DSGMC ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਿਲਿਆ ਬਹੁਮਤ, 27 ਸੀਟਾਂ 'ਤੇ ਹੋਈ ਜਿੱਤ
ਦਿੱਲੀ ਕਮੇਟੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਿਲਿਆ ਬਹੁਮਤ, 27 ਸੀਟਾਂ 'ਤੇ ਪ੍ਰਾਪਤ ਕੀਤੀ ਜਿੱਤ
ਨਵੀਂ ਦਿੱਲੀ, 25 ਅਗੱਸਤ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਦੇ ਨਤੀਜਿਆਂ 'ਚ ਵੱਡਾ ਫੇਰਬਦਲ ਸਾਹਮਣੇ ਆਇਆ ਹੈ, ਜਿਸ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬਹੁਮਤ ਹਾਸਲ ਕਰ ਲਿਆ ਹੈ ਪਰ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ |
ਤਾਜ਼ਾ ਨਤੀਜਿਆਂ ਅਨੁਸਾਰ 46 ਸੀਟਾਂ 'ਤੇ ਹੋਈਆਂ ਕਮੇਟੀ ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 27 ਸੀਟਾਂ 'ਤੇ ਜਿੱਤ ਪ੍ਰਾਪਤ ਕਰ ਕੇ ਮੁੜ ਤੋਂ ਦਿੱਲੀ ਗੁਰਦੁਆਰਿਆਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਆਪਣੇ ਹੱਥਾਂ 'ਚ ਲੈ ਲਈ ਹੈ | ਸ਼੍ਰੋਮਣੀ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ 'ਚੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ), ਸਰਨਾ ਧੜੇ ਨੇ 15 ਸੀਟਾਂ 'ਤੇ ਜਿੱਤ ਹਾਸਲ ਕੀਤੀ ਅਤੇ 'ਜਾਗੋ ਪਾਰਟੀ' ਨੇ 3 ਸੀਟਾਂ 'ਤੇ ਜਿੱਤ ਹਾਸਲ ਕਰ ਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ | ਇਕ ਸੀਟ 'ਤੇ ਪੰਥਕ ਅਕਾਲੀ ਲਹਿਰ ਦਾ ਕਬਜ਼ਾ ਹੋਇਆ |
ਦਰਅਸਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ 22 ਅਗਸਤ , ਦਿਨ ਐਤਵਾਰ ਨੂੰ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ ਸੀ | ਦਿੱਲੀ ਦੇ 3.42 ਲੱਖ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਸੀ | ਜਿਨ੍ਹਾਂ 'ਚ ਔਰਤ ਵੋਟਰ 1 ਲੱਖ 71 ਹਜ਼ਾਰ 370 ਅਤੇ ਪੁਰਸ਼ ਵੋਟਰ 1 ਲੱਖ 70 ਹਜ਼ਾਰ 695 ਹਨ | ਦਿੱਲੀ ਕਮੇਟੀ ਦੀਆਂ ਚੋਣਾਂ 'ਚ 312 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਸੀ | ਇਨ੍ਹਾਂ ਵਿੱਚੋਂ 180 ਉਮੀਦਵਾਰ ਰਜਿਸਟਰਡ ਪਾਰਟੀਆਂ ਵਲੋਂ ਜਦੋਂਕਿ 132 ਆਜ਼ਾਦ ਉਮੀਦਵਾਰ ਸਨ |