ਨਜਾਇਜ ਮਾਇਨਿੰਗ ਨੂੰ ਹੜ੍ਹਾਂ ਦਾ ਕਾਰਨ ਨਹੀਂ ਮੰਨਦੀ ਪੰਜਾਬ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਦੀ ਸਰਕਾਰ ਦਲਿਤ ਵਿਰੋਧੀ ਅਤੇ ਗ਼ਰੀਬਾਂ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ

The Punjab government does not consider illegal mining the cause of the floods

ਚੰਡੀਗੜ੍ਹ : ਸੂਬੇ 'ਚ ਆਏ ਹੜ੍ਹਾਂ ਕਾਰਨ ਪੰਜਾਬ ਦੇ ਹਾਲਾਤ ਇਸ ਸਮੇਂ ਕਾਫ਼ੀ ਨਾਜ਼ੁਕ ਬਣੇ ਹੋਏ ਹਨ। ਹੜ੍ਹਾਂ ਕਾਰਨ ਜਿੱਥੇ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਉੱਥੇ ਨਾਲ ਫ਼ਸਲਾਂ ਦੇ ਡੁੱਬ ਜਾਣ ਕਾਰਨ ਕਿਸਾਨ ਦਾ ਬਹੁਤ ਨੁਕਸਾਨ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਹੜ੍ਹ ਕੁਦਰਤੀ ਨਹੀਂ ਸਗੋਂ ਸਰਕਾਰ ਦੀ ਦੇਣ ਹਨ। ਲੋਕ ਸਰਕਾਰਾਂ ਦੀ ਕਾਰਗੁਜਾਰੀ 'ਤੇ ਸਵਾਲ ਚੁੱਕ ਰਹੇ ਹਨ। ਇਸ ਦੌਰਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ 'ਰੋਜ਼ਾਨਾ ਸਪੋਕਸਮੈਨ' ਦੇ ਦਫ਼ਤਰ ਪੁੱਜੇ ਅਤੇ 'ਸਪੋਕਸਮੈਨ ਟੀਵੀ' ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਸਵਾਲ : ਹੜ੍ਹ ਲਈ ਲੋਕ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਭਾਰੀ ਮੀਂਹ ਕਾਰਨ ਖੰਨਾ 'ਚ ਇਕ ਘਰ ਢਹਿ ਗਿਆ ਸੀ ਅਤੇ ਪ੍ਰਸ਼ਾਸਨ ਵੱਲੋਂ 14 ਘੰਟੇ ਬਾਅਦ ਮਾਂ ਅਤੇ ਉਸ ਦੇ ਬੱਚੇ ਨੂੰ ਬਾਹਰ ਕੱਢਿਆ ਗਿਆ। ਇਸੇ ਤਰ੍ਹਾਂ ਰੋਪੜ ਦੇ ਇਕ ਪਿੰਡ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਇਕ ਪੁਲ ਟੁੱਟ ਗਿਆ ਸੀ, ਜਿਸ ਨੂੰ ਠੀਕ ਕਰਨ ਲਈ ਹਫ਼ਤੇ ਤੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾ ਪਹੁੰਚਿਆ। ਲੋਕਾਂ ਨੇ ਆਪ ਉਸ ਸੜਕ ਨੂੰ ਮਿੱਟੀ ਅਤੇ ਰੋੜੇ ਪਾ ਕੇ ਭਰਿਆ। ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਬਾਰੇ ਕੀ ਕਹੋਗੇ?

ਜਵਾਬ : ਕਿਸੇ ਨੂੰ ਉਮੀਦ ਨਹੀਂ ਸੀ ਕਿ ਇਸ ਵਾਰ ਇੰਨਾ ਮੀਂਹ ਪਵੇਗਾ। ਕਈ ਵਾਰ ਇੰਨਾ ਵੱਡਾ ਕਹਿਰ ਆ ਜਾਂਦਾ ਹੈ ਕਿ ਸਾਰੀਆਂ ਚੀਜ਼ਾਂ ਥੁੜ ਜਾਂਦੀਆਂ ਹਨ। ਕੁਦਰਤ ਦੇ ਆਪਣੇ ਨਿਯਮ ਹਨ। ਕਈ ਵਾਰ ਉਹ ਆਪਣੀ ਹੋਂਦ ਵਿਖਾਉਣ ਲਈ ਇੰਨੀ ਵੱਡੀ ਤਬਾਹੀ ਲਿਆਉਂਦੇ ਹਨ ਕਿ ਜਿਸ ਦਾ ਨਤੀਜਾ ਮਾਲੀ ਤੇ ਜਾਨੀ ਨੁਕਸਾਨ ਵਜੋਂ ਹੁੰਦਾ ਹੈ। ਇਹ ਕੁਦਰਤੀ ਮਾਰ ਇਕੱਲੇ ਪੰਜਾਬ 'ਚ ਨਹੀਂ ਪਈ ਹੈ। ਮਹਾਰਾਸ਼ਟਰ, ਕੇਰਲ, ਆਸਾਮ 'ਚ ਵੇਖਿਆ ਜਾ ਸਕਦਾ ਹੈ ਕਿ ਉਥੇ ਹਰ ਸਾਲ ਹੜ੍ਹ ਕਾਰਨ ਕਿੰਨੀ ਤਬਾਹੀ ਹੁੰਦੀ ਹੈ। ਜੇ ਅਚਾਨਕ ਹੀ ਕਿਸੇ ਘਰ ਦੇ ਉੱਪਰ ਬੱਦਲ ਫੱਟ ਜਾਵੇ ਅਤੇ ਵਾਧੂ ਪਾਣੀ ਕਾਰਨ ਮਕਾਨ ਢਹਿ ਜਾਵੇ ਤਾਂ ਇਸ ਨੂੰ ਸਰਕਾਰ ਕਿਵੇਂ ਰੋਕ ਸਕਦੀ ਹੈ। ਇਸ ਕੁਦਰਤੀ ਕਹਿਰ ਅੱਗੇ ਕਿਸੇ ਦਾ ਵੱਸ ਨਹੀਂ ਹੈ।

