ  ਗੰਭੀਰ ਜ਼ਖ਼ਮੀ ਕਰ ਕੇ ਫ਼ਰਾਰ ਹੋ ਗਏ | 
ਦੂਜੇ ਪਾਸੇ ਜੁਗਿੰਦਰ ਸਿੰਘ ਨੇ ਸਿਵਲ ਹਸਪਤਾਲ ਮਾਹਿਲਪੁਰ ਵਿਖ਼ੇ ਦਸਿਆ ਕਿ ਗੱਲਾਂ-ਗੱਲਾਂ ਵਿਚ ਬਲਦੇਵ ਰਾਜ ਨੇ ਉਸ ਨੂੰ  ਗੰਦੀ ਗਾਲ ਕੱਢ ਦਿਤੀ ਜਿਸ ਤੋਂ ਬਹਿਸ ਹੋ ਗਈ ਅਤੇ ਬਲਦੇਵ ਰਾਜ ਨੇ ਅਪਣੀ ਦੁਕਾਨ ਵਿਚ ਪਏ ਟਾਕੂਏ ਨਾਲ ਉਸ 'ਤੇ ਹਮਲਾ ਕਰ ਦਿਤਾ | ਉਸ ਨੇ ਦਸਿਆ ਕਿ ਉਹ ਤਾਂ ਲੜਾਈ ਤੋਂ ਬਾਅਦ ਘਰ ਆ ਗਿਆ ਸੀ | ਭਾਜਪਾ ਆਗੂ ਨਾਲ ਉਸ ਦੀ 25 ਸਾਲ ਦੀ ਦੋਸਤੀ ਸੀ ਪਰੰਤੂ ਗੰਦੀਆਂ ਗਾਲ੍ਹਾਂ ਕੱਢ ਕੇ ਉਸ ਨੂੰ  ਜ਼ਲੀਲ ਕੀਤਾ | ਬਾਅਦ ਵਿਚ ਉਸ ਨਾਲ ਕੌਣ ਲੜ ਕੇ ਗਿਆ ਉਸ ਨੂੰ  ਨਹੀਂ ਪਤਾ | ਮੌਕੇ 'ਤੇ ਪਹੁੰਚੇ ਥਾਣਾ ਮੁਖ਼ੀ ਸਤਵਿੰਦਰ ਸਿੰਘ ਧਾਲੀਵਾਲ ਨੇ ਦਸਿਆ ਕਿ ਭਾਜਪਾ ਅਤੇ ਕਿਸਾਨੀ ਮਸਲਾ ਨਹੀਂ ਹੈ | ਇਹ ਇਨ੍ਹਾਂ ਦੀ ਆਪਸੀ ਗਲਬਾਤ ਦੌਰਾਨ ਲੜਾਈ ਹੈ | ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ | ਜੋ ਵੀ ਦੋਸ਼ੀ ਹੋਇਆ ਉਸ ਵਿਰੁੱਧ ਕਾਰਾਈ ਕਰ ਦਿਤੀ ਜਾਵੇਗੀ |