ਹਰਿਆਣੇ ਦੇ ਪੰਜ ਸਿੰਘਾਂ ਅਤੇ ਪੰਜ ਬੀਬੀਆਂ ਨੇ ਦਿਤੀ ਗਿ੍ਰਫ਼ਤਾਰੀ

ਏਜੰਸੀ

ਖ਼ਬਰਾਂ, ਪੰਜਾਬ

ਹਰਿਆਣੇ ਦੇ ਪੰਜ ਸਿੰਘਾਂ ਅਤੇ ਪੰਜ ਬੀਬੀਆਂ ਨੇ ਦਿਤੀ ਗਿ੍ਰਫ਼ਤਾਰੀ

image

ਕੋਟਕਪੂਰਾ, 25 ਜੁਲਾਈ (ਗੁਰਿੰਦਰ ਸਿੰਘ) : ਬਰਗਾੜੀ ਮੋਰਚੇ ਦੇ 25ਵੇਂ ਦਿਨ 22ਵੇਂ ਜੱਥੇ ਵਿਚ ਗਿ੍ਰਫ਼ਤਾਰੀ ਦੇਣ ਵਾਲਿਆਂ ਵਿਚ ਪੰਜ ਸਿੰਘ ਅਤੇ ਪੰਜ ਬੀਬੀਆਂ ਸ਼ਾਮਲ ਸਨ, ਜੋ ਗੁਆਂਢੀ ਰਾਜ ਹਰਿਆਣਾ ਤੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਦੀ ਮੰਗ ਨੂੰ ਲੈ ਕੇ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਪੁੱਜੀਆਂ ਸਨ। ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ਮੁਤਾਬਕ ਜਥੇਬੰਦੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਕਤ ਮੋਰਚਾ ਚੜਦੀਕਲਾ ਵਿਚ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਵਾਰ-ਵਾਰ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ, ਪੰਥ ਦੇ ਨਾਂਅ ’ਤੇ ਵੋਟਾਂ ਬਟੋਰਨ ਵਾਲੀ ਬਾਦਲ ਸਰਕਾਰ ਨੇ ਪੰਥ ਵਿਰੋਧੀ ਸ਼ਕਤੀਆਂ ਦੀ ਤਾਂ ਹਰ ਵਾਰ ਸਰਪ੍ਰਸਤੀ ਕੀਤੀ ਪਰ ਸਿੱਖ ਨੌਜਵਾਨਾਂ ’ਤੇ ਤਸ਼ੱਦਦ ਦਾ ਦੌਰ ਵੀ ਜਾਰੀ ਰੱਖਿਆ। 
ਗੁਰਦਵਾਰਾ ਸਾਹਿਬ ਵਿਚ ਗੁਰਦੀਪ ਸਿੰਘ ਢੁੱਡੀ, ਹਰਜੀਤ ਸਿੰਘ ਵਿਰਕ, ਜਤਿੰਦਰ ਸਿੰਘ ਥਿੰਦ, ਗੁਰਵਿੰਦਰ ਸਿੰਘ ਮਹਾਲਮ, ਗੁਰਭੇਜ ਸਿੰਘ ਵਿਰਕ, ਮਨਬੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਗੁਰਦਵਾਰਾ ਸਾਹਿਬ ਵਿਖੇ ਪਹਿਲਾਂ ਗਿ੍ਰਫਤਾਰੀ ਦੇਣ ਵਾਲੇ ਪੰਜ ਸਿੰਘਾਂ ਤੇ ਪੰਜ ਬੀਬੀਆਂ ਵਿੱਚ ਸ਼ਾਮਲ ਖਜਾਨ ਸਿੰਘ, ਕੁਲਦੀਪ ਸਿੰਘ, ਅਨਮੋਲ ਸਿੰਘ, ਅਮਰਜੀਤ ਸਿੰਘ, ਦਿਲਬਾਗ ਸਿੰਘ ਜਾਟ, ਡਾ. ਗੁਰਜੀਤ ਕੌਰ, ਬੀਬੀ ਕੁਲਜੀਤ ਕੌਰ, ਬੀਬੀ ਨੂਰਪ੍ਰੀਤ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਨਵਜੋਤ ਕੌਰ ਆਦਿ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ, ਚੜਦੀਕਲਾ ਲਈ ਗੁਰੂ ਦੀ ਹਜੂਰੀ ਵਿਚ ਅਰਦਾਸ ਬੇਨਤੀ ਹੋਈ ਤੇ ਜਥੇ ਦੇ ਰੂਪ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਰੋਸ ਮਾਰਚ ਕਰਦੀਆਂ ਹੋਈਆਂ ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਪੁੱਜੀਆਂ। ਪਹਿਲਾਂ ਸਤਿਨਾਮ-ਵਾਹਿਗੁਰੂ ਦਾ ਜਾਪ ਹੋਇਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰੋ ਦੇ ਅਕਾਸ਼ ਗੁੰਜਾਊ ਨਾਹਰੇ ਲੱਗੇ। ਦਸ ਸਿੰਘਾਂ ਦੇ ਜਥੇ ਦੀ ਗਿ੍ਰਫ਼ਤਾਰੀ ਲਈ ਅੱਜ ਮਹਿਲਾ ਪੁਲਿਸ ਵੀ ਕਾਫ਼ੀ ਗਿਣਤੀ ਵਿਚ ਵੇਖਣ ਨੂੰ ਮਿਲੀ।