ਅਕਤੂਬਰ ਦੇ ਪਹਿਲੇ ਹਫ਼ਤੇ ਤੋਂ 12 ਸਾਲ ਤੋਂ ਉਪਰ ਦੇ ਬੱਚਿਆਂ ਨੂੰ ਲੱਗੇਗੀ ਵੈਕਸੀਨ
ਅਕਤੂਬਰ ਦੇ ਪਹਿਲੇ ਹਫ਼ਤੇ ਤੋਂ 12 ਸਾਲ ਤੋਂ ਉਪਰ ਦੇ ਬੱਚਿਆਂ ਨੂੰ ਲੱਗੇਗੀ ਵੈਕਸੀਨ
ਨਵੀਂ ਦਿੱਲੀ, 25 ਅਗੱਸਤ : ਕੋਰੋਨਾ ਦੀ ਤੀਜੀ ਲਹਿਰ ਦੇ ਡਰ ਦੇ ਵਿਚਕਾਰ ਇਸ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਭਾਰਤ ਵਿਚ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕੋਰੋਨਾ ਦੀ ਵੈਕਸੀਨ ਦੇਣ ਦੀ ਯੋਜਨਾ ਹੈ। ਦੇਸ਼ ਵਿਚ 12 ਤੋਂ 17 ਸਾਲ ਦੀ ਉਮਰ ਦੇ ਲਗਭਗ 12 ਕਰੋੜ ਬੱਚੇ ਹਨ, ਪਰ ਪਹਿਲਾਂ ਉਨ੍ਹਾਂ ਬੱਚਿਆਂ ਨੂੰ ਇਹ ਟੀਕਾ ਲਗਾਇਆ ਜਾਵੇਗਾ ਜੋ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ। ਡੀਸੀਜੀਆਈ ਤੋਂ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਦੇ ਟੀਕਾਕਰਨ ਦੀ ਆਗਿਆ ਮਿਲ ਗਈ ਹੈ। ਜਾਇਡਸ ਕੈਡੀਲਾ ਦੀ ਵੈਕਸੀਨ ਜਾਈਕੋ-ਡੀ ਇਸ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਬੱਚਿਆਂ ਨੂੰ ਦੇਣ ਦੀ ਯੋਜਨਾ ਹੈ।
ਕੇਂਦਰ ਸਰਕਾਰ ਦੁਆਰਾ ਬਣਾਈ ਗਈ ਕੋਵਿਡ ਵਰਕਿੰਗ ਗਰੁੱਪ ਕਮੇਟੀ ਦੇ ਚੇਅਰਮੈਨ ਡਾ: ਐਨਕੇ ਅਰੋੜਾ ਦੇ ਅਨੁਸਾਰ, ਕੰਪਨੀ ਨੇ ਕਿਹਾ ਹੈ ਕਿ ਉਸ ਨੇ ਜਾਈਕੋ-ਡੀ ਨੂੰ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਟੀਕਾਕਰਣ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਯਾਨੀ ਹੁਣ ਉਮੀਦ ਹੈ ਕਿ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਹੀ ਜਾ ਰਿਹਾ ਹੈ, ਪਰ ਜਲਦੀ ਹੀ ਬੱਚਿਆਂ ਨੂੰ ਵੀ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਕੀਤਾ ਜਾਵੇਗਾ। ਹਾਲਾਂਕਿ, ਸਿਰਫ਼ 12 ਸਾਲ ਤੋਂ ਵੱਧ ਉਮਰ ਦੇ ਉਨ੍ਹਾਂ ਬੱਚਿਆਂ ਨੂੰ ਹੀ ਟੀਕਾ ਲਗਾਇਆ ਜਾਵੇਗਾ ਜੋ ਗੰਭੀਰ ਬਿਮਾਰੀ ਤੋਂ ਪੀੜਤ ਹਨ। ਜਿਹੜੇ ਬੱਚੇ ਸਿਹਤਮੰਦ ਹਨ, ਉਨ੍ਹਾਂ ਨੂੰ ਟੀਕਾਕਰਨ ਲਈ ਮਾਰਚ 2022 ਤਕ ਉਡੀਕ ਕਰਨੀ ਪਵੇਗੀ। ਟੀਕਾਕਰਨ ਬਾਰੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੀ ਇਕ ਮੀਟਿੰਗ ਛੇਤੀ ਹੀ ਆਯੋਜਤ ਕੀਤੀ ਜਾਵੇਗੀ, ਜਿਸ ਵਿਚ ਇਕ ਸੂਚੀ ਤਿਆਰ ਕੀਤੀ ਜਾਵੇਗੀ ਕਿ ਕਿਹੜੀ ਬਿਮਾਰੀ ਨੂੰ ਗੰਭੀਰ ਰੂਪ ਵਿਚ ਬਿਮਾਰਾਂ ਦੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਜਾਣਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਸਿਹਤਮੰਦ ਬੱਚਿਆਂ ਵਿਚ ਕੋਰੋਨਾ ਲਾਗ ਦੇ ਕਾਰਨ ਹਸਪਤਾਲ ਵਿਚ ਦਾਖ਼ਲ ਹੋਣ ਜਾਂ ਮੌਤ ਦੀ ਸੰਭਾਵਨਾ ਬਹੁਤ ਘੱਟ ਹੈ। (ਏਜੰਸੀ)