ਕੁੰਵਰਵਿਜੈ ਪ੍ਰਤਾਪ ਸਿੰਘ ਵਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਨੇ ਪੰਥਕ ਹਲਕਿਆਂ ’ਚ ਮਚਾਈ ਤਰਥੱਲੀ-2

ਏਜੰਸੀ

ਖ਼ਬਰਾਂ, ਪੰਜਾਬ

ਕੁੰਵਰਵਿਜੈ ਪ੍ਰਤਾਪ ਸਿੰਘ ਵਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਨੇ ਪੰਥਕ ਹਲਕਿਆਂ ’ਚ ਮਚਾਈ ਤਰਥੱਲੀ-2

image

ਕਿਉਂਕਿ ਅਦਾਲਤ ’ਚ ਪੇਸ਼ ਕੀਤੀਆਂ ਚਲਾਨ ਰਿਪੋਰਟਾਂ ’ਚ ਹੋਏ ਸਨ ਅਹਿਮ ਪ੍ਰਗਟਾਵੇ
 

ਕੋਟਕਪੂਰਾ, 25 ਅਗੱਸਤ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਸੀਆ ਅਤਿਆਚਾਰ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵਲੋਂ ਅਦਾਲਤ ਵਿਚ ਪੇਸ਼ ਕੀਤੇ ਚਲਾਨ ਰਿਪੋਰਟਾਂ ਮੁਤਾਬਕ ਮਹਿਜ਼ 15 ਦਿਨਾਂ ਵਿਚ ਪੰਜਾਬ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਲਗਾਤਾਰ 15 ਥਾਵਾਂ ’ਤੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸਮੇਤ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀਬਾਰੀ ਤੋਂ ਬਾਅਦ ਇੰਟੈਲੀਜੈਂਸ ਚੀਫ਼ ਦੀ ਬਦਲੀ, ਜੂਨੀਅਰ ਅਫ਼ਸਰ ਦੀ ਤੈਨਾਤੀ ਅਤੇ ਉਪਰੋਕਤ ਬੇਅਦਬੀ ਦੀਆਂ ਘਟਨਾਵਾਂ ਵਿਚਕਾਰ ਸਾਂਝ ਸਪੱਸ਼ਟ ਕਰਦੀ ਹੈ ਕਿ ਇਹ ਸੁਖਬੀਰ ਸਿੰਘ ਬਾਦਲ, ਡੀ.ਜੀ.ਪੀ. ਸੁਮੇਧ ਸਿੰਘ ਸੈਣੀ, ਸੌਦਾ ਸਾਧ ਅਤੇ ਹੋਰਨਾਂ ਦੁਆਰਾ ਬਣਾਈ ਗਈ ਯੋਜਨਾ ਅਨੁਸਾਰ ਹੋਇਆ। 
ਮਿਤੀ 24 ਸਤੰਬਰ 2015 ਨੂੰ ਸੌਦਾ ਸਾਧ ਨੂੰ ਤਖ਼ਤਾਂ ਦੇ ਜਥੇਦਾਰਾਂ ਵਲੋਂ ਦਿਤੀ ਗਈ ਮਾਫ਼ੀ, 16 ਅਕਤੂਬਰ ਨੂੰ ਮਾਫ਼ੀ ਰੱਦ ਕਰਨ ਦਾ ਫ਼ੈਸਲਾ, ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਕਰਨ ਦੀਆਂ ਘਟਨਾਵਾਂ ਵੀ ਖ਼ਾਸ ਧਿਆਨ ਮੰਗਦੀਆਂ ਹਨ। ਚਲਾਨ ਰਿਪੋਰਟ ਦੇ ਪੰਨਾ ਨੰਬਰ 45 ਮੁਤਾਬਕ 24 ਸਤੰਬਰ 2015 ਦੇ ਤਖ਼ਤਾਂ ਦੇ ਜਥੇਦਾਰਾਂ ਦੇ ਗੁਰਮਤੇ ਅਨੁਸਾਰ ਸੌਦਾ ਸਾਧ ਵਲੋਂ ਅਪਣੇ ਪ੍ਰਤੀਨਿਧੀਆਂ ਜ਼ਰੀਏ ਇਕ ਮਾਫ਼ੀ ਅਤੇ ਸਫ਼ਾਈ ਦੀ ਚਿੱਠੀ ਭੇਜੀ ਗਈ ਸੀ, ਜਦੋਂ ਐਸਆਈਟੀ ਨੇ ਐਸਜੀਪੀਸੀ ਨੂੰ ਸੌਦਾ ਸਾਧ ਦੀ ਮਾਫ਼ੀ ਮੰਗਣ ਵਾਲੀ ਚਿੱਠੀ ਦੀ ਕਾਪੀ ਦੇਣ ਲਈ ਬੇਨਤੀ ਕੀਤੀ ਤਾਂ ਸ਼੍ਰੋਮਣੀ ਕਮੇਟੀ ਨੇ ਉਕਤ ਕਾਪੀ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ। ਚਲਾਨ ਰਿਪੋਰਟ ਮੁਤਾਬਕ ਤਰਲੋਚਨ ਸਿੰਘ ਸਾਬਕਾ ਐਮ.