ਕੈਪਟਨ ਤੋਂ ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ ਦੇ ਰੁਖ਼ ਵਿਚ ਹਰੀਸ਼ ਰਾਵਤ ਨਾਲ ਮੀਟਿੰਗ ਬਾਅਦ ਨਰਮੀ ਆਈ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਤੋਂ ਨਾਰਾਜ਼ ਮੰਤਰੀਆਂ ਤੇ ਵਿਧਾਇਕਾਂ ਦੇ ਰੁਖ਼ ਵਿਚ ਹਰੀਸ਼ ਰਾਵਤ ਨਾਲ ਮੀਟਿੰਗ ਬਾਅਦ ਨਰਮੀ ਆਈ

image


ਰਾਵਤ ਨੂੰ  ਮਿਲੇ ਭਰੋਸੇ ਤੋਂ ਸੰਤੁਸ਼ਟ ਹੋ ਕੇ ਦਿੱਲੀ ਜਾਣ ਦੀ ਥਾਂ ਦੇਹਰਾਦੂਨ ਤੋਂ ਹੀ ਵਾਪਸ ਪਰਤੇ


ਚੰਡੀਗੜ੍ਹ, 25 ਅਗੱਸਤ (ਗੁਰਉਪਦੇਸ਼ ਭੁੱਲਰ): ਬੀਤੇ ਦਿਨੀਂ ਕੈਪਟਨ ਤੋਂ ਨਰਾਜ਼ 4 ਕੈਬਨਿਟ ਮੰਤਰੀਆਂ ਤੇ ਦੋ ਦਰਜਨ ਦੇ ਕਰੀਬ ਕਾਂਗਰਸੀ ਵਿਧਾਇਕਾਂ ਵਲੋਂ ਕੀਤੀ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਆਇਆ ਸਿਆਸੀ ਭੂਚਾਲ ਅੱਜ ਪੰਜਾਬ ਕਾਂਗਰਸ ਇੰਚਾਰਜ ਤੇ ਹਾਈਕਮਾਨ ਦੇ ਆਗੂ ਹਰੀਸ਼ ਰਾਵਤ ਦੀ ਮੀਟਿੰਗ ਤੋਂ ਬਾਅਦ ਫ਼ਿਲਹਾਲ ਸ਼ਾਂਤ ਹੋ ਗਿਆ ਹੈ | 4 ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਚੰਨੀ, ਸੁਖ ਸਰਕਾਰੀਆ ਅਤੇ 3 ਵਿਧਾਇਕ ਸੁਰਜੀਤ ਧੀਮਾਨ, ਕੁਲਬੀਰ ਸਿੰਘ ਜ਼ੀਰਾ, ਤੇ ਬਰਿੰਦਰਮੀਤ ਸਿੰਘ ਪਾਹੜਾ ਦਿੱਲੀ ਜਾ ਕੇ ਹਾਈਕਮਾਨ ਨਾਲ ਮੁਲਾਕਾਤ ਤੋਂ ਪਹਿਲਾਂ ਦੇਹਰਾਦੂਨ ਗਏ ਸਨ, ਜਿਥੇ ਉਨ੍ਹਾਂ ਨਾਲ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੀਟਿੰਗ ਕੀਤੀ |
ਭਾਵੇਂ ਬੀਤੇ ਦਿਨੀਂ ਹੋਈ ਮੀਟਿੰਗ ਵਿਚ ਕਈ ਮੰਤਰੀ ਤੇ ਵਿਧਾਇਕ ਮੁੱਖ ਮੰਤਰੀ ਨੂੰ  ਹਟਾਉਣ ਦੀ ਮੰਗ ਕਰ ਰਹੇ ਸਨ ਪਰ ਅੱਜ ਰਾਵਤ ਨੇ ਉਨ੍ਹਾਂ ਨੂੰ  ਸਮਝਾਇਆ ਅਤੇ ਇਸ ਬਾਅਦ ਇਨ੍ਹਾਂ ਮੰਤਰੀਆਂ ਤੇ ਵਿਧਾਇਕਾ ਦਾ ਰੁਖ਼ ਨਰਮ ਹੋਇਆ ਹੈ | ਇਹ ਹੁਣ ਮੁੱਖ ਮੰਤਰੀ ਨੂੰ  ਹਟਾਉਣ ਦੀ ਥਾਂ ਵਾਅਦੇ ਪੂਰੇ ਕਰਨ ਦੀ ਗੱਲ 'ਤੇ ਆ ਗਏ ਹਨ | ਰਾਵਤ ਨਾਲ ਮੀਟਿੰਗ ਵਿਚ ਵਿਸਥਾਰ 'ਚ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਬਾਅਦ ਮਿਲੇ ਭਰੋਸੇ ਤੋਂ ਸੰਤੁਸ਼ਟ ਹੋ ਕੇ ਕੈਪਟਨ ਤੋਂ ਨਰਾਜ਼ ਨਵਜੋਤ ਪੱਖੀ ਇਹ ਮੰਤਰੀ ਤੇ ਵਿਧਾਇਕ ਦਿੱਲੀ ਵੱਲ ਜਾਣ ਦੀ ਥਾਂ ਵਾਪਸ ਦੇਹਰਾਦੂਨ ਤੋਂ ਚੰਡੀਗੜ੍ਹ ਪਰਤ ਆਏ ਹਨ | ਮਿਲੀ ਜਾਣਕਾਰੀ ਅਨੁਸਾਰ ਹਰੀਸ਼ ਰਾਵਤ ਨੇ ਇਨ੍ਹਾਂ ਦੀਆਂ ਸਾਰੀਆਂ ਗੱਲਾਂ ਸੁਣਨ ਬਾਅਦ ਕਿਹਾ ਕਿ 
ਉਹ ਸਾਰੀਆਂ ਗੱਲਾਂ ਮੁੱਖ ਮੰਤਰੀ ਨਾਲ ਕਰ ਕੇ ਮਾਮਲੇ ਹੱਲ ਕਰਵਾਉਣਗੇ ਅਤੇ ਲੋੜ ਪਈ ਤਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਗੱਲ ਕਰਨਗੇ | 
ਰਾਵਤ ਨੇ ਕਿਹਾ ਕਿ ਆਪ ਪੁਰਾਣੇ ਕਾਂਗਰਸੀ ਹੋ ਅਤੇ ਇਸ ਸਮੇਂ ਚੋਣਾਂ ਸਿਰ 'ਤੇ ਹਨ, ਜਿਸ ਕਰ ਕੇ ਇਕਜੁਟ ਹੋ ਕੇ ਕੰਮ ਕਰਨ ਦੀ ਲੋੜ ਹੈ ਤੇ ਮਿਲਜੁਕ ਕੇ ਵਾਅਦੇ ਪੂਰੇ ਕੀਤੇ ਜਾਣ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ  ਵੀ ਕਹਿ ਦਿਤਾ ਗਿਆ ਹੈ ਕਿ ਦੇਸ਼ ਵਿਰੋਧੀ ਜਾਂ ਅਜਿਹੇ ਹੋਰ ਬਿਆਨ ਦੇਣ ਵਾਲੇ ਸਲਾਹਕਾਰਾਂ ਨੂੰ  ਵਰਜਿਆ ਜਾਵੇ |