194 ਲੱਖ ਟਨ ਝੋਨਾ ਖ਼ਰੀਦਣ ਦੀ ਤਿਆਰੀ ਸ਼ੁਰੂ : ਆਸ਼ੂ

ਏਜੰਸੀ

ਖ਼ਬਰਾਂ, ਪੰਜਾਬ

194 ਲੱਖ ਟਨ ਝੋਨਾ ਖ਼ਰੀਦਣ ਦੀ ਤਿਆਰੀ ਸ਼ੁਰੂ : ਆਸ਼ੂ

image

ਚੰਡੀਗੜ੍ਹ, 25 ਜੁਲਾਈ (ਜੀ.ਸੀ. ਭਾਰਦਵਾਜ): ਇਕ ਪਾਸੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪਿਛਲੇ 7 ਮਹੀਨੇ ਤੋਂ ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲਗਾਤਾਰ ਡਟੀਆਂ ਹੋਈਆਂ ਹਨ, ਸੰਸਦ ਵਿਚ ਵੀ ਰੋਜ਼ਾਨਾ ਹੰਗਾਮਾ ਹੋ ਰਿਹਾ ਹੈ | ਦੂਜੇ ਪਾਸੇ ਕੋਰੋਨਾ ਦੀ ਤੀਜੀ ਮਹਾਂਮਾਰੂ ਲਹਿਰ ਦਾ ਡਰ ਛਾਇਆ ਹੋਇਆ ਹੈ | ਇਸੇ ਗੰਭੀਰ ਸੰਕਟ ਦੌਰਾਨ ਪੰਜਾਬ ਸਰਕਾਰ ਦੇ ਅਨਾਜ ਸਪਲਾਈ ਮੰਤਰੀ, ਭਾਰਤ ਭੂਸ਼ਣ ਆਸ਼ੂ ਨੇ ਇਸ ਸੀਜ਼ਨ ਵਿਚ 194 ਲੱਖ ਟਨ ਝੋਨਾ ਖ਼ਰੀਦਣ ਦਾ ਪ੍ਰੋਗਰਾਮ ਉਲੀਕਿਆ ਹੈ | ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮੰਤਰੀ ਨੇ ਦਸਿਆ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਵਲੋਂ 3500 ਕਰੋੜ ਦਾ ਬਕਾਇਆ ਰਿਲੀਜ਼ ਕਰਨ ਤੋਂ ਜਾਪਿਆ ਹੈ ਕਿ ਰਵਈਆ ਕੁੱਝ ਨਰਮ ਪਿਆ ਹੈ ਅਤੇ ਪੰਜਾਬ ਸਰਕਾਰ ਨੂੰ  ਵੀ ਰਾਹਤ ਮਹਿਸੂਸ ਹੋਈ ਹੈ | ਇਸ ਰਕਮ ਵਿਚ 1500 ਕਰੋੜ ਦਿਹਾਤੀ ਵਿਕਾਸ ਫ਼ੰਡ ਹੈ ਜਿਸ ਦਾ ਝਮੇਲਾ ਹੱਲ ਹੋ ਗਿਆ ਹੈ | ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ 194 ਲੱਖ ਟਨ ਝੋਨੇ ਦੀ ਖ਼ਰੀਦ ਵਾਸਤੇ 5,32,000 
ਗੰਢਾਂ ਯਾਨੀ ਬੋਰੀਆਂ ਦਾ ਬਾਰਦਾਨਾ ਖ਼ਰੀਦਣ ਵਾਸਤੇ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ | ਇਸ ਵਿਚੋਂ 1,25,000 ਗੰਢ ਆ ਗਈ ਹੈ, ਕੁਲ 3, 28,000 ਗੰਢਾਂ ਖ਼ਰੀਦਣ ਦੇ ਟੈਂਡਰ ਲੱਗ ਚੁੱਕੇ ਹਨ | ਇਕ ਗੰਢ ਵਿਚ 500 ਬੋਰੀ ਹੁੰਦੀ ਹੈ | ਉਨ੍ਹਾਂ ਦਸਿਆ ਕਿ ਕੇਂਦਰ ਦੀ ਨੈਫ਼ੈਡ ਵਲੋਂ 30,000 ਗੰਢਾਂ ਵੀ ਲੈਣੀਆਂ ਤੈਅ ਹੋਈਆਂ ਹਨ |
