ਮਨਾਲੀ ਵਿਚ ਫਟਿਆ ਬੱਦਲ, ਨੁਕਸਾਨੇ ਗਏ ਕਈ ਵਾਹਨ

ਏਜੰਸੀ

ਖ਼ਬਰਾਂ, ਪੰਜਾਬ

ਮਨਾਲੀ ਵਿਚ ਫਟਿਆ ਬੱਦਲ, ਨੁਕਸਾਨੇ ਗਏ ਕਈ ਵਾਹਨ

image

ਕੁੱਲੂ, 25 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਉਝੀ ਘਾਟੀ ਤੋਂ ਲੈ ਕੇ ਲਾਹੌਲ ਤਕ ਐਤਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਮਨਾਲੀ ਦੇ ਪਲਚਾਣ ਨੇੜੇ ਸੇਰੀ ਨਾਲਾ ’ਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ। ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਸੋਲਾਂਗ ਲਈ ਬਣਾਇਆ ਲੱਕੜ ਦਾ ਪੁਲ ਰੁੜ੍ਹ ਗਿਆ। ਇਸ ਤੋਂ ਇਲਾਵਾ ਪਲਚਾਣ ਅਤੇ ਬਹਿੰਗ ਦੇ ਆਸ-ਪਾਸ ਦਰਿਆ ਦੇ ਕੰਢੇ ਬਣੇ ਰੈਸਟੋਰੈਂਟ, ਕੋਠੀਆਂ ਸਮੇਤ ਕੁੱਝ ਵਾਹਨ ਵੀ ਨੁਕਸਾਨੇ ਗਏ ਹਨ। ਬੱਦਲ ਫਟਣ ਤੋਂ ਬਾਅਦ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਦਰਿਆ ਦੇ ਕੰਢੇ ਰਹਿੰਦੇ ਲੋਕ ਰਾਤ ਭਰ ਸੌਂ ਨਹੀਂ ਸਕੇ। ਉਪ ਮੰਡਲ ਅਧਿਕਾਰੀ ਮਨਾਲੀ ਸੁਰਿੰਦਰ ਠਾਕੁਰ ਨੇ ਦਸਿਆ ਕਿ ਪ੍ਰਸ਼ਾਸਨ ਨੇ ਨੁਕਸਾਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿਤਾ ਹੈ। ਇਸ ਦੇ ਨਾਲ ਹੀ ਲਾਹੌਲ ਵਿਚ ਵੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਤੇਜ਼ ਮੀਂਹ ਕਾਰਨ ਤੇਲਿੰਗ ਨਾਲੇ ਵਿਚ ਹੜ੍ਹ ਆ ਗਿਆ। ਇਸ ਕਾਰਨ ਮਨਾਲੀ-ਲੇਹ ਸੜਕ ਕਰੀਬ ਪੰਜ ਘੰਟੇ ਬੰਦ ਰਹੀ। ਬਾਰਡਰ ਰੋਡ ਆਰਗੇਨਾਈਜੇਸ਼ਨ ਦੇ ਕਮਾਂਡਰ ਕਰਨਲ ਸਬਾਰੀਸ ਵਾਚਲੀ ਨੇ ਦਸਿਆ ਕਿ ਸੋਮਵਾਰ ਸਵੇਰੇ ਕਰੀਬ 5 ਵਜੇ ਹੜ੍ਹ ਆਇਆ। ਹੁਣ ਮਲਬਾ ਹਟਾ ਕੇ ਸੜਕ ਨੂੰ ਖੋਲ੍ਹ ਦਿਤਾ ਗਿਆ ਹੈ।    (ਏਜੰਸੀ)