ਸਵਾਲ : ਲੋਕਾਂ ਮੁਤਾਬਕ ਪੰਜਾਬ 'ਚ ਹੜ੍ਹ ਆਉਣ ਦਾ ਕਾਰਨ ਸਮੇਂ ਸਿਰ ਬੰਨ੍ਹਾਂ ਦੀ ਮੁਰੰਮਤ ਨਹੀਂ ਹੋਣਾ ਹੈ। ਦੂਜੀ ਗੱਲ ਸਿੰਚਾਈ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਭਾਖੜਾ ਵੱਲੋਂ ਜਿਹੜਾ ਪਾਣੀ ਪੰਜਾਬ ਵੱਲ ਛੱਡਿਆ ਗਿਆ, ਉਸ ਨੂੰ ਪੋਂਗ ਡੈਮ 'ਚ ਵੀ ਛੱਡਿਆ ਜਾ ਸਕਦਾ ਸੀ। ਤੀਜੀ ਗੱਲ ਰੇਤ ਦੀ ਗ਼ੈਰ-ਕਾਨੂੰਨੀ ਮਾਈਨਿੰਗ। ਕੁਦਰਤ ਆਪਣਾ ਕਹਿਰ ਉਦੋਂ ਵਿਖਾਉਂਦੀ ਹੈ, ਜਦੋਂ ਇਨਸਾਨ ਉਸ ਨਾਲ ਛੇੜਛਾੜ ਕਰਦਾ ਹੈ। ਸਰਕਾਰ ਉੱਤੇ ਲੱਗੇ ਇਨ੍ਹਾਂ ਦੋਸ਼ਾਂ ਬਾਰੇ ਕੀ ਕਹੋਗੇ?

ਜਵਾਬ : ਭਾਖੜਾ ਬੋਰਡ 'ਚ ਜਿਹੜੇ ਇੰਜੀਨੀਅਰ ਅਤੇ ਮਾਹਰ ਅਧਿਕਾਰੀ ਕੰਮ ਕਰ ਰਹੇ ਹਨ, ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾ। ਜਦੋਂ ਅਧਿਕਾਰੀਆਂ ਨਾਲ ਇਸ ਬਾਰੇ ਮੀਟਿੰਗ ਹੋਵੇਗੀ, ਉਦੋਂ ਵਿਚਾਰ-ਚਰਚਾ ਹੋਵੇਗੀ। ਭਾਖੜਾ ਬੋਰਡ ਵੱਲੋਂ ਜਿਹੜਾ ਪਾਣੀ ਛੱਡਿਆ ਗਿਆ, ਉਹ ਇਕੋਦਮ ਨਹੀਂ ਛੱਡਿਆ ਗਿਆ। ਪਾਣੀ ਥੋੜੇ-ਥੋੜੇ ਸਮੇਂ ਬਾਅਦ ਛੱਡਿਆ ਗਿਆ। ਜੇ ਪਾਣੀ ਨਾ ਛੱਡਿਆ ਜਾਂਦਾ ਤਾਂ ਬੰਨ੍ਹ ਟੁੱਟ ਸਕਦਾ ਸੀ ਜਿਸ ਦਾ ਨਤੀਜਾ ਬਹੁਤ ਭਿਆਨਕ ਹੁੰਦਾ। ਜਿਥੇ ਤਕ ਮਾਈਨਿੰਗ ਦਾ ਸਵਾਲ ਹੈ, ਉਸ ਨਾਲ ਸੂਬੇ ਦਾ ਕਾਫ਼ੀ ਨੁਕਸਾਨ ਹੋਇਆ ਹੈ।

