ਕੋਲਕਾਤਾ, 25 ਅਗੱਸਤ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁਧਵਾਰ ਨੂੰ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (ਐਨਐਮਪੀ) ਨੀਤੀ ਨੂੰ ਲੈ ਕੇ ਕੇਂਦਰ ’ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਇਹ ਦੇਸ਼ ਦੀ ਜਾਇਦਾਦ ਨੂੰ ਵੇਚਣ ਦੀ ਸਾਜ਼ਸ਼ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਜਪਾ ਦੀ ਜਾਇਦਾਦ ਨਹੀਂ ਹੈ। ਤ੍ਰਿਣਮੂਲ ਕਾਂਗਰਸ ਪ੍ਰਧਾਨ ਨੇ ਐਨਐਮਪੀ ਨੂੰ ‘ਹੈਰਾਨ ਕਰਨ ਵਾਲਾ ਅਤੇ ਮੰਦਭਾਗਾ ਫ਼ੈਸਲਾ’ ਕਰਾਰ ਦਿੰਦੇ ਹੋਏ ਦੋਸ਼ ਲਗਾਇਆ ਕਿ ਇਨ੍ਹਾਂ ਜਾਇਦਾਦਾਂ ਨੂੰ ਵੇਚਣ ਤੋਂ ਮਿਲੇ ਪੈਸਿਆਂ ਦਾ ਇਸਤੇਮਾਲ ਚੋਣਾਂ ਦੌਰਾਨ ਵਿਰੋਧੀ ਧਿਰਾਂ ਵਿਰੁਧ ਕੀਤਾ ਜਾਵੇਗਾ।
ਮਮਤਾ ਨੇ ਸਕੱਤਰੇਤ ਨਬੰਨਾ ’ਚ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਇਸ ਹੈਰਾਨ ਕਰਨ ਵਾਲੇ ਅਤੇ ਮੰਦਭਾਗੇ ਫ਼ੈਸਲੇ ਦੀ ਨਿਖੇਧੀ ਕਰਦੇ ਹਾਂ। ਇਹ ਜਾਇਦਾਦ ਦੇਸ਼ ਦੀ ਹੈ। ਇਹ ਨਾ ਮੋਦੀ ਦੀ ਜਾਇਦਾਦ ਹੈ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ ਦੀ। ਉਹ (ਕੇਂਦਰ ਸਰਕਾਰ ) ਅਪਣੀ ਮਰਜ਼ੀ ਨਾਲ ਦੇਸ਼ ਦੀ ਜਾਇਦਾਦ ਨੂੰ ਨਹੀਂ ਵੇਚ ਸਕਦੇ।’’ ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਸ ‘ਲੋਕਵਿਰੋਧੀ’ ਫ਼ੈਸਲੇ ਦਾ ਵਿਰੋਧ ਕਰੇਗਾ ਅਤੇ ਇਕਜੁਟ ਹੋਵੇਗਾ। ਉਨ੍ਹਾਂ ਕਿਹਾ, ‘‘ਭਾਜਪਾ ਨੂੰ ਸ਼ਰਮ ਆਉਣੀ ਚਾਹੀਦੀ। ਕਿਸੇ ਨੇ ਉਨ੍ਹਾਂ ਨੂੰ ਸਾਡੇ ਦੇਸ਼ ਦੀ ਜਾਇਦਾਦ ਵੇਚਣ ਦਾ ਹੱਕ ਨਹੀਂ ਦਿਤਾ।’’ ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ 6 ਲੱਖ ਕਰੋੜ ਰੁਪਏ ਦੀ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦਾ ਐਲਾਨ ਕੀਤਾ ਸੀ। (ਏਜੰਸੀ)
image