Ludhiana News : ਖੁੱਡੀਆਂ ਵੱਲੋਂ ਮੈਗਾ ਫੂਡ ਪਾਰਕ ਦਾ ਨਿਰੀਖਣ,ਅਧਿਕਾਰੀਆਂ ਨੂੰ ਖੇਤੀਬਾੜੀ ਵਿਕਾਸ 'ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼
Ludhiana News : ਖੇਤੀਬਾੜੀ ਮੰਤਰੀ ਵੱਲੋਂ ਪ੍ਰਮੁੱਖ ਫੂਡ ਪ੍ਰੋਸੈਸਿੰਗ ਉਦਯੋਗਾਂ ਦੇ ਪ੍ਰਤੀਨਿਧੀਆਂ ਨਾਲ ਵਿਚਾਰ-ਵਟਾਂਦਰਾ
Ludhiana News in Punjabi : ਸੂਬੇ ਦੇ ਕਿਸਾਨਾਂ ਅਤੇ ਖੇਤੀ-ਉਦਮੀਆਂ ਨੂੰ ਹੋਰ ਸਮਰਥਨ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੁਧਿਆਣਾ ਦੇ ਲਾਡੋਵਾਲ ਵਿਖੇ ਮੈਗਾ ਫੂਡ ਪਾਰਕ ਦਾ ਦੌਰਾ ਕਰਕੇ ਉੱਥੇ ਸਥਾਪਿਤ ਬੁਨਿਆਦੀ ਢਾਂਚਾ ਸਹੂਲਤਾਂ ਅਤੇ ਉਦਯੋਗਿਕ ਇਕਾਈਆਂ ਦਾ ਨਿਰੀਖਣ ਕੀਤਾ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ(ਪੀਏਆਈਸੀ) ਦੇ ਚੱਲ ਰਹੇ ਅਤੇ ਪ੍ਰਸਤਾਵਿਤ ਪ੍ਰਾਜੈਕਟਾਂ ਦੀ ਵਿਆਪਕ ਸਮੀਖਿਆ ਕੀਤੀ। ਖੇਤੀਬਾੜੀ ਖੇਤਰ ਦੇ ਵਿਕਾਸ ਨੂੰ ਤਰਜੀਹ ਦੇਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਸ. ਖੁੱਡੀਆਂ ਨੇ ਅਧਿਕਾਰੀਆਂ ਨੂੰ ਉਨ੍ਹਾਂ ਪਹਿਲਕਦਮੀਆਂ 'ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਦਿੱਤੇ ਜੋ ਖੇਤੀਬਾੜੀ ਖੇਤਰ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਪ੍ਰਫੁੱਲਤ ਕਰਨ।
ਇਸ ਦੌਰਾਨ ਉਨ੍ਹਾਂ ਨੇ ਗੋਦਰੇਜ ਟਾਈਸਨ ਫੂਡਜ਼, ਡੇਲਮੋਂਟ ਫੂਡਜ਼, ਆਨੰਦ ਕਰਤਾਰ ਬੇਕਰੀ, ਐਸਜੀਐਮ ਬਾਇਓਫੂਡਜ਼, ਇਸਕੋਨ ਬਾਲਾਜੀ ਫੂਡਜ਼ ਅਤੇ ਸੰਤ ਫੂਡਜ਼ ਸਮੇਤ ਪ੍ਰਮੁੱਖ ਫੂਡ ਪ੍ਰੋਸੈਸਿੰਗ ਉਦਯੋਗਾਂ ਦੇ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਰਾਜ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਰਿਆਇਤਾਂ ਅਤੇ ਪ੍ਰੋਤਸਾਹਨਾਂ 'ਤੇ ਸੰਤੁਸ਼ਟੀ ਜ਼ਾਹਰ ਕੀਤੀ।