ਮੰਤਰੀ ਦਾ ਕਹਿਣਾ ਹੈ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਮੰਡੀ ਬੋਰਡ ਵਲੋਂ 2100 ਪੱਕੀਆਂ ਮੰਡੀਆਂ ਤੋਂ ਇਲਾਵਾ 1500 ਹੋਰ ਖ਼ਰੀਦ ਕੇਂਦਰਾਂ ਦਾ ਬੰਦੋਬਸਤ ਵੀ ਕੀਤਾ ਜਾ ਰਿਹਾ ਹੈ ਜਿਥੇ ਬਿਜਲੀ, ਪਾਣੀ ਸਾਫ ਸਫ਼ਾਈ ਅਤ ਹੋਰ ਪ੍ਰਬੰਧ ਆਉਂਦੇ ਦਿਨਾਂ ਵਿਚ ਸ਼ੁਰੂ ਹੋ ਰਹੇ ਹਨ | ਆਸ਼ੂ ਨੇ ਕਣਕ ਝੋਨੇ ਦੀ ਖ਼ਰੀਦ ਦੇ 6 ਸੀਜ਼ਨ ਕਾਮਯਾਬੀ ਨਾਲ ਨਿਭਾਏ ਹਨ ਅਤੇ ਇਹ 7ਵਾਂ ਮੌਕਾ ਹੈ ਜਦੋਂ ਕੇਂਦਰੀ ਭੰਡਾਰ ਵਾਸਤੇ ਪੰਜਾਬ ਦੇ 15 ਲੱਖ ਪ੍ਰਵਾਰਾਂ ਯਾਨੀ ਕਿਸਾਨਾਂ ਦੀ ਸੋਨੇ ਰੰਗੀ ਫ਼ਸਲ ਦਾ ਮੁੱਲ ਤਾਰ ਕੇ ਦੇਸ਼ ਦੇ ਕਰੋੜਾਂ ਲੋਕਾਂ ਦਾ ਢਿੱਡ ਭਰਨ ਦੀ ਸੇਵਾ ਉਨ੍ਹਾਂ ਨਿਭਾਉਣੀ ਹੈ | ਮੰਤਰੀ ਨੇ ਦਸਿਆ ਕਿ ਪਿਛਲੇ ਸਾਲ ਦੀ ਪ੍ਰਤੀ ਕੁਇੰਟਲ ਐਮ.ਐਸ.ਪੀ. 1888 ਰੁਪਏ ਤੋੀ ਵਧਾ ਕੇ ਕੇਂਦਰ ਨੇ 1960 ਰੁਪਏ ਦਾ ਰੇਟ ਕੀਤਾ ਹੈ ਅਤੇ 15 ਜਾਂ 20 ਸਤੰਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਖ਼ਰੀਦ ਵਾਸਤੇ ਲਗਭਗ 35,000 ਕਰੋੜ ਕੈਸ਼ ਕ੍ਰੈਡਿਟ ਲਿਮਟ ਲਈ ਰਿਜ਼ਰਵ ਬੈਂਕ ਨੂੰ  ਛੇਤੀ ਹੀ ਲਿਖ ਦਿਤਾ ਜਾਵੇਗਾ |
ਮੰਤਰੀ ਨੇ ਭਰੋਸਾ ਦਿਤਾ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਐਤਕੀਂ ਵੀ ਇਸ ਵੱਡੀ ਖ਼ਰੀਦ ਨੂੰ  ਸਿਰੇ ਚਾੜ੍ਹਨ ਵਾਸਤੇ ਮੰਡੀ ਬੋਰਡ ਅਨਾਜ ਸਪਲਾਈ ਮਹਿਕਮਾ, ਸਾਰੇ ਜ਼ਿਲਿ੍ਹਆਂ ਦਾ ਸਟਾਫ਼ ਹਜ਼ਾਰਾਂ ਆੜ੍ਹਤੀ, ਪੰਜਾਬ ਦੀਆਂ ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫ਼ੈੱਡ, ਵੇਅਰ ਹਾਊਸਿੰਗ ਕਾਰਪੋਰੇਸ਼ਨ ਤੇ ਕੇਂਦਰੀ ਖ਼ੁਰਾਕ ਨਿਗਮ, ਦਿਲਚਸਪੀ ਤੇ ਮਿਹਨਤ ਜ਼ਰੂਰ ਦਿਖਾਉਣਗੇ |
ਫ਼ੋਟੋ ਵੀ ਹੈ