MP ਮਨੀਸ਼ ਤਿਵਾੜੀ ਨੇ PM ਮੋਦੀ ਤੋਂ ਅਨੰਦਪੁਰ ਸਾਹਿਬ ਵਿਖੇ ਫਾਰਮਾਸਿਊਟੀਕਲ ਪਾਰਕ ਬਣਾਉਣ ਦੀ ਕੀਤੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਐਲੀਵੇਟਿਡ ਰੋਡ ਵੀ  ਬਣਾਈ ਜਾਵੇ

Manish Tewari

 

ਚੰਡੀਗੜ੍ਹ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਲੋਕ ਸਭਾ ਹਲਕੇ ਵਿਚ ਹਿਮਾਚਲ ਪ੍ਰਦੇਸ਼ ਦੇ ਬੱਦੀ ਦੀ ਤਰਜ਼ 'ਤੇ ਫਾਰਮਾਸਿਊਟੀਕਲ ਪਾਰਕ ਸਥਾਪਤ ਕਰਨ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮਿਲ ਸਕਣ। ਇਸ ਤਰ੍ਹਾਂ ਉਨ੍ਹਾਂ ਨੇ ਦਿੱਲੀ ਤੋਂ ਚੰਡੀਗੜ੍ਹ ਵੱਲ ਬਨੂੜ ਤੋਂ ਖਰੜ ਤੱਕ ਇਕ ਐਲੀਵੇਟਿਡ ਰੋਡ ਵੀ ਬਣਾਏ ਜਾਣ ਦੀ ਮੰਗ ਕੀਤੀ ਹੈ, ਜਿਸ ਨਾਲ ਇਲਾਕੇ 'ਚ ਟਰੈਫਿਕ ਦੀ ਸਮੱਸਿਆ ਦਾ ਹੱਲ ਹੋਵੇਗਾ।  

ਸੰਸਦ ਮੈਂਬਰ ਤਿਵਾੜੀ ਨੇ ਇਹ ਮੰਗਾਂ ਬੀਤੇ ਦਿਨ ਹੋਮੀ ਭਾਭਾ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਆਏ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਰੱਖੀਆਂ।  ਇਸ ਤੋਂ ਇਲਾਵਾ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਲਾਕੇ ਨਾਲ ਸਬੰਧਤ ਇਨ੍ਹਾਂ ਮੰਗਾਂ ਨੂੰ ਵਿਸਥਾਰ ਵਿਚ ਪੇਸ਼ ਕੀਤਾ ਹੈ।
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਸੰਸਦ ਮੈਂਬਰ ਤਿਵਾੜੀ ਨੇ ਉਨ੍ਹਾਂ ਵੱਲੋਂ ਹਸਪਤਾਲ ਅਤੇ ਰਿਸਰਚ ਸੈਂਟਰ ਦਾ ਉਦਘਾਟਨ ਕੀਤੇ ਜਾਣ ਦਾ ਸਵਾਗਤ ਕੀਤਾ ਜਿਸ ਦਾ ਨੀਂਹ ਪੱਥਰ ਦਸੰਬਰ 2013 ਵਿਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਰੱਖਿਆ ਗਿਆ ਸੀ।

ਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਹਲਕੇ ਬਾਰੇ ਦੱਸਿਆ ਕਿ ਇਹ ਬਹੁਤ ਵੱਡਾ ਲੋਕ ਸਭਾ ਹਲਕਾ ਹੈ, ਜਿਸ ਵਿਚ ਮੁਹਾਲੀ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਖੇਤਰ ਸ਼ਾਮਲ ਹਨ।  ਭੂਗੋਲਿਕ ਤੌਰ 'ਤੇ ਇਹ ਪੰਜਾਬ ਦਾ ਸਭ ਤੋਂ ਵੱਡਾ ਲੋਕ ਸਭਾ ਹਲਕਾ ਹੈ।  ਇਹ ਲੋਕ ਸਭਾ ਹਲਕਾ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਅਰਧ-ਪਹਾੜੀ ਖੇਤਰਾਂ ਨਾਲ ਘਿਰਿਆ ਹੋਇਆ ਹੈ ਅਤੇ ਸੂਬੇ ਦਾ ਇੱਕ ਪ੍ਰਮੁੱਖ ਉੱਤਰੀ ਹਿੱਸਾ ਹੈ।
ਸੂਬੇ ਦੇ ਇਸ ਹਿੱਸੇ ਵਿਚ ਜ਼ਮੀਨ ਦਾ ਰਕਬਾ ਬਹੁਤ ਘੱਟ ਹੈ। ਔਸਤਨ ਇੱਕ ਕਿਸਾਨ ਕੋਲ ਇੱਕ ਤੋਂ 3 ਏਕੜ ਜ਼ਮੀਨ ਹੁੰਦੀ ਹੈ, ਜਿਸ ਕਾਰਨ ਗੁਜ਼ਾਰਾ ਕਰਨਾ ਹਮੇਸ਼ਾ ਇੱਕ ਚੁਣੌਤੀ ਬਣਿਆ ਰਹਿੰਦਾ ਹੈ।

