ਕਾਂਗਰਸੀ ਆਗੂਆਂ ਵੱਲੋਂ 84 ਦੇ ਮੁੱਦੇ 'ਤੇ ਰਾਹੁਲ ਦਾ ਬਚਾਅ, ਬਾਦਲਾਂ 'ਤੇ ਲਾਇਆ ਰਣਜੀਤ ਸਿੰਘ...
ਕਾਂਗਰਸੀ ਆਗੂਆਂ ਵੱਲੋਂ 84 ਦੇ ਮੁੱਦੇ 'ਤੇ ਰਾਹੁਲ ਦਾ ਬਚਾਅ, ਬਾਦਲਾਂ 'ਤੇ ਲਾਇਆ ਰਣਜੀਤ ਸਿੰਘ ਰਿਪੋਰਟ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼
ਚੰਡੀਗੜ੍ਹ : ਪੰਜਾਬ ਤੋਂ ਸੀਨੀਅਰ ਕਾਂਗਰਸੀ ਆਗੂਆਂ ਅਤੇ ਮੰਤਰੀਆਂ ਵੱਲੋਂ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੁਆਰਾ 84 ਦੇ ਦੰਗਿਆਂ ਬਾਰੇ ਲੰਡਨ ਵਿੱਚ ਦਿੱਤੇ ਗਏ ਬਿਆਨ ਦਾ ਅੱਜ ਬਚਾਅ ਕੀਤਾ ਗਿਆ। ਉਨ੍ਹਾਂ ਦੋਸ਼ ਲਾਏ ਕਿ ਬਰਗਾੜੀ ਬੇਅਦਬੀ ਮਾਮਲੇ ਅਤੇ ਇਸ ਤੋਂ ਬਾਅਦ ਕੋਟਕਪੂਰਾ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਦੇ ਕਤਲੇਆਮ ਵਿੱਚ ਇੰਨ੍ਹਾਂ ਦੀ ਭੂਮਿਕਾ ਜੱਗ ਜਾਹਿਰ ਹੋਣ ਕਾਰਨ ਅਕਾਲੀਆਂ ਵੱਲੋਂ ਜਾਣਬੁੱਝ ਕੇ ਰਾਹੁਲ ਗਾਂਧੀ ਦੇ ਬਿਆਨ ਨੂੰ ਤੋੜ-ਮੋੜ ਕੇ ਪੇਸ਼ ਕੀਤਾ ਗਿਆ ਹੈ ਤਾਂ ਜੋ ਲੋਕਾਂ ਦਾ ਧਿਆਨ ਭਟਕਾ ਸਕਣ।
ਅੱਜ ਇਥੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਇੰਨ੍ਹਾ ਆਗੂਆਂ ਨੇ ਕਿਹਾ ਕਿ ਬਾਦਲ ਪਰਿਵਾਰ ਜਿਸ ਵਿਚ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸ਼ਾਮਿਲ ਹਨ, ਸ੍ਰੀ ਰਾਹੁਲ ਗਾਂਧੀ ਦੇ ਬਿਆਨ ਨੂੰ ਤਰੋੜ-ਮਰੋੜ ਕੇ ਪੇਸ਼ ਕਰ ਰਹੇ ਹਨ ਤਾਂ ਜੋ ਇੰਨ੍ਹਾ ਲਈ ਮੌਤ ਦੀ ਘੰਟੀ ਸਾਬਿਤ ਹੋਣ ਜਾ ਰਹੀ ਜਸਟਿਸ ਰਣਜੀਤ ਸਿੰਘ ਰਿਪੋਰਟ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ।
ਕਾਂਗਰਸ ਦੇ ਸੀਨੀਅਰ ਆਗੂ ਤੇ ਮੰਤਰੀ ਜਿੰਨਾਂ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਕੁਲਜੀਤ ਸਿੰਘ ਨਾਗਰਾ ਸ਼ਾਮਿਲ ਹਨ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੇ ਸਿੱਧੇ ਤੇ ਸਾਫ ਤੌਰ 'ਤੇ ਇੰਨ੍ਹਾਂ ਦੰਗਿਆਂ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਸੋਨੀਆ ਗਾਂਧੀ ਨੇ ਨਿੱਜੀ ਤੌਰ 