ਸਿੱਖ ਅਜਾਇਬ ਘਰ ਵਿਚੋਂ 'ਨਾਸਤਕ' ਭਗਤ ਸਿੰਘ ਦੀ ਫ਼ੋਟੋ ਹਟਾਉ--ਸਿਮਰਨਜੀਤ ਸਿੰਘ ਮਾਨ ਦੇ ਬੇਟੇ ਨੇ ਮੰਗ ਉਠਾਈ

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਅਜਾਇਬ ਘਰ ਵਿਚੋਂ 'ਨਾਸਤਕ' ਭਗਤ ਸਿੰਘ ਦੀ ਫ਼ੋਟੋ ਹਟਾਉ--ਸਿਮਰਨਜੀਤ ਸਿੰਘ ਮਾਨ ਦੇ ਬੇਟੇ ਨੇ ਮੰਗ ਉਠਾਈ

image


ਉਨ੍ਹਾਂ ਦੀ ਦਲੀਲ ਹੈ ਕਿ ਇਕ ਧਾਰਮਕ ਅਜਾਇਬ ਘਰ ਵਿਚ ਇਕ 'ਨਾਸਤਕ' ਦੀ ਫ਼ੋਟੋ ਦੂਜੇ ਸ਼ਹੀਦਾਂ ਦਾ ਅਪਮਾਨ ਕਰਨ ਤੁਲ ਹੈ