ਉਨ੍ਹਾਂ ਕਿਹਾ ਕਿ ਸਮੇਂ ਦੇ ਬੀਤਣ ਨਾਲ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿਖੇ ਵੱਡੇ ਪੱਧਰ 'ਤੇ ਫਾਰਮਾਸਿਊਟੀਕਲ ਉਦਯੋਗ ਸਥਾਪਿਤ ਹੋ ਗਿਆ ਹੈ।  ਬੱਦੀ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਨਾਲ ਲੱਗਦਾ ਹੈ।  ਅਜਿਹੀ ਸਥਿਤੀ ਵਿਚ ਕੇਂਦਰ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਫਾਰਮਾਸਿਊਟੀਕਲ ਪਾਰਕ ਦੀ ਮਨਜ਼ੂਰੀ ਦੇਣ ਲਈ ਉਹ ਆਪ ਜੀ ਦੇ ਧੰਨਵਾਦੀ ਹੋਣਗੇ।

ਉਨ੍ਹਾਂ ਕਿਹਾ ਕਿ ਇਹ ਹਿਮਾਚਲ ਪ੍ਰਦੇਸ਼ ਵਿਚ ਸਥਾਪਿਤ ਫਾਰਮਾਸਿਊਟੀਕਲ ਈਕੋਸਿਸਟਮ ਦਾ ਇੱਕ ਤਰਕਪੂਰਨ ਵਿਸਤਾਰ ਹੋਵੇਗਾ, ਜਿਸ ਨਾਲ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਪੰਜਾਬ ਵਿੱਚ ਤੇਜ਼ੀ ਨਾਲ ਵਧ ਰਹੀ ਚੌਥੀ ਸਨਅਤੀ ਕ੍ਰਾਂਤੀ ਹੈ। ਇਸ ਕੜੀ ਵਿੱਚ ਚੌਥੀ ਉਦਯੋਗਿਕ ਕ੍ਰਾਂਤੀ ਨਾਲ ਸਬੰਧਤ ਸੂਚਨਾ ਤਕਨਾਲੋਜੀ, ਬਾਇਓਟੈਕਨਾਲੋਜੀ ਅਤੇ ਹੋਰ ਅਦਾਰੇ ਇਸ ਸਮੇਂ ਮੁਹਾਲੀ ਵਿਚ ਮੌਜੂਦ ਹਨ।

ਜਿਸ ਕਾਰਨ ਉਹ ਆਪ ਜੀ ਦੇ ਧੰਨਵਾਦੀ ਹੋਣਗੇ, ਜੇਕਰ ਦਿੱਲੀ ਤੋਂ ਚੰਡੀਗੜ੍ਹ ਦੇ ਬਨੂੜ ਤੋਂ ਖਰੜ ਤੱਕ ਜਾਣ ਵਾਲੇ ਨੈਸ਼ਨਲ ਹਾਈਵੇ ਨੂੰ ਭਾਰਤ ਸਰਕਾਰ ਵੱਲੋਂ ਐਲੀਵੇਟਿਡ ਰੋਡ ਵਿਚ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਇਸ ਦਾ ਨਿਰਮਾਣ ਕਰਵਾਇਆ ਜਾਵੇਗਾ। ਐਲੀਵੇਟਿਡ ਰੋਡ ਨਾ ਸਿਰਫ਼ ਮੁਹਾਲੀ ਏਅਰਪੋਰਟ ਰੋਡ 'ਤੇ ਭੀੜ-ਭੜੱਕੇ ਨੂੰ ਘਟਾਏਗੀ, ਸਗੋਂ ਇਹ ਮੁਹਾਲੀ ਸ਼ਹਿਰ ਦੇ ਵਿਕਾਸ ਲਈ ਵੀ ਲਾਹੇਵੰਦ ਸਾਬਤ ਹੋਵੇਗੀ। ਜੇਕਰ ਇਹਨਾਂ ਦੋਹਾਂ ਮੰਗਾਂ ਨੂੰ ਜਲਦੀ ਤੋਂ ਜਲਦੀ ਮੰਨ ਲਿਆ ਜਾਵੇ ਅਤੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਤਾਂ ਉਹ ਤੁਹਾਡੇ ਬਹੁਤ ਧੰਨਵਾਦੀ ਹੋਣਗੇ।