ਬੱਚਿਆਂ ਦੇ ਚਿਹਰਿਆਂ 'ਤੇ ਆਈ ਰੌਣਕ, ਪੰਜਾਬ ਭਰ ’ਚ ਦਸਵੀਂ ਤੋਂ ਬਾਰ੍ਹਵੀਂ ਜਮਾਤਾਂ ਲਈ ਖੁੱਲ੍ਹੇ ਸਕੂਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਨਿਯਮਾਂ ਦੇ ਦਾਇਰੇ ‘ਚ ਰਹਿੰਦਿਆਂ ਪੰਜਾਬ ਸਰਕਾਰ ਨੇ ਸਕੂਲ ਆਉਣ ਦੀ ਦਿੱਤੀ ਆਗਿਆ

School reopen

ਮੁਹਾਲੀ (ਸੁਖਦੀਪ ਸਿੰਘ ਸੋਈਂ) : ਕੋਰੋਨਾ ਦੀ ਦੂਸਰੀ ਲਹਿਰ ਕਾਰਨ ਪੰਜਾਬ ਦੇ ਬੰਦ ਪਏ ਸਕੂਲਾਂ ਨੂੰ ਪੜਾਅਵਾਰ ਖੋਲ੍ਹਣ ਦੀ 26 ਜੁਲਾਈ ਨੂੰ ਸ਼ੁਰੂਆਤ ਹੋ ਗਈ ਹੈ। ਅੱਜ ਤੋਂ ਪੰਜਾਬ ਭਰ ’ਚ ਦਸਵੀਂ ਤੋਂ ਬਾਰ੍ਹਵੀਂ ਜਮਾਤਾਂ ਲਈ ਮੁੜ ਸਕੂਲ ਖੋਲ੍ਹੇ ਗਏ ਹਨ। ਸਕੂਲ ਖੁੱਲ੍ਹਣ ਨਾਲ ਬੱਚਿਆਂ ਦੇ ਚਿਹਰਿਆਂ ਤੇ ਰੌਣਕ ਛਾ ਗਈ।  ਦਸਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕੋਰੋਨਾ ਨਿਯਮਾਂ ਦੇ ਦਾਇਰੇ ‘ਚ ਰਹਿੰਦਿਆਂ ਪੰਜਾਬ ਸਰਕਾਰ ਨੇ ਸਕੂਲ ਆਉਣ ਦੀ ਆਗਿਆ ਦਿੱਤੀ ਹੈ। 

ਕੋਰੋਨਾ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਮੁਤਾਬਕ ਸਕੂਲ ’ਚ ਬੱਚਿਆਂ ਨੂੰ ਐਂਟਰੀ ਦੇਣ ਤੋਂ ਪਹਿਲਾਂ ਉਸ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ। ਸਕੂਲ ਦੇ ਅੰਦਰ ਮਾਸਕ ਪਹਿਨਣਾ ਲਾਜ਼ਮੀ ਹੈ, ਜਿਨ੍ਹਾਂ ਬੱਚਿਆਂ ਨੇ ਮਾਸਕ ਨਹੀਂ ਲਗਾਏ, ਉਨ੍ਹਾਂ ਨੂੰ ਮਾਸਕ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਕਲਾਸਾਂ ’ਚ ਬੱਚਿਆਂ ਵਿਚਾਲੇ ਸਮਾਜਿਕ ਦੂਰੀ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਤਾਂਕਿ ਕੋਰੋਨਾ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ। 

ਬੱਚਿਆਂ ਨੂੰ ਸਕੂਲ ਭੇਜਣ ਲਈ ਮਾਤਾ-ਪਿਤਾ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਇਸ ਦੇ ਬਿਨਾਂ ਵਿਦਿਆਰਥੀਆਂ ਨੂੰ ਸਕੂਲ ’ਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਸਬੰਧੀ ਜਿਲ੍ਹੇ ਦੇ ਸੈਕੰਡਰੀ ਤੇ ਹਾਈ ਸਕੂਲਾਂ ‘ਚ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.)  ਡਾ: ਜਰਨੈਲ ਸਿੰਘ ਕਾਲੇਕੇ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ.) ਰਵਿਦੰਰ ਕੌਰ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਪਾਲਣ ਸਬੰਧੀ ਸਕੂਲ ਮੁਖੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਸਭ ਨੂੰ ਕੋਵਿਡ-19 ਤੋਂ ਬਚਾਅ ਲਈ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਆਦੇਸ਼ ਜਾਰ ਕਰ ਦਿੱਤੇ ਗਏ ਹਨ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ ਸਕੂਲਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ ਹੈ ਅਤੇ ਸਕੂਲਾਂ ਦੀ ਵਿਸ਼ੇਸ਼ ਸਫਾਈ ਕੀਤੀ ਗਈ ਹੈ।

ਇਸ ਸਬੰਧੀ ਪ੍ਰਿੰਸੀਪਲ ਪੁਸ਼ਪਿੰਦਰ ਕੌਰ, ਚਰਨਜੀਤ ਕੌਰ, ਹਰਭੁਪਿੰਦਰ ਕੌਰ, ਇਕਬਾਲ ਕੌਰ ਅਤੇ ਬੰਦਨਾ ਪੁਰੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਕੂਲ ‘ਚ ਪ੍ਰਵੇਸ਼ ਕਰਨ ਮੌਕੇ ਮਾਸਕ ਪਹਿਨਣ, ਸੈਨਟਾਈਜ਼ ਹੋਣ ਅਤੇ ਲੋੜੀਦੀ ਦੂਰੀ ਬਣਾ ਕੇ ਰੱਖਣ ਲਈ, ਜਮਾਤ ਇੰਚਾਰਜ਼ਾਂ ਵੱਲੋਂ ਕੀਤੀਆਂ ਜ਼ੂਮ ਬੈਠਕਾਂ ਰਾਹੀਂ ਸੁਚੇਤ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਕੂਲ ‘ਚ ਕੋਵਿਡ-19 ਨਿਯਮਾਂ ਦੀ ਪਾਲਣਾ ਸਬੰਧੀ ਸਟਾਫ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।