ਜਿਥੇ ਤਕ ਪਾਣੀ ਦਾ ਸਵਾਲ ਹੈ ਤਾਂ ਹੜ੍ਹ ਦਾ ਪਾਣੀ ਇਨ੍ਹਾਂ ਟੋਇਆਂ 'ਚ ਗਿਆ ਹੈ। ਇਹ ਟੋਏ ਬੰਨ੍ਹ ਟੁੱਟਣ ਦਾ ਕਾਰਨ ਨਹੀਂ ਬਣੇ ਹਨ। ਪੰਜਾਬ 'ਚ ਆਏ ਹੜ੍ਹ ਦਾ ਮਾਈਨਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਿਹੜਾ ਪਾਣੀ ਪਿੰਡਾਂ 'ਚ ਆਇਆ ਉਹ ਬੰਨ੍ਹਾਂ ਦੇ ਉਪਰੋਂ ਆਇਆ। ਬੰਨ੍ਹਾਂ ਦੇ ਕਮਜੋਰ ਹੋਣ ਦੀ ਗੱਲ ਗ਼ਲਤ ਹੈ। ਸਰਕਾਰ ਦੀ ਕੋਈ ਗ਼ਲਤੀ ਨਹੀਂ ਹੈ। ਸਾਡੀ ਸਰਕਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਪਿਛਲੇ 10 ਸਾਲਾਂ ਦੀਆਂ ਗ਼ਲਤੀਆਂ ਨੂੰ ਠੀਕ ਕਰ ਰਹੀ ਹੈ। 

ਸਵਾਲ : ਲੋਕ ਅੱਜ ਕੈਪਟਨ ਸਰਕਾਰ 'ਤੇ ਭਰੋਸਾ ਨਹੀਂ ਕਰਦੇ। ਲੋਕਾਂ ਦਾ ਦੋਸ਼ ਹੈ ਕਿ ਸਰਕਾਰ ਨੇ ਸੱਤਾ 'ਚ ਆਉਣ ਲਈ ਜਿਹੜੇ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ?
ਜਵਾਬ : ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ। ਜੇ ਲੋਕ ਆਪਣੀਆਂ ਮੰਗਾਂ ਮਨਵਾਉਣ ਲਈ ਰੌਲਾ ਨਹੀਂ ਪਾਉਣਗੇ ਤਾਂ ਸਰਕਾਰਾਂ ਸੁੱਤੀਆਂ ਰਹਿ ਜਾਣਗੀਆਂ। ਲੋਕਾਂ ਨੂੰ ਸਰਕਾਰਾਂ ਤੋਂ ਆਪਣੇ ਕੰਮ ਕਰਵਾਉਣ ਲਈ ਰੌਲਾ ਪਾਉਣਾ ਜ਼ਰੂਰੀ ਹੈ। ਸਾਡੀ ਸਰਕਾਰ ਪੜਾਅਵਾਰ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰ ਰਹੀ ਹੈ। ਵਿਰੋਧੀ ਪਾਰਟੀਆਂ ਵੱਲੋਂ ਝੂਠੇ ਦੋਸ਼ ਲਗਾਏ ਜਾ ਰਹੇ ਹਨ ਕਿ ਕੰਮ ਨਹੀਂ ਹੋ ਰਿਹਾ।

ਸਵਾਲ : ਬੁੱਢੇ ਨਾਲੇ ਦੀ ਸਮੱਸਿਆ ਕਿਸੇ ਤੋਂ ਲੁਕੀ ਨਹੀਂ ਹੈ। ਹੜ੍ਹ ਦੇ ਪਾਣੀ ਨਾਲ ਨਾਲੇ ਦਾ ਪਾਣੀ ਰੱਲ ਕੇ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਅੰਦਰ ਵੜ ਗਿਆ ਸੀ। ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਬੀਮਾਰੀਆਂ ਫੈਲ ਰਹੀਆਂ ਹਨ। ਤੁਹਾਡੀ ਸਰਕਾਰ ਇਸ ਸਮੱਸਿਆ ਨੂੰ ਹੱਲ ਕਿਉਂ ਨਹੀਂ ਕਰ ਰਹੀ?
ਜਵਾਬ : ਬੁੱਢੇ ਨਾਲੇ ਦੀ ਜਿਹੜੀ ਸਮੱਸਿਆ ਹੈ ਉਹ ਬਹੁਤ ਪੁਰਾਣੀ ਹੈ। ਇਸ ਸਮੱਸਿਆ ਦਾ ਕਦੇ ਕਿਸੇ ਨੇ ਇਲਾਜ ਨਹੀਂ ਕੀਤਾ। ਇਸ ਵਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੈਣੀ ਸਾਹਿਬ ਦੇ ਸਤਿਗੁਰੂ ਦੀ ਅਗਵਾਈ 'ਚ ਇਕ ਕਮੇਟੀ ਬਣਾਈ ਹੈ। ਕਮੇਟੀ ਵੱਲੋਂ ਇਸ ਸਮੱਸਿਆ ਬਾਰੇ ਕੰਮ ਕੀਤਾ ਜਾ ਰਿਹਾ ਹੈ। ਜੇ ਕਹੀਏ ਕਿ ਇੰਨੇ ਸਾਲਾਂ ਦਾ ਕੰਮ ਇਕੋ ਦਮ ਠੀਕ ਹੋ ਜਾਵੇ ਤਾਂ ਇਹ ਨਾਮੁਮਕਿਨ ਹੈ। ਇਸ ਨਾਲੇ ਦੇ ਸੁਧਾਰ 'ਚ ਕੁਝ ਸਮਾਂ ਲੱਗੇਗਾ।

