ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਨੇ ਦੋ ਘੰਟੇ ਬੱਸ ਅੱਡੇ ਬੰਦਰੱਖ ਕੇ ਕੀਤਾ ਰੋਸ ਪ੍ਰਦਰਸ਼ਨ
ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਨੇ ਦੋ ਘੰਟੇ ਬੱਸ ਅੱਡੇ ਬੰਦ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ
6 ਸਤੰਬਰ ਤੋਂ ਅਣਮਿਥੇ ਸਮੇਂ ਦੀ ਹੜਤਾਲ ਦਾ ਐਲਾਨ
ਚੰਡੀਗੜ੍ਹ, 25 ਅਗੱਸਤ (ਭੁੱਲਰ) : ਅੱਜ ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਦੀ ਕਮੇਟੀ ਵਲੋਂ ਪੰਜਾਬ ਦੇ ਸਮੂਹ ਬੱਸ ਸਟੈਂਡ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ |
ਫ਼ਿਰੋਜ਼ਪੁਰ ਕੈਂਟ ਬੱਸ ਸਟੈਂਡ ਵਿਖੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਡਿਪੂ ਪ੍ਰਧਾਨ ਜਤਿੰਦਰ ਸਿੰਘ ਡਿਪੂ ਸੈਕਟਰੀ ਕੰਵਲਜੀਤ ਸਿੰਘ ਮਾਨੋਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਟਰਾਂਸਪੋਰਟ ਮੁਆਫ਼ੀਆਂ ਖ਼ਤਮ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ | ਨਾਜਾਇਜ਼ ਚਲਦੀਆਂ ਵੱਡੇ-ਵੱਡੇ ਸਿੰਗਾਂ ਵਾਲੀਆ ਬਸਾਂ ਨੂੰ ਖੂੰਜੇ ਲਾਉਣ ਵਰਗੀਆਂ ਗੱਲ ਕੇਵਲ ਚੋਣਾਂ ਵੀ ਜੁਮਲੇ ਬਣ ਕੇ ਰਹਿ ਗਈਆਂ | ਅੱਜ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਵਲੋਂ ਕੁੱਝ ਨਾ ਕਰਨਾ, ਇਹ ਪ੍ਰਾਈਵੇਟ ਟਰਾਂਸਪੋਰਟਰਾਂ ਨਾਲ ਮਿਲੀਭੁਗਤ ਸਾਬਤ ਕਰਦਾ ਹੈ |
ਦੂਸਰੇ ਪਾਸੇ ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਅਦਾਰੇ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨਾ, ਸਟਾਫ਼ ਦੀ ਘਾਟ ਕਾਰਨ ਬਸਾਂ ਦਾ ਖੜਨਾ, ਕੰਡਕਟਰ-ਡਰਾਈਵਰ ਤੇ ਵਰਕਸ਼ਾਪ ਦੀ ਘਾਟ ਹੋਣ ਦੇ ਬਾਵਜੂਦ ਗ਼ਲਤ ਤਰੀਕੇ ਨਾਲ ਕੁਰੱਪਸਨ ਰਾਹੀਂ ਪ੍ਰਮੋਸ਼ਨਾਂ ਕਰਨਾ ਅਤੇ ਸਰਕਾਰੀ ਬਸਾਂ ਦੀ ਗਿਣਤੀ 10 ਹਜਾਰ ਦੀ ਬਜਾਏ 100-200 ਰਹਿ ਜਾਣਾ | ਉੱਪਰੋਂ ਪਨਬੱਸ ਅਤੇ ਰੋਡਵੇਜ਼ ਦੀਆਂ ਬਸਾਂ ਜੋ ਅਪਣੀ ਮਿਹਨਤ ਨਾਲ ਮੁਲਾਜ਼ਮ ਚਲਾਉਂਦੇ ਹਨ ਉਨ੍ਹਾਂ ਬਸਾਂ 'ਤੇ ਸਾਰੀਆਂ ਫ੍ਰੀ ਸਫਰ ਸਹੂਲਤਾਂ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਵਲੋਂ ਸਰਕਾਰੀ ਖ਼ਜ਼ਾਨੇ ਵਿਚੋਂ ਕੋਈ ਸਹੂਲਤ ਦੇਣ ਦੀ ਬਜਾਏ ਵਿੱਤੀ ਬੋਝ ਕੱਚੇ ਮੁਲਾਜਮਾਂ ਤੇ ਪਾਉਣਾ ਸਰਕਾਰ ਦੀ ਨੀਅਤ ਸਰਕਾਰੀ ਟਰਾਂਸਪੋਰਟ ਖ਼ਤਮ ਕਰਨ ਦੀ ਤਿਆਰੀ ਵਿਚ ਹੈ |
26 ਅਗੱਸਤ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਪਨਬਸ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜਮ ਪੱਕੇ ਕਰਨ ਸਬੰਧੀ ਕੋਈ ਫ਼ੈਸਲਾ ਨਾ ਲਿਆ ਗਿਆ ਤਾਂ ਮਿਤੀ 6 ਸਤੰਬਰ ਤੋਂ ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮ ਅਣਮਿੱਥੇ ਸਮੇਂ ਦੀ ਹੜਤਾਲ ਤੇ ਬੈਠਣਗੇ |