ਸਾਈਲੇਜ ਅਤੇ ਚਾਰਾ ਪ੍ਰੋਸੈਸਿੰਗ ਕੰਪਲੈਕਸ ਦਾ ਦੌਰਾ ਕਰਦਿਆਂ ਖੇਤੀਬਾੜੀ ਮੰਤਰੀ ਨੇ ਫ਼ਸਲ ਦੀ ਕਟਾਈ, ਪ੍ਰੋਸੈਸਿੰਗ ਅਤੇ ਬੇਲਿੰਗ ਲਈ ਨਵੀਨਤਮ ਖੇਤੀਬਾੜੀ ਮਸ਼ੀਨਰੀ ਅਤੇ ਤਕਨਾਲੋਜੀਆਂ ਦਾ ਨਿਰੀਖਣ ਕੀਤਾ। ਅਲਫਾਲਫਾ (ਲੂਸਣ) ਦੀ ਕਾਸ਼ਤ ਅਤੇ ਹੇਅ-ਮੇਕਿੰਗ (ਫੂਸ ਬਣਾਉਣ) ਬਾਰੇ ਇੱਕ ਪਾਇਲਟ ਪ੍ਰੋਜੈਕਟ ਵੀ ਪ੍ਰਦਰਸ਼ਿਤ ਕੀਤਾ ਗਿਆ, ਜਿਸ ਦੌਰਾਨ ਡੇਅਰੀ ਫਾਰਮਾਂ, ਘੋੜੇ ਅਤੇ ਪਸ਼ੂ ਪਾਲਣ ਲਈ ਇਸਦੇ ਪੋਸ਼ਣ ਸਬੰਧੀ ਜਾਣਕਾਰੀ ਦੇਣ ਦੇ ਨਾਲ ਇਸਦੀ ਵਧਦੀ ਘਰੇਲੂ ਅਤੇ ਬਾਹਰੀ ਮੰਗ ‘ਤੇ ਚਾਨਣਾ ਪਾਇਆ ਗਿਆ। ਸ. ਖੁੱਡੀਆਂ ਨੂੰ ਅਧਿਕਾਰੀਆਂ ਨੇ ਭਵਿੱਖੀ ਪਹਿਲਕਦਮੀਆਂ ਬਾਰੇ ਵੀ ਜਾਣੂ ਕਰਵਾਇਆ, ਜਿਸ ਵਿੱਚ ਹਰ ਮੌਸਮ ‘ਚ ਕਟਾਈ ਵਾਲੀ ਅਤੇ ਉੱਨਤ ਤਕਨਾਲੋਜੀ ਦੇ ਨਾਲ ਬਰਸਾਤੀ ਮੱਕੀ ਅਤੇ ਨੇਪੀਅਰ ਘਾਹ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਸੀ।
ਕੈਬਨਿਟ ਮੰਤਰੀ ਨੇ ਪੰਜਾਬ ਐਗਰੋ ਦੇ ਆਧੁਨਿਕ ਅਤੇ ਟਿਕਾਊ ਖੇਤੀ ਹੱਲਾਂ ਅਤੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਮੋਹਰੀ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਕਿਸਾਨਾਂ ਅਤੇ ਖੇਤੀ-ਉਦਮੀਆਂ ਨੂੰ ਲਾਭ ਪਹੁੰਚਾਉਣ ਵਾਲੇ ਮੌਜੂਦਾ ਅਤੇ ਭਵਿੱਖੀ ਪ੍ਰੋਜੈਕਟਾਂ ਲਈ ਪੂਰਾ ਸਮਰਥਨ ਦੇਵੇਗੀ।
ਇਸ ਮੌਕੇ ਪ੍ਰਮੁੱਖ ਸਕੱਤਰ ਫੂਡ ਪ੍ਰੋਸੈਸਿੰਗ ਰਾਖੀ ਗੁਪਤਾ ਭੰਡਾਰੀ ਅਤੇ ਐਮਡੀ ਪੀਏਆਈਸੀ ਹਰਗੁਣਜੀਤ ਕੌਰ, ਪੀਏਆਈਸੀ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਖੇਤੀਬਾੜੀ-ਉਦਯੋਗ ਦੇ ਨੁਮਾਇੰਦੇ ਵੀ ਮੌਜੂਦ ਸਨ।
(For more news apart from Gurmeet Singh Khudian inspects Mega Food Park, directs officials to focus on agricultural development News in Punjabi, stay tuned to Rozana Spokesman)