ਕਾਂਗਰਸ ਸਰਕਾਰ ਨੇ ਵੀ ਜਾਇਦਾਦ ਦਾ ਮੁਦਰੀਕਰਨ ਕੀਤਾ, ਰਾਹੁਲ ਨੇ ਉਨ੍ਹਾਂ ਪ੍ਰਸਤਾਵਾਂ ਨੂੰ ਕਿਉਂ ਨਹੀਂ
ਕਾਂਗਰਸ ਸਰਕਾਰ ਨੇ ਵੀ ਜਾਇਦਾਦ ਦਾ ਮੁਦਰੀਕਰਨ ਕੀਤਾ, ਰਾਹੁਲ ਨੇ ਉਨ੍ਹਾਂ ਪ੍ਰਸਤਾਵਾਂ ਨੂੰ ਕਿਉਂ ਨਹੀਂ ਫਾੜਿਆ : ਸੀਤਾਰਮਣ
ਮੁੰਬਈ, 25 ਅਗੱਸਤ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੁਧਵਾਰ ਨੂੰ 6 ਲੱਖ ਕਰੋੜ ਰੁਪਏ ਦੇ ਮੁਦਰੀਕਰਨ ਪਾਈਪ ਪਲਾਨ ਦੀ ਨਿੰਦਾ ਕਰਨ ਵਾਲਿਆਂ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ, ਕੀ ਕਾਂਗਰਸ ਆਗੂ ਰਾਹੁਲ ਗਾਂਧੀ ਇਸ ਤਰ੍ਹਾਂ ਦੀ ਪਹਿਲ ਬਾਰੇ ਕੋਈ ਜਾਣਕਾਰੀ ਰਖਦੇ ਹਨ? ਵਿੱਤੀ ਰਾਜਧਾਨੀ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਹ ਕਾਂਗਰਸ ਹੀ ਸੀ ਜਿਸ ਨੇ ਜ਼ਮੀਨ ਅਤੇ ਖਦਾਨ ਵਰਗੇ ਸਾਧਨਾਂ ਨੂੰ ਵੇਚਣ ’ਤੇ ‘ਰਿਸ਼ਵਤ’ ਹਾਸਲ ਕੀਤੀ। ਉਨ੍ਹਾਂ ਯਾਦ ਦਿਵਾਇਆ ਕਿ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਮੁੰਬਈ-ਪੁਣੇ ਐਕਸਪ੍ਰੈਸ ਵੇਅ ਦਾ ਮੁਦਰੀਕਰਨ ਕਰ ਕੇ 8,000 ਕਰੋੜ ਰੁਪਏ ਜੁਟਾਏ, ਅਤੇ 2008 ਵਿਚ ਸਪ੍ਰੰਗ ਸਰਕਾਰ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਲੀਜ਼ ’ਤੇ ਦੇਣ ਲਈ ਅਰਜ਼ੀਆਂ ਮੰਗੀਆਂ ਸਨ।
ਜ਼ਿਕਰਯੋਗ ਹੈ ਕਿ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸਰਕਾਰ ਦੀ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (ਐਨਐਮਪੀ) ’ਤੇ ਸਵਾਲ ਚੁਕੇ ਸਨ।
ਰਾਹੁਲ ਗਾਂਧੀ ਦੀ ਉਸ ਘਟਨਾ ਨੂੰ ਯਾਦ ਕਰਦੇ ਹੋਏ ਜਿਥੇ ਉਨ੍ਹਾਂ (ਰਾਹੁਲ) ਨੇ ਸਹਿਮਤ ਨਾ ਹੋਣ ’ਤੇ ਆਰਡੀਨੈਂਸ ਦੀ ਕਾਪੀ ਫਾੜ ਦਿਤੀ ਸੀ, ਸੀਤਾਰਮਣ ਨੇ ਕਿਹਾ ਕਿ ਰਾਹੁਲ ਗਾਂਘੀ ਨੇ ਰੇਲਵੇ ਸਟੇਸ਼ਨ ਨੂੰ ਲੀਜ਼ ’ਤੇ ਦੇਣ ਦੇ ਪ੍ਰਸਤਾਵ ਸਬੰਧੀ ਦਸਤਾਵੇਜ਼ ਕਿਉਂ ਨਹੀਂ ਫਾੜੇ? ਵਿੱਤ ਮੰਤਰੀ ਨੇ ਤਲਖ਼ ਹੁੰਦਿਆਂ ਕਿਹਾ,‘‘ਜੇਕਰ ਉਹ ਅਸਲ ਵਿਚ ਮੁਦਰੀਕਰਨ ਵਿਰੁਧ ਹਨ ਤਾਂ ਰਾਹੁਲ ਗਾਂਧੀ ਨੇ ਐਨਡੀਐਲਐਸ ਦੇ ਮੁਦਰੀਕਰਨ ਦੇ ਆਰਐਫ਼ਪੀ ਨੂੰ ਕਿਉਂ ਨਹੀਂ ਫਾੜਿਆ? ਜੇਕਰ ਇਹ ਮੁਦਰੀਕਰਨ ਹੈ ਤਾਂ ਕਿਉਂ ਉਨ੍ਹਾਂ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਵੇਚ ਦਿਤਾ? ਕੀ ਹੁਣ ਇਸ ਦੀ ਮਲਕੀਅਤ ਜੀਜਾ ਜੀ ਕੋਲ ਹੈ? ਕੀ ਰਾਹੁਲ ਨੂੰ ਪਤਾ ਹੈ ਕਿ ਮੁਦਰੀਕਰਨ ਕੀ ਹੁੰਦਾ ਹੈ? ਸੀਤਾਰਮਣ ਨੇ ਦੁਹਰਾਇਆ ਕਿ ਜਾਇਦਾਦ ਮੁਦਰੀਕਰਨ ਯੋਜਨਾ ਵਿਚ ਜਾਇਦਾਦ ਨੂੰ ਵੇਚਣਾ ਸ਼ਾਮਲ ਨਹੀਂ ਹੁੰਦਾ ਅਤੇ ਜਾਇਦਾਦ ਸਰਕਾਰ ਨੂੰ ਵਾਪਸ ਸੌਂਪ ਦਿਤੀ ਜਾਵੇਗੀ।