ਪੀ. ਅਤੇ ਸਾਬਕਾ ਚੇਅਰਪਰਸਨ ਘੱਟ ਗਿਣਤੀ ਕਮਿਸ਼ਨ ਭਾਰਤ ਦਾ 24-03-2018 ਨੂੰ ਪ੍ਰੱੈਸ ਦੇ ਇਕ ਹਿੱਸੇ ਵਿਚ ਛਪਿਆ ਬਿਆਨ ਜਿਸ ਵਿਚ ਉਹ ਕਹਿ ਰਹੇ ਹਨ ਕਿ ਸੌਦਾ ਸਾਧ ਵਲੋਂ ਪਿੰਡ ਸਲਾਬਤਪੁਰਾ ਵਿਖੇ 2007 ਵਿਚ ਗੁਰੂ ਜੀ ਦਾ ਸਵਾਂਗ ਰਚਾਉਣ ਤੋਂ ਬਾਅਦ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਭਵਨ ਨਵੀਂ ਦਿੱਲੀ ਵਿਖੇ ਬੁਲਾਈ ਗਈ ਮੀਟਿੰਗ ਵਿਚ ਉਹ ਖ਼ੁਦ ਵੀ ਹਾਜ਼ਰ ਸੀ। 
ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਵੱਖ-ਵੱਖ ਧਾਰਮਕ ਮੁਖੀਆਂ ਦਾ ਇਕ ਵਫ਼ਦ ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਮੰਗਣ ਲਈ ਮਨਾਉਣ ਵਾਸਤੇ ਭੇਜਿਆ ਜਾਵੇ। ਸਵਾਮੀ ਅਗਨੀਵੇਸ਼ ਅਤੇ ਚਾਰ ਹੋਰ ਨੂੰ ਉਕਤ ਵਫ਼ਦ ਦਾ ਹਿੱਸਾ ਬਣਨ ਲਈ ਬੇਨਤੀ ਕੀਤੀ ਗਈ। ਤਰਲੋਚਨ ਸਿੰਘ ਮੁਤਾਬਕ ਉਸ ਨੇ ਇਕ ਚਿੱਠੀ ਲਿਖੀ, ਡੇਰਾ ਸਿਰਸਾ ਵਿਖੇ ਗਏ ਤੇ ਸੌਦਾ ਸਾਧ ਦੇ ਉਸ ਚਿੱਠੀ ਉਪਰ ਦਸਤਖ਼ਤ ਕਰਵਾਉਣ ਵਿਚ ਕਾਮਯਾਬ ਹੋ ਗਏ। ਉਨ੍ਹਾਂ ਉਕਤ ਚਿੱਠੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਸੌਂਪ ਦਿਤੀ ਪਰ ਉਕਤ ਚਿੱਠੀ ਸਵੀਕਾਰ ਨਾ ਕੀਤੀ ਗਈ। ਤਰਲੋਚਨ ਸਿੰਘ ਮੁਤਾਬਕ ਆਰੀਆ ਸਮਾਜੀ ਲੀਡਰ ਸਵਾਮੀ ਅਗਨੀਵੇਸ਼ ਰਾਹੀਂ 2007 ਵਿਚ ਸੌਦਾ ਸਾਧ ਤੋਂ ਲਿਆਂਦੀ ਪੁਰਾਣੀ ਚਿੱਠੀ ਦੇ ਆਧਾਰ ’ਤੇ ‘ਜਥੇਦਾਰਾਂ’ ਨੇ 24 ਸਤੰਬਰ 2015 ਨੂੰ ਸੌਦਾ ਸਾਧ ਨੂੰ ਮਾਫ਼ ਕਰ ਦਿਤਾ। ਗਿਆਨੀ ਇਕਬਾਲ ਸਿੰਘ ਪਟਨਾ ਮੁਤਾਬਕ ਤਰਲੋਚਨ ਸਿੰਘ ਵਲੋਂ ਖ਼ੁਦ ਤਿਆਰ ਕੀਤੀ ਗਈ ਚਿੱਠੀ ਵਿਚ ‘ਮਾਫ਼ੀ’ ਸ਼ਬਦ ਨੂੰ ਬਾਅਦ ਵਿਚ ਸ਼ਾਮਲ ਕੀਤਾ ਗਿਆ। 
ਐਸ.ਆਈ.ਟੀ. ਨੂੰ ਦਿਤੇ ਬਿਆਨਾਂ ਵਿਚ ਗਿਆਨੀ ਇਕਬਾਲ ਸਿੰਘ ਪਟਨਾ ਨੇ ਮੰਨਿਆ ਕਿ ਸੌਦਾ ਸਾਧ ਨੂੰ ਮਾਫ਼ੀ ਦੇਣ ਵਾਲੇ 24 ਸਤੰਬਰ 2015 ਦੇ ਗੁਰਮਤੇ ਅਤੇ 16 ਅਕਤੂਬਰ 2015 ਨੂੰ ਕੀਤੀ ਸੋਧ ਉਪਰ ਵੀ ਉਸ ਦੇ ਦਸਤਖ਼ਤ ਹਨ। 
(ਬਾਕੀ ਕਲ ਵਾਲੇ ਅੰਕ ਵਿਚ)