ਪੰਜਾਬ ਦੇ ਤਿੰਨ ਅਧਿਆਪਕਾਂ ਨੂੰ ਮਿਲੇਗਾ ਕੌਮੀ ਐਵਾਰਡ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰਨਗੇ ਸਨਮਾਨਿਤ
ਐਵਾਰਡ 'ਚ ਮਿਲੇਗਾ ਸਰਟੀਫ਼ਿਕੇਟ ਆਫ ਮੈਰਿਟ, ਪੰਜਾਹ ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਚਾਂਦੀ ਦਾ ਤਮਗ਼ਾ
ਚੰਡੀਗੜ੍ਹ: ਸਿੱਖਿਆ ਖੇਤਰ ਵਿਚ ਬੇਮਿਸਾਲ ਸੇਵਾਵਾਂ ਨਿਭਾਉਣ ਅਤੇ ਵਡਮੁੱਲਾ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਤਿੰਨ ਅਧਿਆਪਕਾਂ ਨੂੰ ਕੌਮੀ ਐਵਾਰਡ ਲਈ ਚੁਣਿਆ ਗਿਆ ਹੈ।
ਇਹ ਐਵਾਰਡ 5 ਸਤੰਬਰ ਨੂੰ ਕੌਮੀ ਅਧਿਆਪਕ ਦਿਵਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਦਿਤਾ ਜਾਵੇਗਾ। ਚੁਣੇ ਗਏ ਅਧਿਆਪਕਾਂ ਵਿਚ ਪੰਜਾਬ ਦੇ ਹਰਪ੍ਰੀਤ ਸਿੰਘ, ਵੰਦਨਾ ਸ਼ਾਹੀ ਅਤੇ ਅਰੁਣ ਕੁਮਾਰ ਗਰਗ ਸ਼ਾਮਲ ਹਨ।
ਹਰਪ੍ਰੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਬਰਨਾਲਾ 'ਚ ਹੱਡ ਟੀਚਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਜਦਕਿ ਜ਼ਿਲ੍ਹਾ ਮਾਨਸਾ ਸਥਿਤ ਬੁਢਲਾਡਾ ਦੇ ਜੰਮਪਲ ਅਰੁਣ ਕੁਮਾਰ ਗਰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ 'ਚ ਗਣਿਤ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਲੁਧਿਆਣਾ ਦੇ ਦੁੱਗਰੀ ਇਲਾਕੇ ਦੇ ਬੀ.ਸੀ ਐਮ. ਸਕੂਲ ਦੇ ਪ੍ਰਿੰਸੀਪਲ ਵੰਦਨਾ ਸ਼ਾਹੀ ਦੀ ਵੀ ਰਾਸ਼ਟਰੀ ਪੁਰਸਕਾਰ ਲਈ ਚੋਣ ਹੋਈ ਹੈ।
ਦੱਸਣਯੋਗ ਹੈ ਕਿ ਸਿੱਖਿਆ ਮੰਤਰਾਲਾ ਸਖ਼ਤ ਪਾਰਦਰਸ਼ੀ ਅਤੇ ਤਿੰਨ ਪੜਾਅ ਦੀ ਆਨਲਾਈਨ ਪ੍ਰਕਿਰਿਆ ਰਾਹੀਂ ਚੁਣੇ ਗਏ ਦੇਸ਼ ਦੇ ਸਭ ਤੋਂ ਵਧੀਆ ਅਧਿਆਪਕਾਂ ਨੂੰ ਇਹ ਪੁਰਸਕਾਰ ਦੇਣ ਲਈ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਵਿਗਿਆਨ ਭਵਨ 'ਚ ਇਕ ਸਮਾਗਮ ਕਰਵਾਉਂਦਾ ਹੈ। ਇਸ ਐਵਾਰਡ ਵਿਚ ਸਰਟੀਫ਼ਿਕੇਟ ਆਫ ਮੈਰਿਟ, ਪੰਜਾਹ ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਚਾਂਦੀ ਦਾ ਤਮਗ਼ਾ ਦਿਤਾ ਜਾਂਦਾ ਹੈ।