ਮੈਂ ਲੁਧਿਆਣੇ ਦੇ ਲੋਕਾਂ ਅਤੇ ਕਾਰੋਬਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਕੰਮ 'ਚ ਸਹਿਯੋਗ ਦੇਣ। ਲੋਕ ਆਪ ਹੀ ਨਾਲੇ 'ਚ ਕੂੜਾ ਅਤੇ ਗੰਦਲਾ ਪਾਣੀ ਸੁੱਟਦੇ ਹਨ ਅਤੇ ਦੋਸ਼ੀ ਸਰਕਾਰ ਨੂੰ ਦੱਸਦੇ ਹਨ, ਇਹ ਠੀਕ ਨਹੀਂ ਹੈ। ਲੋਕਾਂ ਨੂੰ ਵੀ ਸੁਧਰਨਾ ਪਵੇਗਾ। ਸਰਕਾਰ ਉਦੋਂ ਕਿਸੇ ਕੰਮ 'ਚ ਕਾਮਯਾਬ ਹੁੰਦੀ ਹੈ, ਜਦੋਂ ਲੋਕਾਂ ਦਾ ਸਹਿਯੋਗ ਮਿਲਦਾ ਹੈ। ਜਦੋਂ ਤਕ ਲੋਕ ਸਹਿਯੋਗ ਨਹੀਂ ਦੇਣਗੇ ਤਾਂ ਸਰਕਾਰ ਜਿੰਨਾ ਮਰਜ਼ੀ ਕੰਮ ਕਰ ਲਵੇ ਪਰ ਉਹ ਪੂਰਾ ਨਹੀਂ ਹੋਵੇਗਾ।

ਸਵਾਲ : ਕੂੜਾ ਸੁੱਟਣ, ਪਾਣੀ ਦੀ ਨਿਕਾਸੀ, ਸੀਵਰੇਜ ਆਦਿ ਦਾ ਪ੍ਰਬੰਧ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਜੇ ਕੂੜਾ ਦਾਨ ਘਰ ਤੋਂ 2 ਕਿਲੋਮੀਟਰ ਦੂਰ ਹੋਵੇਗਾ ਤਾਂ ਲੋਕ ਰੋਜ਼ਾਨਾ ਉਥੇ ਨਹੀਂ ਜਾਣਗੇ। ਬਠਿੰਡੇ ਦੀ ਗੱਲ ਕਰੀਏ ਤਾਂ ਉਥੇ ਕਿਹਾ ਜਾਂਦਾ ਹੈ ਕਿ ਐਮਸੀਡੀ ਦਾ ਕੰਮ ਅਕਾਲੀ ਦਲ ਕੋਲ ਹੈ। ਸਰਕਾਰ ਕਾਂਗਰਸ ਦੀ ਹੈ ਤਾਂ ਉਥੇ ਸਰਕਾਰ ਤੇ ਵਿਰੋਧੀ ਪਾਰਟੀ ਦੇ ਚੱਕਰ 'ਚ ਨੁਕਸਾਨ ਲੋਕਾਂ ਦਾ ਹੁੰਦਾ ਹੈ। ਇਸ ਬਾਰੇ ਕੀ ਕਹੋਗੇ?

