ਜਲੰਧਰ 'ਚ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਘੇਰਿਆ
ਜਲੰਧਰ 'ਚ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਘੇਰਿਆ
ਜਲੰਧਰ, 25 ਅਗੱਸਤ (ਲਲਿਤ ਕੁਮਾਰ): ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਸਰਕਟ ਹਾਊਸ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ | ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਸੂਬਾਈ ਅਹੁਦੇਦਾਰ ਸ਼ਾਮਲ ਹੋਏ | ਭਾਜਪਾ ਦੀ ਇਸ ਸੂਬਾ ਪਧਰੀ ਮੀਟਿੰਗ ਨੂੰ ਦੇਖਦੇ ਹੋਏ ਕਿਸਾਨਾਂ ਵਲੋਂ ਭਾਜਪਾ ਆਗੂਆਂ ਦਾ ਘਿਰਾਉ ਕੀਤੇ ਜਾਣ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ਵਿਚ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ ਹੈ | ਭਾਜਪਾ ਦੀ ਮੀਟਿੰਗ 11.30 ਵਜੇ ਦੇ ਕਰੀਬ ਸ਼ੁਰੂ ਹੋ ਗਈ | ਉਧਰ ਦੂਜੇ ਪਾਸੇ ਭਾਜਪਾ ਆਗੂਆਂ ਦਾ ਘਿਰਾਉ ਕਰਨ ਆ ਰਹੇ ਕਿਸਾਨਾਂ ਨੂੰ ਪੁਲਿਸ ਨੇ ਜਲੰਧਰ-ਫਗਵਾੜਾ ਹਾਈਵੇਅ ਉਪਰ ਮੈਕਡੋਨਲਡ ਨੇੜੇ ਹੀ ਰੋਕ ਦਿਤਾ |
ਕਿਸਾਨਾਂ ਵਲੋਂ ਭਾਰਤੀ ਜਨਤਾ ਪਾਰਟੀ ਤੇ ਕੇਂਦਰ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ | ਭਾਜਪਾ ਦੀ ਸੂਬਾ ਪਧਰੀ ਮੀਟਿੰਗ ਤੇ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਸ਼ਹਿਰ ਵਿਚ ਨਾਕੇਬੰਦੀ ਲਈ ਲੁਧਿਆਣਾ ਕਮਿਸ਼ਨਰੇਟ ਤੇ ਅੰਮਿ੍ਤਸਰ ਕਮਿਸ਼ਨਰੇਟ ਤੋਂ ਵੀ ਪੁਲਿਸ ਬੁਲਾਈ ਗਈ | ਮੀਟਿੰਗ ਦੋ ਘੰਟੇ ਚਲਣ ਦੀ ਸੰਭਾਵਨਾ ਦਸੀ ਜਾ ਰਹੀ ਹੈ | ਥਾਂ-ਥਾਂ ਨਾਕੇਬੰਦੀ ਦੌਰਾਨ ਕਿਸਾਨ ਸਰਕਟ ਹਾਊਸ ਨੇੜੇ ਸਕਾਈਲਾਰਕ ਚੌਕ ਵਿਚ ਪੁੱਜੇ | ਕਿਸਾਨਾਂ ਵਲੋਂ ਕੇਂਦਰ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਵਿਰੁਧ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ | ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਜਲੰਧਰ ਪ੍ਰੋਗਰਾਮ ਵਿਰੁਧ ਕਿਸਾਨਾਂ ਨੇ ਪੀਏਪੀ ਚੌਕ ਵੀ ਜਾਮ ਕੀਤਾ | ਮੌਕੇ 'ਤੇ ਪੁੱਜੇ ਡੀਸੀਪੀ ਟਰੈਫ਼ਿਕ ਨਰੇਸ਼ ਡੋਗਰਾ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ |
ਫ਼ੋਟੋ : ਜਲੰਧਰ 1,2