'ਤੇ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਮੁਆਫ਼ੀ ਮੰਗੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਵੀ ਇਸ ਮੁੱਦ 'ਤੇ ਅਫ਼ਸੋਸ ਪ੍ਰਗਟ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਸ੍ਰੀ ਰਾਹੁਲ ਗਾਂਧੀ ਨੂੰ ਇਸ ਮੁੱਦੇ ਵਿੱਚ ਖਿੱਚਣਾ ਅਤਿਅੰਤ ਨਿੰਦਣਯੋਗ ਹੈ।
ਇੰਨ੍ਹਾਂ ਆਗੂਆਂ ਨੇ ਕਿਹਾ, ''ਆਮ ਤੌਰ 'ਤੇ ਤਾਂ ਬਾਦਲਾਂ ਵੱਲੋਂ '84 ਦੇ ਮੁੱਦੇ ਨੂੰ ਸਿਰਫ ਚੋਣਾਂ ਦੌਰਾਨ ਹੀ ਵਰਤਿਆ ਜਾਂਦਾ ਹੈ, ਪਰ ਇਸ ਵਾਰ ਇਹ ਇਸ ਤੋਂ ਵੀ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਬਰਗਾੜੀ ਮਾਮਲੇ ਵਿੱਚ ਇੰਨ੍ਹਾਂ ਬਾਰੇ ਹੋਏ ਖੁਲਾਸੇ ਸਦਕਾ ਹੁਣ ਇੰਨ੍ਹਾ ਦੇ ਸਿਆਸੀ ਜੀਵਨ ਦਾ ਅੰਤ ਹੋਣਾ ਤੈਅ ਹੈ ਅਤੇ ਇਸ ਲਈ ਹੁਣ ਇਹ ਘਿਨਾਉਣੀਆਂ ਹਰਕਤਾਂ 'ਤੇ ਉੱਤਰ ਆਏ ਹਨ।'' ਉਨ੍ਹਾਂ ਕਿਹਾ ਕਿ ਬਾਦਲ ਹੁਣ ਬੜੀ ਚਲਾਕੀ ਨਾਲ ਧਿਆਨ ਭਟਕਾਊ ਰਣਨੀਤੀ ਦਾ ਆਸਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਕਾਂਗਰਸੀ ਆਗੂਆਂ ਨੇ ਇਹ ਆਖਦਿਆਂ ਕਿ ਬਾਦਲ ਹਮੇਸ਼ਾਂ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਕਿਹਾ, ''ਇਸ ਵਾਰ ਬਾਦਲਾਂ ਨੇ ਬਹੁਤ ਦੇਰ ਕਰ ਦਿੱਤੀ ਹੈ। ਆਪਣੀ ਚਮੜੀ ਦਮੜੀ ਬਚਾਉਣ ਲਈ ਇੰਨ੍ਹਾਂ ਵੱਲੋਂ ਬਰਗਾੜੀ ਵਿੱਚ ਬੇਅਦਬੀ ਵਰਗੀਆਂ ਘਣਾਉਣੀਆਂ ਘਟਨਾਵਾਂ ਕਰਵਾਉਣ ਤੱਕ ਡਿੱਗ ਪੈਣ ਨੂੰ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ।''
ਬਾਦਲਾਂ ਨੂੰ ਆਪਣੇ ਬਚਾਅ ਲਈ ਹੋਰ ਕੋਈ ਵਧੀਆ ਹੀਲਾ ਕਰਨ ਦੀ ਸਲਾਹ ਦਿੰਦਿਆਂ ਇੰਨ੍ਹਾਂ ਆਗੂਆਂ ਨੇ ਕਿਹਾ, ''ਸੌਮਵਾਰ ਆ ਲੈਣ ਦਓ, ਬਾਦਲਾਂ ਨੂੰ ਭੱਜਣ ਲਈ ਰਾਹ ਨਹੀਂ ਲੱਭੇਗਾ ਕਿਉਂਕਿ ਇਹ ਪਤਾ ਲੱਗਦਿਆਂ ਹੀ ਕਿ ਸੌੜੇ ਸਿਆਸੀ ਹਿਤਾਂ ਲਈ ਕਿਸ ਤਰ੍ਹਾਂ ਇਹ ਬੇਅਦਬੀਆਂ ਤੇ ਕਤਲ ਕਰਵਾਉਣ ਵਰਗੀਆਂ ਘਿਣਾਉਣੀਆਂ ਹਰਕਤਾਂ 'ਤੇ ਉੱਤਰ ਆਏ ਸਨ, ਪੰਜਾਬ ਦੇ ਲੋਕ ਅਤੇ ਖਾਸਕਰ ਸਿੱਖ ਇੰਨ੍ਹਾਂ ਨੂੰ ਕਟਿਹਰੇ ਵਿੱਚ ਖੜ੍ਹਾ ਕਰਨਗੇ।''