ਜਵਾਬ : ਬਠਿੰਡਾ 'ਚ ਇੰਨਾ ਬੇਤਹਾਸ਼ਾ ਪੈਸਾ ਲੱਗਿਆ ਕਿ ਜਿਸ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ। ਉਥੇ ਗ਼ੈਰ-ਤਕਨੀਕੀ ਕੰਮ ਹੋਇਆ ਹੈ। ਜਿਸ ਦਾ ਨਤੀਜਾ ਬਠਿੰਡਾ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਦਾ ਹੱਲ ਇਹੀ ਹੈ ਕਿ ਜਿਹੜੇ ਤਕਨੀਕੀ ਮਾਹਰਾਂ ਨੇ ਇਹ ਕੰਮ ਕੀਤਾ ਹੈ ਉਨ੍ਹਾਂ ਵਿਰੁਧ ਪਰਚੇ ਦਰਜ ਹੋਣ। ਅਕਾਲੀ-ਭਾਜਪਾ ਸਰਕਾਰ 'ਚ ਜਿਹੜੇ ਤਕਨੀਕੀ ਕੰਮ ਗਲਤ ਢੰਗ ਨਾਲ ਹੋਏ ਹਨ, ਉਸ ਨੂੰ ਠੀਕ ਕਰਨ ਲਈ ਕਮੇਟੀਆਂ ਬਣੀਆਂ ਹਨ। ਜਿਨ੍ਹਾਂ ਨੇ ਗ਼ਲਤ ਕੰਮ ਕੀਤਾ ਹੈ, ਉਨ੍ਹਾਂ ਨੂੰ ਨਤੀਜਾ ਭੁਗਤਣਾ ਪਵੇਗਾ। ਸਾਡੀ ਸਰਕਾਰ ਜੀ-ਜਾਨ ਨਾਲ ਵਿਕਾਸ ਕਾਰਜਾਂ 'ਚ ਲੱਗੀ ਹੋਈ ਹੈ।

ਪੰਜਾਬ ਅੰਦਰ ਇੰਨੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਕਿ ਭਵਿੱਖ 'ਚ ਕੋਈ ਮੁਸ਼ਕਲ ਨਾ ਆਵੇ। ਆਮ ਮੀਂਹ ਨਾਲ ਕਦੇ ਪੰਜਾਬ ਦਾ ਇੰਨਾ ਨੁਕਸਾਨ ਨਹੀਂ ਹੋਇਆ, ਪਰ ਇਸ ਨੂੰ ਕੁਦਰਤੀ ਕਹਿਰ ਕਹੋਗੇ ਕਿ ਲਗਾਤਾਰ ਤਿੰਨ ਦਿਨ ਮੀਂਹ ਪੈਂਦਾ ਰਿਹਾ, ਜਿਸ ਕਾਰਨ ਅੱਜ ਹਾਲਾਤ ਇੰਨੇ ਖ਼ਰਾਬ ਬਣੇ। ਕੁਦਰਤੀ ਕਹਿਰ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਹਾੜ, ਦਰੱਖਤ ਆਦਿ ਤਕ ਡਿੱਗ ਜਾਂਦੇ ਹਨ, ਫਿਰ ਇਨ੍ਹਾਂ ਅੱਗੇ ਕੱਚੇ ਕੋਠਿਆਂ ਦਾ ਕਿੰਨਾ ਜ਼ੋਰ ਚੱਲਦਾ ਹੈ।

ਸਵਾਲ : ਦਿੱਲੀ 'ਚ ਗੁਰੂ ਰਵਿਦਾਸ ਜੀ ਦਾ ਮੰਦਰ ਢਹਾਇਆ ਗਿਆ। ਕੇਂਦਰ ਸਰਕਾਰ ਦੀ ਇਸ ਨਿੰਦਨਯੋਗ ਕਾਰਵਾਈ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ : ਦਿੱਲੀ ਦੇ ਤੁਗਲਕਾਬਾਦ ਵਿਚ ਗੁਰੂ ਰਵਿਦਾਸ ਮੰਦਰ ਨੂੰ ਮੋਦੀ ਸਰਕਾਰ ਵੱਲੋਂ ਸਾਜ਼ਿਸ਼ ਤਹਿਤ ਢਾਹਿਆ ਗਿਆ ਹੈ।  ਮੋਦੀ ਸਰਕਾਰ ਨੇ ਸੌੜੀ ਮਾਨਸਿਕਤਾ 'ਤੇ ਚਲਦੇ ਹੋਏ ਆਰ.ਐਸ.ਐਸ. ਦੇ ਇਸ਼ਾਰੇ 'ਤੇ ਸ੍ਰੀ ਗੁਰੂ ਰਵਿਦਾਸ ਮੰਦਰ ਢਾਹ ਕੇ ਦਲਿਤਾਂ ਤੇ ਪਛੜਿਆਂ ਨਾਲ ਧੱਕਾ ਕੀਤਾ ਹੈ। ਮੋਦੀ ਸਰਕਾਰ ਜਾਣਬੁਝ ਕੇ ਦੇਸ਼ ਅੰਦਰ ਫਿਰਕੂ ਹਿੰਸਾ ਨੂੰ ਭੜਕਾਉਂਦੀ ਹੈ। ਕਦੇ ਰਾਖਵੇਂਕਰਨ ਬਾਰੇ ਉਲਟ ਫ਼ੈਸਲੇ ਲਏ, ਕਦੇ ਗਊ ਰੱਖਿਆ ਦੇ ਨਾਂ 'ਤੇ ਦਲਿਤਾਂ ਨਾਲ ਮਾਰਕੁੱਟ ਜਿਹੇ ਕਾਰੇ ਕੀਤੇ ਹਨ।

