ਖੇਤੀਬਾੜੀ ਵਿਭਾਗ ਨੇ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਸਬੰਧੀ ਵੈਬੀਨਾਰ ਕਰਵਾਇਆ

ਏਜੰਸੀ

ਖ਼ਬਰਾਂ, ਪੰਜਾਬ

ਖੇਤੀਬਾੜੀ ਵਿਭਾਗ ਨੇ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਸਬੰਧੀ ਵੈਬੀਨਾਰ ਕਰਵਾਇਆ

image

ਸਹਿਕਾਰੀ ਸਭਾਵਾਂ, ਖੇਤੀਬਾੜੀ ਵਿਭਾਗ ਦੇ 1500 ਤੋਂ ਜ਼ਿਆਦਾ ਮੁਲਾਜ਼ਮਾਂ ਅਤੇ ਮਸ਼ੀਨ ਆਪਰੇਟਰਾਂ ਨੇ ਲਿਆ ਹਿੱਸਾ

ਚੰਡੀਗੜ੍ਹ, 25 ਅਗੱਸਤ (ਸ.ਸ.ਸ.) : ਪਰਾਲੀ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਨੂੰ  ਉਤਸ਼ਾਹਤ ਕਰਨ ਲਈ ਰਾਜ ਦੇ ਖੇਤੀਬਾੜੀ ਵਿਭਾਗ ਨੇ ਸਹਿਕਾਰੀ ਸਭਾਵਾਂ, ਪੰਜਾਬ ਦੇ ਸਹਿਯੋਗ ਨਾਲ ਵੈਬਿਨਾਰ-ਕਮ-ਟ੍ਰੇਨਿੰਗ ਸੈਸ਼ਨ ਕਰਵਾਇਆ, ਜਿਸ ਵਿਚ ਸਹਿਕਾਰੀ ਸਭਾਵਾਂ, ਖੇਤੀਬਾੜੀ ਵਿਭਾਗ ਦੇ ਲਗਭਗ 1500 ਮੁਲਾਜ਼ਮਾਂ ਤੋਂ ਇਲਾਵਾ ਮਸੀਨ ਆਪਰੇਟਰਾਂ ਨੇ ਆਨਲਾਈਨ ਅਤੇ ਪੀ.ਏ.ਯੂ. ਦੇ ਯੂ ਟਿਊਬ ਚੈਨਲ ਰਾਹੀਂ ਹਿੱਸਾ ਲਿਆ | 
ਵੈਬੀਨਾਰ ਦਾ ਉਦਘਾਟਨ ਕਰਦਿਆਂ, ਡਾਇਰੈਕਟਰ ਖੇਤੀਬਾੜੀ ਸੁਖਦੇਵ ਸਿੰਘ ਸਿੱਧੂ ਨੇ ਦਸਿਆ ਕਿ ਸਹਿਕਾਰੀ ਸਭਾਵਾਂ, ਜੋ ਕਿ ਮਸ਼ੀਨਰੀ ਦੀ ਵਰਤੋਂ ਵਧਾਉਣ ਵਿਚ ਯੋਗਦਾਨ ਪਾਉਣਗੀਆਂ ਅਤੇ ਪਹਿਲਾਂ ਹੀ ਪਰਾਲੀ ਸਾੜਨ ਦੇ ਮਾਮਲਿਆਂ ਨੂੰ  ਘਟਾਉਣ ਲਈ ਉਪਰਾਲੇ ਕਰ ਰਹੀਆਂ ਹਨ, ਨੂੰ  ਸਹੂਲਤਾਂ ਪ੍ਰਦਾਨ ਕਰਨ ਵਿਚ ਪਹਿਲ ਦਿਤੀ ਜਾਵੇਗੀ |
ਸਿੱਧੂ ਨੇ ਕਿਹਾ ਕਿ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਅਨਿਰੁਧ ਤਿਵਾੜੀ ਦੇ ਨਿਰਦੇਸ਼ਾਂ ਅਤੇ ਖੇਤੀਬਾੜੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਦਾ ਵੈਬੀਨਾਰ ਆਯੋਜਤ ਕੀਤਾ ਗਿਆ | ਉਨ੍ਹਾਂ ਦਸਿਆ ਕਿ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਤੋਂ ਇਲਾਵਾ, ਮਸ਼ੀਨ ਆਪਰੇਟਰਾਂ ਅਤੇ ਸਹਿਕਾਰੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਇਸ ਸਮਾਗਮ ਵਿਚ ਹਿੱਸਾ ਲਿਆ |
