ਬੰਦੀ ਸਿੰਘਾਂ 'ਚ ਸ਼ਾਮਲ ਭਾਈ ਲਾਲ ਸਿੰਘ ਦੀ ਹੋਈ ਰਿਹਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਪੂਰਥਲਾ ਦੇ ਪਿੰਡ ਅਕਾਲਗੜ੍ਹ 'ਚ ਖ਼ੁਸ਼ੀ ਦੀ ਲਹਿਰ

file photo

ਭੁਲੱਥ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਿਹੜੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਗਿਆ ਸੀ, ਉਨ੍ਹਾਂ ਵਿਚ ਸ਼ਾਮਲ ਭਾਈ ਲਾਲ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ।

ਜਿਸ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਰਿਹਾਈ ਨੂੰ ਲੈ ਕੇ ਭਾਈ ਲਾਲ ਸਿੰਘ ਦਾ ਪਿੰਡ ਅਕਾਲਗੜ੍ਹ ਵਿਖੇ ਸਵਾਗਤ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਭਾਈ ਲਾਲ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਅਤੇ ਹੋਰ ਕਰੀਬੀਆਂ ਦਾ ਧੰਨਵਾਦ ਕਰਦੇ ਨੇ, ਜਿਨ੍ਹਾਂ ਨੇ ਇਸ ਰਿਹਾਈ ਲਈ ਸਿਰਤੋੜ ਯਤਨ ਕੀਤੇ ਅਤੇ ਅਰਦਾਸਾਂ ਕੀਤੀਆਂ ਕਿਉਂਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਇਹ ਰਿਹਾਈ ਹੋ ਸਕੀ ਹੈ।

ਇਸ ਮੌਕੇ ਮੌਜੂਦ ਸਿੱਖ ਰਿਲੀਫ਼ ਯੂਕੇ ਵੱਲੋਂ ਭਾਈ ਪਰਮਿੰਦਰ ਸਿੰਘ ਨੇ ਬੋਲਦਿਆਂ ਆਖਿਆ ਕਿ ਸਿੱਖ ਰਿਲੀਫ਼ ਯੂਕੇ ਭਾਈ ਸਾਹਿਬ ਦੀ ਹਰ ਤਰ੍ਹਾਂ ਦੀ ਮਦਦ ਕਰਦੀ ਆ ਰਹੀ ਹੈ ਅਤੇ ਹੁਣ ਵੀ ਉਹ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਅਪਣੇ ਪਿਤਾ ਦੀ ਰਿਹਾਈ ਨੂੰ ਲੈ ਕੇ ਉਨ੍ਹਾਂ ਦੀ ਬੇਟੀ ਮਨਮੀਤ ਕੌਰ ਨੇ ਆਖਿਆ ਕਿ ਉਸ ਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦੇ ਪਿਤਾ ਦੀ ਰਿਹਾਈ ਹੋਈ ਹੈ, ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਇਸ ਰਿਹਾਈ ਲਈ ਅਰਦਾਸਾਂ ਕੀਤੀਆਂ। ਦੱਸ ਦਈਏ ਕਿ ਭਾਈ ਲਾਲ ਸਿੰਘ ਦੀ ਰਿਹਾਈ 28 ਸਾਲਾਂ ਮਗਰੋਂ ਹੋਈ ਹੈ ਜੋ ਇੰਨੇ ਲੰਬੇ ਅਰਸੇ ਤੋਂ ਨਾਭਾ ਜੇਲ੍ਹ ਵਿਚ ਬੰਦ ਸਨ।