ਮੋਦੀ ਸਰਕਾਰ ਦਲਿਤ ਵਿਰੋਧੀ ਅਤੇ ਇਸ ਤਬਕੇ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ। ਮੈਂ ਮੋਦੀ ਨੂੰ ਕਹਿਣਾ ਚਾਹੁੰਦਾ ਹੈ ਕਿ ਰੱਬ ਬੰਦੇ ਨੂੰ ਸਾਰਾ ਕੁਝ ਦੇ ਦਿੰਦਾ ਹੈ, ਪਰ ਜਦੋਂ ਬੰਦੇ 'ਚ ਹੰਕਾਰ ਆ ਜਾਵੇ ਤਾਂ ਕੱਖ ਨਹੀਂ ਬੱਚਦਾ। ਇਥੇ ਰਾਵਣ ਵਰਗੇ ਆਏ, ਜਿਸ ਬਾਰੇ ਅੱਜ ਕੋਈ ਚੰਗੀ ਗੱਲ ਨਹੀਂ ਕਰਦਾ। ਜਦੋਂ ਗਰੀਬ ਦੀ ਹਾਅ ਲੱਗਦੀ ਹੈ ਤਾਂ ਕੋਈ ਨਹੀਂ ਬੱਚਦਾ। 

ਸਵਾਲ : ਭਾਜਪਾ ਸਰਕਾਰ ਦਾ ਏਜੰਡਾ ਹੈ ਕਿ ਰਾਖਵਾਂਕਰਨ ਜਾਤੀ ਦੇ ਆਧਾਰ ਤੋਂ ਖ਼ਤਮ ਕਰ ਕੇ ਆਰਥਕਤਾ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ। ਇਸ ਬਾਰੇ ਤੁਸੀ ਕੀ ਕਹੋਗੇ?
ਜਵਾਬ : ਜੇ ਭਾਜਪਾ ਸਰਕਾਰ ਅਜਿਹਾ ਕਰੇਗੀ ਤਾਂ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਹਜ਼ਾਰਾਂ ਸਾਲਾਂ ਤੋਂ ਜਿਨ੍ਹਾਂ ਗ਼ਰੀਬ ਲੋਕਾਂ ਨੂੰ ਹੁਣ ਉੱਪਰ ਆਉਣ ਦਾ ਮੌਕਾ ਮਿਲ ਰਿਹਾ ਹੈ ਤਾਂ ਉਨ੍ਹਾਂ ਤੋਂ ਰਾਖਵਾਂਕਰਨ ਖੋਹਣਾ ਕਿਥੇ ਤਕ ਜਾਇਜ਼ ਹੈ। ਜੇ ਲੱਖਾਂ ਦਲਿਤਾਂ 'ਚੋਂ 4-5 ਬੰਦੇ ਕਾਮਯਾਬ ਹੋ ਜਾਂਦੇ ਹਨ ਤਾਂ ਕਿ ਪੂਰੇ ਸਮਾਜ ਨੂੰ ਰਾਖਵੇਂਕਰਨ 'ਚੋਂ ਕੱਢ ਦਿੱਤਾ ਜਾਣਾ ਸਹੀ ਹੋਵੇਗਾ। ਆਰਥਕ ਆਧਾਰ ’ਤੇ ਰਾਖਵੇਂਕਰਨ ਸਬੰਧੀ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਬਣਦਾ ਹੈ ਕਿ ਕੀ ਆਰਥਕ ਨਾਬਰਾਬਰੀ ਰਾਖਵਾਂਕਰਨ ਨਾਲ ਦੂਰ ਹੁੰਦੀ ਹੈ? ਬਿਲਕੁਲ ਨਹੀਂ।