ਚੰਡੀਗੜ੍ਹ, 25 ਜੁਲਾਈ (ਸਸਸ): ਅੱਜ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ (ਅੰਮਿ੍ਤਸਰ ਅਕਾਲੀ ਦਲ) ਦੇ ਬੇਟੇ ਸ. ਈਮਾਨ ਸਿੰਘ ਨੇ ਸ਼ੋ੍ਰਮਣੀ ਕਮੇਟੀ ਕੋਲੋਂ ਲਿਖਤੀ ਤੌਰ 'ਤੇ ਮੰਗ ਕੀਤੀ ਹੈ ਕਿ ਸਿੱਖ ਅਜਾਇਬ ਘਰ ਵਿਚੋਂ ਸ਼ਹੀਦ ਭਗਤ ਸਿੰਘ ਦੀ ਫ਼ੋਟੋ ਉਤਾਰ ਦਿਤੀ ਜਾਵੇ ਕਿਉਂਕਿ ਨਾਸਤਕਤਾ ਦਾ ਪ੍ਰਚਾਰ ਕਰਨ ਵਾਲੀ ਕਿਤਾਬ ਦੇ ਲੇਖਕ ਭਗਤ ਸਿੰਘ ਦੀ ਫ਼ੋਟੋ ਇਕ ਧਾਰਮਕ ਮਿਊਜ਼ੀਅਮ ਵਿਚ ਲਗਾਉਣੀ, ਬਾਕੀ ਦੇ ਸ਼ਹੀਦਾਂ ਦਾ ਅਪਮਾਨ ਕਰਨ ਦੇ ਤੁਲ ਹੈ |
ਯਾਦ ਰਹੇ ਭਾਵੇਂ ਭਗਤ ਸਿੰਘ ਅਕਾਲੀ ਜਥਿਆਂ ਦੀ ਸੇਵਾ ਕਰਦਾ ਰਿਹਾ ਹੈ ਤੇ ਉਨ੍ਹਾਂ ਨੂੰ  ਲੰਗਰ ਵੀ ਛਕਾਉਂਦਾ ਰਿਹਾ ਹੈ ਤੇ ਗਿ੍ਫ਼ਤਾਰੀ ਤੋਂ ਪਹਿਲਾਂ ਉਸ ਨੇ ਕਦੀ ਵੀ ਧਰਮ ਵਿਰੁਧ ਕਦੇ ਕੁੱਝ ਨਹੀਂ ਸੀ ਕਿਹਾ ਪਰ ਜਦ ਉਹ ਜੇਲ ਵਿਚ ਸੀ ਤਾਂ ਕਮਿਊਨਿਸਟ ਪਾਰਟੀ ਨੇ ਉਸ ਨੂੰ  ਜੇਲ ਵਿਚੋਂ ਮਹਾਤਮਾ ਗਾਂਧੀ ਦੇ ਮੁਕਾਬਲੇ ਖੜਾ ਕਰਨ ਦਾ ਯਤਨ ਕੀਤਾ ਤੇ ਉਸ ਦੇ ਨਾਂ ਤੇ ਬੜਾ ਅਜਿਹਾ ਲਿਟਰੇਚਰ ਵੰਡਿਆ ਗਿਆ ਜੋ ਧਰਮ ਵਿਰੁਧ ਜਾਂਦਾ ਸੀ | ਕਮਿਊਨਿਸਟ ਪਾਰਟੀ ਦਾ ਖ਼ਿਆਲ ਸੀ ਕਿ ਭਗਤ ਸਿੰਘ ਨੂੰ  ਇਕ 'ਕਾਮਰੇਡ' ਵਜੋਂ ਚੁਕ ਕੇ ਮਹਾਤਮਾ ਗਾਂਧੀ ਨੂੰ  ਖ਼ਤਮ ਕੀਤਾ ਜਾ ਸਕਦਾ ਹੈ | ਸੋ ਉਸ ਦੇ ਜੇਲ ਵਿਚ ਬੈਠੇ ਹੋਣ ਸਮੇਂ ਉਸ ਦੇ ਨਾਂ ਤੇ ਜੋ ਕੁੱਝ ਲਿਖ ਕੇ ਪ੍ਰਚਾਰਿਆ ਗਿਆ, ਉਸ ਬਾਰੇ ਪਹਿਲਾਂ ਵੀ ਮਤਭੇਦ ਹਨ ਕਿ ਇਹ ਭਗਤ ਸਿੰਘ ਦੀਆਂ ਲਿਖਤਾਂ ਸਨ ਵੀ ਜਾਂ ਕਮਿਊਨਿਸਟ ਪਾਰਟੀ ਨੇ ਆਪ ਲਿਖ ਕੇ ਉਸ ਦਾ ਨਾਂ ਹੀ ਵਰਤਿਆ ਸੀ |
ਉਸ ਪੁਰਾਣੇ ਵਾਦ ਵਿਵਾਦ ਨੇ ਹੁਣ ਫਿਰ ਤੋਂ ਜਨਮ ਲੈ ਲਿਆ ਹੈ | ਸ਼ੋ੍ਰਮਣੀ ਕਮੇਟੀ ਕਹਿੰਦੀ ਹੈ ਕਿ ਵਿਚਾਰ ਰੱਖਣ ਦਾ ਹੱਕ ਹਰ ਸਿੱਖ ਨੂੰ  ਹਾਸਲ ਹੈ ਤੇ ਸ਼ੋ੍ਰਮਣੀ ਕਮੇਟੀ ਇਸ ਤੇ ਵਿਚਾਰ ਕਰੇਗੀ ਤੇ ਵਿਦਵਾਨਾਂ ਦੀ ਰਾਏ ਲਵੇਗੀ | ਜੋ ਵੀ ਹੈ ਸ. ਸਿਮਰਨਜੀਤ ਸਿੰਘ ਮਾਨ ਨੇ ਜਿਹੜੀ ਦੁਖਦੀ ਰੱਗ ਐਵੇਂ ਜਹੇ ਛੇੜ ਦਿਤੀ ਸੀ, ਉਹ ਵੱਡੇ ਵਿਵਾਦ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਤੇ ਹੋ ਸਕਦਾ ਹੈ, ਇਹ ਬੀਤੇ ਵਿਚ ਕਮਿਊਨਿਸਟਾਂ ਵਲੋਂ ਭਗਤ ਸਿੰਘ ਨੂੰ  ਧੱਕੇ ਨਾਲ 'ਕਾਮਰੇਡ' ਸਾਬਤ ਕਰਨ ਦੇ ਯਤਨਾਂ ਨੂੰ  ਇਤਿਹਾਸਕ ਖੋਜ ਦਾ ਰੂਪ ਹੀ ਦੇ ਦੇਵੇ |