ਵਿਭਾਗ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ 250 ਕਰੋੜ ਰੁਪਏ ਦੀ ਸਬਸਿਡੀ ਨਾਲ ਕਿਸਾਨਾਂ ਨੂੰ  ਝੋਨੇ ਦੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਲਈ 25000 ਤੋਂ ਵੱਧ ਖੇਤੀ-ਮਸ਼ੀਨਾਂ/ਖੇਤੀ ਉਪਕਰਨ ਮੁਹਈਆ ਕਰਵਾਉਣ ਲਈ ਪਹਿਲਾਂ ਹੀ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ | ਉਨ੍ਹਾਂ ਕਿਹਾ ਕਿ ਸਕੀਮ ਅਧੀਨ ਕਿਸਾਨਾਂ ਨੂੰ  50 ਤੋਂ 80 ਫ਼ੀ ਸਦੀ ਤਕ ਦੀ ਸਬਸਿਡੀ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਵਿਚ ਸਹਿਕਾਰੀ ਸਭਾਵਾਂ ਅਤੇ ਕਿਸਾਨ ਸਮੂਹਾਂ ਨੂੰ  80 ਫ਼ੀ ਸਦੀ ਸਬਸਿਡੀ ਜਦਕਿ ਵਿਅਕਤੀ ਵਿਸ਼ੇਸ਼ ਲਈ 50 ਫ਼ੀ ਸਦੀ ਸਬਸਿਡੀ ਦਿਤੀ ਜਾ ਰਹੀ ਹੈ |
ਪਹਿਲੇ ਪੜਾਅ ਤਹਿਤ ਵਿਭਾਗ ਨੇ ਝੋਨੇ ਦੀ ਕਟਾਈ ਦੇ ਸੀਜਨ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲਿਆਂ ਦੀ ਰੋਕਥਾਮ ਨੂੰ  ਯਕੀਨੀ ਬਣਾਉਣ ਲਈ 2000 ਖੇਤੀ ਮਸ਼ੀਨਾਂ/ਉਪਕਰਨਾਂ ਦੀ ਖਰੀਦ ਲਈ ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਦੀਆਂ ਅਰਜ਼ੀਆਂ ਨੂੰ  ਪ੍ਰਵਾਨਗੀ ਦੇ ਦਿਤੀ ਹੈ | 
ਦੂਜੇ ਪੜਾਅ ਵਿਚ, ਬੇਲਰਜ਼ ਲਈ ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਤੋਂ ਅਰਜ਼ੀਆਂ ਮਨਜ਼ੂਰ ਕੀਤੀਆਂ ਜਾਣਗੀਆਂ ਅਤੇ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ, ਤਰਨਤਾਰਨ, ਮੋਗਾ ਅਤੇ ਮਾਨਸਾ ਦੇ ਹਾਟਸਪਾਟ ਜ਼ਿਲਿ੍ਹਆਂ (ਜਿਥੇ ਪਰਾਲੀ ਸਾੜਨ ਦੀਆਂ ਘਟਨਾਵਾਂ ਵੱਧ ਵਾਪਰਦੀਆਂ ਹਨ) ਅਧੀਨ ਆਉਣ ਵਾਲੇ ਬਾਇਓਮਾਸ ਉਦਯੋਗ ਵਾਲੇ ਜ਼ਿਲਿ੍ਹਆਂ ਨੂੰ  ਤਰਜੀਹ ਦਿਤੀ ਜਾਵੇਗੀ | 
ਇਸ ਮੌਕੇ ਸ੍ਰੀ ਮਨਮੋਹਨ ਕਾਲੀਆ, ਨੋਡਲ ਅਫ਼ਸਰ ਸੀਆਰਐਮ -ਜਾਇੰਟ ਡਾਇਰੈਕਟਰ ਖੇਤੀਬਾੜੀ (ਇੰਜੀ.), ਸ੍ਰੀਮਤੀ ਬਲਜਿੰਦਰ ਬਾਜਵਾ, ਜਾਇੰਟ ਸਕੱਤਰ ਸਹਿਕਾਰੀ ਸਭਾਵਾਂ, ਡਾ. ਰਾਜਬੀਰ ਸਿੰਘ ਬਰਾੜ ਅਟਾਰੀ, (ਆਈਸੀਏਆਰ) ਵੀ ਹਾਜ਼ਰ ਸਨ |
ਵੈਬੀਨਾਰ ਪੀਏਯੂ ਦੇ ਲਾਈਵ ਯੂਟਿਊਬ ਚੈਨਲ 'ਤੇ ਵੀ ਪ੍ਰਸਾਰਤ ਕੀਤਾ ਗਿਆ  ਜਿਸ ਨੂੰ  ਲਗਭਗ 250 ਲੋਕਾਂ ਨੇ ਵੇਖਿਆ ਅਤੇ ਅਪਣੇ ਵਿਚਾਰ ਸਾਂਝੇ ਕੀਤੇ |