ਜਦੋਂ ਤਕ ਕਿਸੇ ਵੀ ਮੁਲਕ ਦਾ ਸਨਅਤੀਕਰਨ ਨਹੀਂ ਹੁੰਦਾ, ਉੱਥੋਂ ਦੀ ਸਿੱਖਿਆ ਪ੍ਰਣਾਲੀ ਭਵਿੱਖੀ ਤਕਨਾਲੋਜੀ ਦੇ ਵਿਕਾਸ ਨਾਲ ਜੁੜ ਕੇ ਅਗਾਂਹ ਕਦਮ ਨਹੀਂ ਰੱਖਦੀ, ਆਪਣੇ ਸਮੇਂ ਦੇ ਹਾਣ ਦੀ ਨਹੀਂ ਹੁੰਦੀ, ਉਦੋਂ ਤਕ ਕਿਸੇ ਵੀ ਕਿਸਮ ਦੀ ਤਰੱਕੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਜਦੋਂ ਅਸੀਂ ਸਮਾਜਕ ਤੌਰ ’ਤੇ ਦੇਖਦੇ ਹਾਂ ਕਿ ਟੂਲਜ਼ ਅਤੇ ਤਕਨਾਲੋਜੀ ਉੱਤੇ ਕਿਸ ਦਾ ਕਬਜ਼ਾ ਹੈ ਤਾਂ ਕਿਸੇ ਵੀ ਸਮਾਜ ਦੀ ਤਰੱਕੀ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਜੇ ਇਹ ਕਬਜ਼ਾ ਸਾਂਝੀਆਂ ਧਿਰਾਂ ਜਾਂ ਜਨਤਕ ਖੇਤਰਾਂ ਦਾ ਹੈ ਤਾਂ ਕੁਝ ਨਾ ਕੁਝ ਲੋਕਾਂ ਵਾਸਤੇ ਤਿਆਰ ਹੋ ਸਕਦਾ ਹੈ, ਪਰ ਜੇ ਇਹ ਕਬਜ਼ਾ ਨਿੱਜੀ ਧਿਰਾਂ ਦਾ ਹੈ, ਕਾਰਪੋਰੇਟ ਘਰਾਣਿਆਂ ਦਾ ਹੈ ਤਾਂ ਲੋਕਾਂ ਦੇ ਭਲੇ ਦੀ ਕਿਸੇ ਵੀ ਤਰ੍ਹਾਂ ਦੀ ਗੱਲ ਹੀ ਨਹੀਂ ਹੋ ਸਕਦੀ। ਇਹ ਤਾਂ ਨਿੱਜੀ ਲਾਭ ’ਤੇ ਟਿਕਿਆ ਪ੍ਰਬੰਧ ਹੈ। ਅਜਿਹੇ ਆਰਥਿਕ ਪ੍ਰਬੰਧ ’ਚ ਤਾਂ ਸਗੋਂ ਰਾਖਵਾਂਕਰਨ ਵੀ ਅਸਰਦਾਰ ਨਹੀਂ ਹੋ ਸਕਦਾ।

ਸਵਾਲ : ਦਲਿਤਾਂ ਦੀ ਹਾਲਤ 'ਚ ਅੱਜ ਕਿੰਨਾ ਕੁ ਸੁਧਾਰ ਆਇਆ ਹੈ?
ਜਵਾਬ : ਕਾਂਗਰਸ ਪਾਰਟੀ ਨੇ ਪੰਜਾਬ 'ਚ ਦਲਿਤਾਂ ਦੀ ਬਾਂਹ ਫੜੀ ਹੈ। ਬਾਬਾ ਸਾਹਿਬ ਨੇ ਸੰਵਿਧਾਨ 'ਚ ਦਲਿਤਾਂ ਲਈ ਰਾਖਵੇਂਕਰਨ ਦਾ ਕਾਨੂੰਨ ਬਣਾਇਆ ਸੀ, ਜਿਸ ਦੀ ਬਦੌਲਤ ਅੱਜ ਦਲਿਤਾਂ ਨੂੰ ਬਰਾਬਰੀ ਦਾ ਮੌਕਾ ਮਿਲ ਰਿਹਾ ਹੈ। ਹਾਲੇ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਸਮਾਜਕ ਬਰਾਬਰੀ ਲਈ ਮੌਕਾ ਮਿਲਣਾ ਚਾਹੀਦਾ ਹੈ। ਇਸ ਲਈ ਰਾਖਵੇਂਕਰਨ ਨੂੰ ਇੰਨੀ ਛੇਤੀ ਖ਼ਤਮ ਨਹੀਂ ਕੀਤਾ ਜਾ ਸਕਦਾ।

ਸਵਾਲ : ਵਿਰੋਧੀ ਕਹਿ ਰਹੇ ਹਨ ਕਿ ਕਾਂਗਰਸ ਪਾਰਟੀ ਅੱਜ ਖ਼ਤਮ ਹੋਣ ਦੇ ਕੰਢੇ 'ਤੇ ਖੜੀ ਹੈ।
ਜਵਾਬ : ਪਾਰਟੀ ਨਾ ਕਦੇ ਖ਼ਤਮ ਹੋਈ ਹੈ ਅਤੇ ਨਾ ਹੀ ਖ਼ਤਮ ਹੋਵੇਗੀ। ਇਹ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਸਿਰਫ਼ ਅਫ਼ਵਾਹਾਂ ਫ਼ੈਲਾ ਰਹੇ ਹਨ। ਉਨ੍ਹਾਂ ਨੇ ਆਪਣੇ ਪਿਛੋਕੜ 'ਚ ਗੁਜਰਾਤ ਵਿਚ ਕੀ ਕੀਤਾ ਹੈ, ਸਾਰੇ ਲੋਕ ਜਾਣਦੇ ਹਨ। ਕਿਸੇ ਸਮੇਂ ਭਾਜਪਾ ਕੋਲ ਸਿਰਫ਼ 2 ਸੀਟਾਂ ਰਹਿ ਗਈਆਂ ਹਨ। ਭਾਜਪਾ ਆਗੂ ਸਵ. ਇੰਦਰਾ ਗਾਂਧੀ ਨੂੰ ਦੁਰਗਾ ਦਾ ਰੂਪ ਕਹਿੰਦੇ ਹੁੰਦੇ ਸਨ।

