ਕੋਰੋਨਾ ਕਾਰਨ ਹਰਿਆਣਾ ਵਿਧਾਨ ਸਭਾ ਸੈਸ਼ਨ ਤਿੰਨ ਦਿਨ ਦੀ ਥਾਂ ਇਕ ਦਿਨ 'ਚ ਹੀ ਸਮੇਟਿਆ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਕਾਰਨ ਹਰਿਆਣਾ ਵਿਧਾਨ ਸਭਾ ਸੈਸ਼ਨ ਤਿੰਨ ਦਿਨ ਦੀ ਥਾਂ ਇਕ ਦਿਨ 'ਚ ਹੀ ਸਮੇਟਿਆ

image

ਧਿਆਨ ਦਿਵਾਊ ਮਤਿਆਂ ਦੀ ਪ੍ਰਵਾਨਗੀ ਨਾ ਮਿਲਣ ਤੇ ਕਾਂਗਰਸ ਤੇ ਇਨੈਲੋ ਨੇ ਕੀਤਾ ਵਾਕਆਊਟ

ਚੰਡੀਗੜ੍ਹ, 26 ਅਗੱਸਤ (ਗੁਰਉਪਦੇਸ਼ ਭੁੱਲਰ): ਹਰਿਆਣਾ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਅੱਜ 2 ਤੋਂ ਵੱਧ ਘੰਟਿਆਂ ਦੀ ਕਾਰਵਾਈ ਬਾਅਦ ਕੁੱਝ ਜ਼ਰੂਰੀ ਬਿੱਲ ਤੇ ਆਰਡੀਨੈਂਸ ਪਾਸ ਕਰਨ ਤੋਂ ਬਾਅਦ ਖ਼ਤਮ ਹੋ ਗਿਆ।
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੀ ਮਾਰ ਦੇ ਚਲਦੇ ਇਹ ਸੈਸ਼ਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਸਪੀਕਰ ਗਿਆਨ ਚੰਦ ਗੁਪਤਾ ਦੀ ਗ਼ੈਰ ਹਾਜ਼ਰੀ ਵਿਚ ਹੋਇਆ ਜਿਸ ਕਾਰਨ ਹਾਊਸ ਦੇ ਨੇਤਾ ਦੀ ਜ਼ਿੰਮੇਵਾਰੀ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਸਪੀਕਰ ਦੀ ਜ਼ਿੰਮੇਵਾਰੀ ਡਿਪਟੀ ਸਪੀਕਰ ਰਣਬੀਰ ਗੰਗਵਾਂ ਨੇ ਸੰਭਾਲੀ। ਮੁੱਖ ਮੰਤਰੀ ਤੇ ਸਪੀਕਰ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਸਨ। ਪਹਿਲਾਂ ਇਹ ਸੈਸ਼ਨ ਤਿੰਨ ਦਿਨ ਚਲਾਉਣ ਦਾ ਪ੍ਰਸਤਾਵ ਸੀ ਪਰ ਅੱਜ ਵਿਰੋਧੀ ਧਿਰ ਦੀ ਸਹਿਮਤੀ ਨਾਲ ਕੋਰੋਨਾ ਦੀ ਸਥਿਤੀ ਨੂੰ ਭਾਂਪਦਿਆਂ ਇਸ ਨੂੰ ਇਕ ਦਿਨ ਤਕ ਸੀਮਤ ਕਰ ਦਿਤਾ ਗਿਆ। ਸਦਨ ਵਿਚੋਂ ਕਾਂਗਰਸ ਤੋਂ ਇਲਾਵਾ ਇਨੈਲੋ ਦੇ ਵਿਧਾਇਕ ਅਭੈ ਚੌਟਾਲਾ ਨੇ ਧਿਆਨ ਦਿਵਾਉ ਮਤਿਆਂ ਦੀ ਆਗਿਆ ਨਾ ਮਿਲਣ 'ਤੇ ਵਾਕਆਊਟ ਵੀ ਕੀਤਾ। ਕਾਂਗਰਸੀ ਮੈਂਬਰ ਸਿਰ 'ਤੇ ਜੋ ਟੋਪੀ ਪਹਿਨ ਕੇ ਆਏ ਸਨ, ਉਨ੍ਹਾਂ ਉਪਰ 'ਕੋਵਿਡ ਕੁਰਪੱਸ਼ਨ' ਲਿਖਿਆ ਹੋਇਆ ਸੀ ਜੋ ਵਿਰੋਧ ਦਰਜ ਕਰਵਾਉਣ ਦਾ ਹੀ ਤਰੀਕਾ ਸੀ। ਸਪੀਕਰ ਨੇ ਵਿਰੋਧੀ ਮੈਂਬਰਾਂ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਵਲੋਂ ਰੱਖੇ ਮੁੱਦੇ ਤੇ ਮਤੇ ਸਥਿਤੀ ਠੀਕ ਹੋਣ ਬਾਅਦ ਹੋਣ ਵਾਲੇ ਵਿਸ਼ੇਸ਼ ਸੈਸ਼ਨ ਵਿਚ ਵਿਚਾਰੇ ਜਾਣਗੇ।
ਹਰਿਆਣਾ ਵਿਧਾਨ ਸਭਾ ਵਲੋਂ ਜਿਹੜੇ ਅੱਜ ਕੁੱਝ ਅਹਿਮ ਬਿਲ ਪਾਸ ਕੀਤੇ ਗਏ ਹਨ ਉਨ੍ਹਾਂ ਵਿਚ ਪੇਂਡੂ ਵਿਕਾਸ ਬਿੱਲ, ਨਗਰ ਨਿਗਮ ਸੋਧ ਬਿੱਲ, ਮਨੋਰੰਜਨ ਫ਼ੀਸ ਬਿੱਲ, ਲਿਫਟਰਾ ਐਂਡ ਐਸਕੇਲੇਟਰ, ਨਗਰ ਪਾਲਿਕ ਤੇ ਹਰਿਆਣਾ ਫ਼ਾਇਰ ਬ੍ਰਿਗੇਡ ਸੋਧ ਬਿੱਲ ਸ਼ਾਮਲ ਹਨ। ਸਦਨ ਵਿਚ ਉਪ ਮੁੱਖ ਮੰਤਰੀ ਵਲੋਂ ਪੇਸ਼ ਕੀਤੇ ਜਾਣ ਵਾਲਾ ਪੰਚਾਇਤਾਂ ਸਬੰਧੀ ਰਾਈਟ ਟੂ ਰੀਕਾਲ ਸਬੰਧੀ ਅਹਿਮ ਬਿਲ ਵਿਰੋਧੀ ਧਿਰ ਨਾਲ ਸਹਿਮਤੀ ਬਾਅਦ ਅਗਲੇ ਸੈਸ਼ਨ ਤਕ  ਰੋਕ ਲਿਆ ਗਿਆ। ਇਸ ਬਿਲ ਤਹਿਤ ਲੋਕਾਂ ਨੂੰ ਕਾਰਗੁਜ਼ਾਰੀ ਠੀਕ ਨਾ ਹੋਣ 'ਤੇ ਚੁਣੇ ਹੋਏ ਪੰਚਾਇਤੀ ਮੈਂਬਰਾਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਦੇਣ ਦਾ ਪ੍ਰਾਵਧਾਨ ਹੈ।