ਸਵਾਲ : ਅੱਜ ਕਾਂਗਰਸ ਦਾ ਕਿਹੜਾ ਆਗੂ ਹੈ, ਜੋ ਪਾਰਟੀ ਦੀ ਅਗਵਾਈ ਕਰ ਸਕਦਾ ਹੈ?
ਜਵਾਬ : ਕਾਂਗਰਸ ਦੇ ਹਰੇਕ ਵਰਕਰ 'ਚ ਜਨੂੰਨ ਹੈ। ਕਾਂਗਰਸ ਦਾ ਹਰੇਕ ਵਰਕਰ ਅਗਵਾਈ ਕਰ ਸਕਦਾ ਹੈ। 
ਸਵਾਲ : ਪੀ. ਚਿਦੰਬਰਮ ਦੀ ਗ੍ਰਿਫ਼ਤਾਰੀ ਬਾਰੇ ਕੀ ਕਹੋਗੇ?
ਜਵਾਬ : ਮੋਦੀ ਸਰਕਾਰ ਦੀ ਸ਼ਹਿ 'ਤੇ ਅੱਜ ਸੀਬੀਆਈ, ਈਡੀ ਤੇ ਅਦਾਲਤ ਪੀ. ਚਿਦੰਬਰਮ ਨਾਲ ਧੱਕਾ ਕਰ ਰਹੀ ਹੈ। ਜੇ ਹੇਠਲੀਆਂ ਅਦਾਲਤਾਂ 'ਚ ਭਾਜਪਾ ਨੇ ਆਪਣੀ ਧੱਕੇਸ਼ਾਹੀ ਨਾਲ ਫ਼ੈਸਲਾ ਆਪਣੇ ਹੱਕ 'ਚ ਕਰ ਲਿਆ ਤਾਂ ਕੋਈ ਗੱਲ ਨਹੀਂ, ਅੱਗੇ ਸੁਪਰੀਮ ਕੋਰਟ ਹੈ। ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਵੇਗੀ। 

ਸਵਾਲ : 2ਜੀ ਘੁਟਾਲਾ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ, ਪਰ ਅੱਜ ਕਿਸੇ ਨਾਗਰਿਕ ਨੂੰ ਪੁੱਛੋ ਤਾਂ ਉਹ ਕਾਂਗਰਸ ਨੂੰ ਦੋਸ਼ੀ ਦੱਸਦਾ ਹੈ। ਸੀਬੀਆਈ ਨੇ ਕੰਧ ਟੱਪ ਕੇ ਪੀ. ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ। ਲੋਕਾਂ ਦੇ ਮਨ 'ਚ ਕਾਂਗਰਸ ਬਾਰੇ ਕਿਹੋ ਜਿਹੀ ਤਸਵੀਰ ਬਣ ਰਹੀ ਹੈ?
ਜਵਾਬ : ਇਹ ਦੇਸ਼ ਲਈ ਸ਼ਰਮ ਵਾਲੀ ਗੱਲ ਹੈ ਕਿ ਜਿਹੜਾ ਵਿਅਕਤੀ ਦੇਸ਼ ਦਾ ਵਿੱਤ ਮੰਤਰੀ ਰਿਹਾ, ਉਸ ਨੂੰ ਕੰਧ ਟੱਪ ਕੇ ਗ੍ਰਿਫ਼ਤਾਰ ਕਰਨ ਦਾ ਡਰਾਮਾ ਕੀਤਾ ਗਿਆ। ਇੰਨਾ ਵੱਡਾ ਸਿਆਸਤਦਾਨ ਕਿਉਂ ਲੁਕਦਾ ਫਿਰੇਗਾ। ਮੋਦੀ ਸਰਕਾਰ ਨੂੰ ਕੰਧਾਂ ਟੱਪਣ ਦੀ ਆਦਤ ਹੈ ਅਤੇ ਜਦੋਂ ਕੰਧਾਂ ਟੱਪਣ ਵਾਲੇ ਦੇ ਪੈਂਦੀਆਂ ਹਨ ਫਿਰ ਉਹ ਨਹੀਂ ਖੜਦੇ। ਕੇਂਦਰ 'ਚ ਅਗਲੀ ਕਾਂਗਰਸ ਦੀ ਸਰਕਾਰ ਬਣੇਗੀ।